ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਰਾਘਵ ਅਰੋੜਾ
ਅੰਮ੍ਰਿਤਸਰ////////////ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸੰਚਾਲਕ ਜੀਵਨ ਫ਼ੌਜੀ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਅਤੇ ਜ਼ਬਰੀ ਵਸੂਲੀ ਮਾਡਿਊਲ ਦੇ ਸਫ਼ਲਤਾਪੂਰਵਕ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ਦੇ ਕਾਰਜਪ੍ਰੀਤ ਸਿੰਘ ਉਰਫ਼ ਕਾਰਜ (23) ਅਤੇ ਜ਼ਿਲ੍ਹਾ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਦੇ ਗੁਰਲਾਲ ਸਿੰਘ ਉਰਫ਼ ਹਰਮਨ (23) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ .30 ਬੋਰ ਦੇ ਪਿਸਤੌਲ ਸਮੇਤ ਇੱਕ ਜ਼ਿੰਦਾ ਕਾਰਤੂਸ ਬਰਾਮਦ ਕਰਨ ਤੋਂ ਇਲਾਵਾ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੀਵਨ ਫ਼ੌਜੀ, ਇੱਕ ਸਰਗਰਮ ਬੀਕੇਆਈ ਮੈਂਬਰ ਹੈ। ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਜ਼ਬਰੀ ਵਸੂਲੀ ਦਾ ਰੈਕੇਟ ਚਲਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੀਵਨ ਫ਼ੌਜੀ ਨੇ ਕਾਰਜਪ੍ਰੀਤ ਅਤੇ ਗੁਰਲਾਲ ਨੂੰ .30 ਬੋਰ ਦਾ ਪਿਸਤੌਲ ਮੁਹੱਈਆ ਕਰਵਾਇਆ ਸੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਖੇਤਰ ਵਿੱਚ ਇੱਕ ਫਰਨੀਚਰ ਦੀ ਦੁਕਾਨ ‘ਤੇ ਗੋਲੀਬਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਗੋਲੀਬਾਰੀ ਜ਼ਬਰੀ ਵਸੂਲੀ ਦੀ ਕੋਸ਼ਿਸ਼ ਦਾ ਹਿੱਸਾ ਸੀ, ਜਿਸ ਵਿੱਚ ਜੀਵਨ ਫ਼ੌਜੀ ਨੇ ਕੈਨੇਡਾ ਸਥਿਤ ਦੁਕਾਨ ਮਾਲਕ ਦੇ ਰਿਸ਼ਤੇਦਾਰ ਤੋਂ ਫ਼ਿਰੌਤੀ ਦੀ ਮੰਗ ਕੀਤੀ ਸੀ।
ਡੀਜੀਪੀ ਨੇ ਦੱਸਿਆ ਕਿ ਇਸ ਅੱਤਵਾਦੀ ਨੈੱਟਵਰਕ ਦਾ ਮੁਕੰਮਲ ਤੌਰ ‘ਤੇ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਵਾਸਤੇ ਹੋਰ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਚਲਾਏ ਆਪਰੇਸ਼ਨ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਜ਼ਿਲ੍ਹਾ ਤਰਨ ਤਾਰਨ ਅਤੇ ਫਾਜ਼ਿਲਕਾ ਦੇ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆਂ ਕਿ ਸੁਲਤਾਨਵਿੰਡ ਇਲਾਕੇ ਵਿੱਚ ਫਾਲੋ-ਅੱਪ ਰਿਕਵਰੀ ਆਪਰੇਸ਼ਨ ਦੌਰਾਨ, ਦੋਸ਼ੀ ਗੁਰਲਾਲ ਸਿੰਘ ਨੇ ਛੁਪਾਇਆ ਹੋਇਆ ਹਥਿਆਰ ਬਰਾਮਦ ਕੀਤਾ ਅਤੇ ਪੁਲਿਸ ਪਾਰਟੀ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਸਵੈ-ਰੱਖਿਆ ਵੱਜੋਂ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜ਼ੇ ਵੱਜੋਂ ਗੁਰਲਾਲ ਦੀ ਖੱਬੀ ਲੱਤ ਵਿੱਚ ਗੋਲੀ ਲੱਗ ਗਈ। ਉਨ੍ਹਾਂ ਕਿਹਾ ਕਿ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਸੀਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਜੀਵਨ ਫ਼ੌਜੀ ਦੇ ਇਸ਼ਾਰਿਆਂ ‘ਤੇ ਸਥਾਨਕ ਲੋਕਾਂ ਨੂੰ ਡਰਾਉਣ ਅਤੇ ਜ਼ਬਰੀ ਪੈਸੇ ਵਸੂਲਣ ਦਾ ਕੰਮ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਹੋਰ ਸਬੰਧਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਸਬੰਧੀ ਐਫਆਈਆਰ ਨੰਬਰ 88 ਮਿਤੀ 17-5-2025 ਨੂੰ ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 109, 324(4) ਅਤੇ 3(5) ਅਤੇ ਅਸਲਾ ਐਕਟ ਦੀਆਂ 25 ਅਤੇ 27 ਤਹਿਤ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।
Leave a Reply