ਲੁਧਿਆਣਾ( ਜਸਟਿਸ ਨਿਊਜ਼ ) ਰਾਸ਼ਟਰੀ ਏਕਤਾ ਨੂੰ ਪ੍ਰਫੁੱਲਤ ਕਰਨ ਅਤੇ ਸਰਹੱਦੀ ਪਿੰਡਾਂ ਵਿੱਚ ਜੀਵਨ ਢੰਗ ਨੂੰ ਸਮਝਣ ਲਈ ਇੱਕ ਉਤਸ਼ਾਹੀ ਪਹਿਲਕਦਮੀ ਵੱਜੋਂ , ਐਨਸੀਸੀ ਗਰੁੱਪ ਲੁਧਿਆਣਾ ਅਧੀਨ 13 ਪੰਜਾਬ ਬਟਾਲੀਅਨ ਐਨਸੀਸੀ ਦੇ ਲਗਭਗ 70 ਐਨਸੀਸੀ ਕੈਡਿਟਾਂ ਅਤੇ ਇੰਸਟ੍ਰਕਸ਼ਨਲ ਸਟਾਫ ਨੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ-2 ਦੇ ਹਿੱਸੇ ਵਜੋਂ ਸਰਹੱਦੀ ਪਿੰਡ ਹੁਸੈਨੀਵਾਲਾ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਇਨ੍ਹਾਂ ਪਿੰਡਾਂ ਦੀ ਆਬਾਦੀ ਨੂੰ ਦੇਸ਼ ਨਾਲ ਜੋੜਨਾ, ਸਰਹੱਦੀ ਪਿੰਡਾਂ ਵਿੱਚ ਖੁਸ਼ਹਾਲੀ ਯਕੀਨੀ ਬਣਾਉਣਾ ਅਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਦੌਰੇ ਦਾ ਉਦੇਸ਼ ਸਰਹੱਦੀ ਪਿੰਡਾਂ ਦੇ ਭਾਈਚਾਰਿਆਂ ਅਤੇ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨਾਲ ਸਿੱਧੀ ਸ਼ਮੂਲੀਅਤ ਰਾਹੀਂ ਨੌਜਵਾਨ ਐਨਸੀਸੀ ਕੈਡਿਟਾਂ ਨੂੰ ਦੇਸ਼ ਭਗਤੀ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਵੀ ਸੀ। ਦੌਰੇ ਦੇ ਹਿੱਸੇ ਵਜੋਂ ਕੈਡਿਟਾਂ ਨੇ ਹੁਸੈਨੀਵਾਲਾ ਵਿਖੇ ਰਾਸ਼ਟਰੀ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ ਜੋ ਸਾਡੇ ਤਿੰਨ ਕੌਮੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਅਦੁੱਤੀ ਇਨਕਲਾਬੀ ਭਾਵਨਾ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਮਾਤ ਭੂਮੀ ਲਈ ਮੁਸਕਰਾਉਂਦੇ ਹੋਏ ਸ਼ਹਾਦਤ ਦਿੱਤੀ।
ਫਿਰ ਕੈਡਿਟਾਂ ਨੇ ਬਾਰਡਰ ਚੈੱਕ ਪੋਸਟ ‘ਤੇ ਸੈਨਿਕਾਂ ਨਾਲ ਗੱਲਬਾਤ ਕੀਤੀ ਤਾਂ ਜੋ ਸਾਡੀਆਂ ਸਰਹੱਦਾਂ ਦੀ ਰਾਖੀ ਲਈ ਰੋਜ਼ਾਨਾ ਦੇ ਅਧਾਰ ‘ਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਿਆ ਜਾ ਸਕੇ । ਕੈਡਿਟਾਂ ਨੇ ਸੈਨਿਕਾਂ ਦੇ ਸਖ਼ਤ ਰੁਟੀਨ ਦੀ ਸ਼ਲਾਘਾ ਕੀਤੀ। ਕੈਡਿਟਾਂ ਨੇ ਗੱਟੀ ਰਾਜੋਕੇ ਵਿਖੇ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਸਕੂਲ ਦਾ ਵੀ ਦੌਰਾ ਕੀਤਾ ਅਤੇ ਯੂਥ ਨੈਟਵਰਕ ਦੀ ਸਥਾਪਨਾ ਅਤੇ ਮਜ਼ਬੂਤੀ ਲਈ ਸਥਾਨਕ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਦੌਰੇ ਦੀ ਸਮਾਪਤੀ ਮੌਕੇ ਇੱਕ ਦੋਸਤਾਨਾ ਕਬੱਡੀ ਮੈਚ ਦਾ ਆਯੋਜਨ ਵੀ ਕੈਡਿਟਾਂ ਅਤੇ ਸਥਾਨਕ ਲੋਕਾਂ ਦੀ ਉਤਸ਼ਾਹੀ ਭਾਗੀਦਾਰੀ ਨਾਲ ਕੀਤਾ ਗਿਆ ਤਾਂ ਜੋ ਨਸ਼ਿਆਂ ਦੀ ਦੁਰਵਰਤੋਂ ਦੀ ਸੰਭਾਵਨਾ ਨੂੰ ਘਟਾਉਣ ਲਈ ਸਰੀਰਕ ਤੰਦਰੁਸਤੀ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
13 ਪੰਜਾਬ ਬਟਾਲੀਅਨ NCC ਦੇ ਕੈਡਿਟਾਂ ਲਈ, ਹੁਸੈਨੀਵਾਲਾ ਸਰਹੱਦੀ ਪਿੰਡ ਦਾ ਇਹ ਦੌਰਾ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਅਤੇ Viksit Bharat@2047 ਦੇ ਵਿਜ਼ਨ ਨੂੰ ਪ੍ਰਾਪਤ ਕਰਨ ਪ੍ਰਤੀ ਉਨ੍ਹਾਂ ਦੇ ਸਮਰਪਣ ਦਾ ਪ੍ਰਮਾਣ ਹੈ।
Leave a Reply