ਜੀਵ ਵਿਕਾਸ ਅਤੇ ਮਨੁੱਖ ਦੀ ਉਤਪਤੀ ਕਰੋੜਾਂ ਸਾਲਾਂ ਦੀ ਪ੍ਰਕਿਰਿਆ ਦਾ ਨਤੀਜਾ – ਰਾਜਪਾਲ ਬਠਿੰਡਾ

  ਬਰਨਾਲਾ       (ਪੱਤਰ ਪ੍ਰੇਰਕ )  ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿੰਨ ਰੋਜ਼ਾ ਦੂਜੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੇ ਦੂਜੇ ਦਿਨ ਪੰਜਾਬ ਦੇ ਨਾਮਵਰ ਵਿਸ਼ਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਜੀਵ ਵਿਕਾਸ ਦਾ ਸਿਧਾਂਤ, ਜ਼ਿੰਦਗੀ ਵਿੱਚ ਕਲਾ ਦਾ ਮਹੱਤਵ, ਮਿਆਰੀ ਸਾਹਿਤ ਪੜ੍ਹਨ ਦੀ ਚੇਟਕ ਅਤੇ ਨਸ਼ਿਆਂ ਤੋਂ ਕਿਵੇਂ ਬਚੀਏ ਆਦਿ ਮਹੱਤਵਪੂਰਨ ਵਿਸ਼ਿਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।
              ਇਸ ਮੌਕੇ ਪਹਿਲੇ ਸੈਸ਼ਨ ਦੇ ਵਿਸ਼ੇਸ਼ ਬੁਲਾਰੇ ਉੱਘੇ ਸਾਹਿਤਕਾਰ ਅਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਬਠਿੰਡਾ ਨੇ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਇਸ ਧਰਤੀ ਉੱਤੇ ਜੀਵ ਵਿਕਾਸ ਕਰੋੜਾਂ ਸਾਲਾਂ ਦੀ ਵਿਗਿਆਨਕ ਅਤੇ ਕੁਦਰਤੀ ਪ੍ਰਕਿਰਿਆ ਦਾ ਨਤੀਜਾ ਹੈ ਅਤੇ ਸਾਰੇ ਹੀ ਜੀਵ ਜੰਤੂ,ਪੌਦੇ ਅਤੇ ਖੁਦ ਮਨੁੱਖ ਵੀ ਜੀਵ ਵਿਕਾਸ ਦੀ ਇਸੇ ਹੀ ਪ੍ਰਕਿਰਿਆ ‘ਚੋ ਹੋਂਦ ਵਿੱਚ ਆਏ ਹਨ। ਉਨ੍ਹਾਂ ਨੇ ਐਨਸੀਈਆਰਟੀ ਦੇ ਸਿਲੇਬਸ ਚੋਂ ਜੀਵ ਵਿਕਾਸ ਦੇ ਸਿਧਾਂਤ ਨੂੰ ਬਾਹਰ ਕੱਢਣ ਅਤੇ ਰੂੜੀਵਾਦੀ ਵਿਸ਼ੇ ਸ਼ਾਮਿਲ ਕਰਨ ਦੀ ਨਿਖੇਧੀ ਕੀਤੀ।
                   ਪ੍ਰਸਿੱਧ ਕਲਾ ਮਾਹਿਰ ਗੁਰਪ੍ਰੀਤ ਆਰਟਿਸਟ ਬਠਿੰਡਾ ਨੇ ਜ਼ਿੰਦਗੀ ਵਿੱਚ ਕਲਾ ਦਾ ਮਹੱਤਵ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕੁੱਝ ਨਵੀਂ ਸਿਰਜਣਾ, ਸੰਵੇਦਨਸ਼ੀਲਤਾ,ਨੈਤਿਕਤਾ ਅਤੇ ਮਨੁੱਖਤਾਪੱਖੀ ਮਾਨਸਿਕਤਾ ਪ੍ਰਫੁੱਲਿਤ ਕਰਨ ਲਈ ਗੀਤ -ਸੰਗੀਤ,ਨਾਟਕ, ਚਿੱਤਰਕਾਰੀ,ਨ੍ਰਿਤ, ਸਾਹਿਤ ਪੜ੍ਹਨ,ਲਿਖਣ ਆਦਿ ਕਲਾ ਦੀਆਂ ਰੁਚੀਆਂ ਵਿਕਸਤ ਕਰਨ ਦੀ ਬੇਹੱਦ ਲੋੜ ਹੈ ਜਿਸ ਲਈ ਉਨ੍ਹਾਂ ਨੂੰ ਵਿਗਿਆਨਕ ਸੋਚ,ਲਗਨ ਅਤੇ ਮਿਹਨਤ ਨਾਲ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਨੇ ਮੌਕੇ ਉੱਤੇ ਚਿੱਤਰਕਾਰੀ ਦੀ ਪੇਸ਼ਕਾਰੀ ਵੀ ਕਰਕੇ ਵਿਖਾਈ।
          ਅਗਲੇ ਸੈਸ਼ਨ ਵਿੱਚ ਤਰਕਸ਼ੀਲ ਆਗੂ ਚੰਨਣ ਵਾਂਦਰ ਅਤੇ ਮਾਸਟਰ ਰਾਜਿੰਦਰ ਭਦੌੜ ਨੇ ਵਿਦਿਆਰਥੀਆਂ ਨੂੰ ਸੰਮੋਹਨ ਨੀਂਦ ਦੀ ਅਮਲੀ ਪ੍ਰਕਿਰਿਆ ਰਾਹੀਂ ਸਿੱਖਿਅਤ ਕਰਦਿਆਂ ਕਿਹਾ ਕਿ ਇਸ ਵਿਧੀ ਰਾਹੀਂ ਡਰ ,ਫੋਬੀਆ,ਮਾਨਸਿਕ ਤਣਾਓ ਅਤੇ ਬੁਰਾਈਆਂ ਉਤੇ ਕਾਬੂ ਪਾਇਆ ਜਾ ਸਕਦਾ ਹੈ ਜਦਕਿ ਕੁਝ ਲੋਕ ਧਰਮ ਦੀ ਆੜ ਹੇਠ ਸੰਮੋਹਨ ਵਿਧੀ ਦਾ ਦੁਰਪ੍ਰਯੋਗ ਕਰਕੇ ਲੋਕਾਂ ਦੀ ਲੁੱਟ ਕਰ ਰਹੇ ਹਨ। ਪ੍ਰਸਿੱਧ ਲੇਖਕ ਦੀਪ ਦਿਲਬਰ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਤੇ ਰਚਨਾਵਾਂ ਲਿਖਣ ਦੇ ਗੁਰ ਦੱਸੇ ਜਦਕਿ ਰਵਿੰਦਰ ਕੌਰ ਨੇ ਮਿਆਰੀ ਸਾਹਿਤ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ।
                 ਸਿਕੰਦਰ ਸਿੰਘ ਢੁੱਡੀਕੇ ਨੇ ਨਸ਼ਿਆਂ ਪਿੱਛੇ ਪ੍ਰਸ਼ਾਸਨਿਕ ,ਆਰਥਿਕ ਅਤੇ ਸਮਾਜਿਕ ਕਾਰਨਾਂ ਨੂੰ ਜ਼ਿੰਮੇਵਾਰ ਦੱਸਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਆਪਣਾ ਧਿਆਨ ਪੜ੍ਹਾਈ ਅਤੇ ਲੋਕ ਪੱਖੀ ਸਭਿਆਚਾਰਕ ਗਤੀਵਿਧੀਆਂ ਤੇ ਕੇਂਦਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਮਾਸਟਰ ਕਰਮਜੀਤ ਸਿੰਘ ਲਲਤੋਂ ਨੇ ਵਿਦਿਆਰਥੀਆਂ ਨੂੰ ਹਥਿਆਰਾਂ, ਨਸ਼ਿਆਂ ਅਤੇ ਅਸ਼ਲੀਲਤਾ ਬਾਰੇ ਲੱਚਰ ਗੀਤ ਸੰਗੀਤ ਦੀ ਥਾਂ ਉਸਾਰੂ ਅਤੇ ਇਨਕਲਾਬੀ ਗੀਤ ਸੰਗੀਤ ਨਾਲ ਜੁੜਨ ਲਈ ਉਤਸਾਹਿਤ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਹੋਈ ਉਸਾਰੂ ਗਰੁੱਪ ਚਰਚਾ ਵਿੱਚ ਵੀ ਭਾਗ ਲਿਆ।
              ਇਸਦੇ ਇਲਾਵਾ ਤਰਕਸ਼ੀਲ ਆਗੂ ਰਾਮ ਕੁਮਾਰ ਪਟਿਆਲਾ ਅਤੇ ਬਿੰਦਰ ਧਨੌਲਾ ਨੇ ਹੱਥ ਦੀ ਸਫਾਈ ਦੇ ਟਰਿੱਕ ਵਿਖਾ ਕੇ ਵਿਦਿਆਰਥੀਆਂ ਨੂੰ ਪਾਖੰਡੀ ਬਾਬਿਆਂ, ਸਾਧਾਂ ਅਤੇ ਜੋਤਸ਼ੀਆਂ ਦੇ ਝਾਂਸੇ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ, ਗੁਰਪ੍ਰੀਤ ਸ਼ਹਿਣਾ,ਰਾਮ ਸਵਰਨ ਲੱਖੇਵਾਲੀ,ਸੁਖਵਿੰਦਰ ਬਾਗਪੁਰ,ਜਸਵੰਤ ਮੋਹਾਲੀ, ਸੁਰਜੀਤ ਟਿੱਬਾ, ਸੁਮੀਤ ਅੰਮ੍ਰਿਤਸਰ,ਕੁਲਜੀਤ ਡੰਗਰਖੇੜਾ, ਮੋਹਨ ਬਡਲਾ ਤੋਂ ਇਲਾਵਾ ਜੋਨ ਆਗੂ ਸੰਦੀਪ ਧਾਰੀਵਾਲ ਭੋਜਾਂ,ਕੁਲਵੰਤ ਕੌਰ ਪਟਿਆਲਾ,ਬੂਟਾ ਸਿੰਘ ਵਾਕਫ਼,ਅਸ਼ੋਕ ਕੁਮਾਰ ਰੋਪੜ, ਕੁਲਦੀਪ ਨੇਨੇਵਾਲ, ਅਵਤਾਰ ਬਰਨਾਲਾ,ਗਿਆਨ ਸਿੰਘ ਬਠਿੰਡਾ ਅਤੇ ਵਿਸ਼ਵਕਾਂਤ ਸੁਨਾਮ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin