ਹਰਿਆਣਵੀਂ ਪੰਜਾਬੀ ਸਾਹਿਤ: ਚਿੰਤਾਵਾਂ ਤੇ ਚੁਣੌਤੀਆਂ

ਹਰਿਆਣਵੀਂ ਪੰਜਾਬੀ ਸਾਹਿਤ: ਚਿੰਤਾਵਾਂ ਤੇ ਚੁਣੌਤੀਆਂ

ਡਾ. ਨਿਸ਼ਾਨ ਸਿੰਘ ਰਾਠੌਰ

ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ। ਕਿਸੇ ਵੀ ਸਮਾਜ ਦੀ ਸਹੀ ਅਤੇ ਦਰੁੱਸਤ ਜਾਣਕਾਰੀ ਪ੍ਰਾਪਤ ਕਰਨ ਲਈ ਸਾਹਿਤ ਹੀ ਸਭ ਤੋਂ ਉੱਤਮ ਅਤੇ ਕਾਰਗਰ ਮਾਧਿਅਮ ਮੰਨਿਆ ਜਾਂਦਾ ਹੈ। ਸਾਹਿਤ ਅਤੇ ਮਨੁੱਖ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਹ ਇਕ- ਦੂਜੇ ਦੇ ਪੂਰਕ ਕਹੇ ਜਾਂਦੇ ਹਨ ਕਿਉਂਕਿ ਸਾਹਿਤ ਦਾ ਇਤਿਹਾਸ ਉੰਨਾ ਹੀ ਪੁਰਾਣਾ ਹੈ ਜਿੰਨਾ ਕਿ ਮਨੁੱਖਤਾ ਦਾ। ਮਨੁੱਖ ਦੇ ਸੱਭਿਅਕ ਹੋਣ ਦੇ ਨਾਲ ਹੀ ਸਾਹਿਤ ਦੀ ਆਰੰਭਤਾ ਹੋ ਗਈ। ਫੇਰ ਜਿਵੇਂ- ਜਿਵੇਂ ਮਨੁੱਖਤਾ ਨੇ ਵਿਕਾਸ ਕੀਤਾ ਉਵੇਂ- ਉਵੇਂ ਸਾਹਿਤ ਵੀ ਆਪਣੇ ਅੰਦਰ ਤਬਦੀਲੀਆਂ ਸਵੀਕਾਰ ਕਰਦਾ ਰਿਹਾ। ਖ਼ੈਰ! ਇਹ ਵੱਖਰਾ ਅਤੇ ਵਿਸ਼ਾਲ ਵਿਸ਼ਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਸੰਖੇਪ ਚਰਚਾ ਕਰਨਾ ਹੈ। ਇਸ ਲਈ ਕਿਸੇ ਹੋਰ ਵਿਸ਼ੇ ‘ਤੇ ਵਿਚਾਰ- ਚਰਚਾ ਕਰਨਾ ਲੇਖ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੋਵੇਗੀ।

ਪੰਜਾਬ ਨਾਲੋਂ ਸਿਆਸੀ ਰੂਪ ਵਿਚ ਇੱਕ ਨਵੰਬਰ 1966 ਨੂੰ ਵੱਖ ਹੋਏ ਸੂਬੇ ਹਰਿਆਣੇ ਵਿਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿਚ ਰਹਿੰਦਾ ਹੈ। ਹਰਿਆਣੇ ਦੀ ਸਿਆਸਤ ਵਿਚ ਪੰਜਾਬੀਆਂ ਦਾ ਦਖ਼ਲ ਵੀ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦਾ ਹੈ। ਪਰ! ਸਾਹਿਤਕ ਖ਼ੇਤਰ ਵਿਚ ਹਰਿਆਣੇ ਦੇ ਪੰਜਾਬੀਆਂ ਦੀ ਰੁਚੀ/ ਇੱਛਾ ਨਾਮਾਤਰ ਹੀ ਦੇਖਣ ਨੂੰ ਮਿਲਦੀ ਹੈ। ਇਸ ਰੁਝਾਨ ਨਾਲ ਜਿੱਥੇ ਸਾਹਿਤ ਸਰਗਰਮੀਆਂ ਪ੍ਰਭਾਵਿਤ ਹੁੰਦੀਆਂ ਹਨ ਉੱਥੇ ਹੀ ਨਵੇਂ ਲੋਕ (ਪਾਠਕ ਤੇ ਲੇਖਕ) ਸਾਹਿਤ ਨਾਲ ਨਹੀਂ ਜੁੜਦੇ। ਸਾਹਿਤ ਸਿਰਜਣਾ ਦਾ ਖ਼ੇਤਰ ਸੁੰਨਾ ਨਜ਼ਰ ਆਉਂਦਾ ਹੈ ਤੇ ਪੰਜਾਬੀ ਪਾਠਕਾਂ ਦੀ ਘਾਟ ਲੇਖਕਾਂ- ਸਾਹਿਤਕਾਰਾਂ- ਪ੍ਰਕਾਸ਼ਕਾਂ ਨੂੰ ਹਮੇਸ਼ਾ ਰੜਕਦੀ ਰਹਿੰਦੀ ਹੈ। ਖ਼ੈਰ!

ਪਿਛਲੇ ਤਕਰੀਬਨ ਦੋ ਦਹਾਕਿਆਂ ਦੇ ਹਰਿਆਣੇ ਦੇ ਪੰਜਾਬੀ ਸਾਹਿਤ ਉੱਪਰ ਜੇਕਰ ਝਾਤ ਪਾਈ ਜਾਵੇ ਤਾਂ ਹਾਲਾਤ ਬਹੁਤੇ ਤਸੱਲੀਬਖ਼ਸ਼ ਨਹੀਂ ਕਹੇ ਜਾ ਸਕਦੇ। ਅਸਲ ਵਿਚ ਹਰਿਆਣੇ ਦੇ ਬਹੁਤੇ ਪੰਜਾਬੀ (ਉਹ ਚਾਹੇ ਲੇਖਕ ਹੋਣ ਤੇ ਚਾਹੇ ਸਿਆਸਤਦਾਨ) ਦੁਚਿੱਤੀ ਦਾ ਸ਼ਿਕਾਰ ਹੋਏ ਜਾਪਦੇ ਹਨ। ਉਹ ਨਾ ਤਾਂ ਖੱਲ੍ਹ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਵਿਚਾਰ (ਮੋਹ) ਪ੍ਰਗਟ ਕਰਦੇ ਹਨ ਅਤੇ ਨਾ ਹੀ ਹਰਿਆਣਵੀਂ ਜ਼ੁਬਾਨ (ਸਾਹਿਤ ਅਤੇ ਸੱਭਿਆਚਾਰ) ਨੂੰ ਸਵੀਕਾਰ ਕਰ ਪਾਉਂਦੇ ਹਨ। ਇਹ ਹਰਿਆਣਵੀਂ ਪੰਜਾਬੀ (ਲੇਖਕ ਤੇ ਸਿਆਸਤਦਾਨ) ਦੋ ਸੱਭਿਆਚਾਰਾਂ ਦੇ ਦਵੰਦ ਵਿਚ ਫਸੇ ਹੋਏ ਮਹਿਸੂਸ ਕੀਤੇ ਜਾ ਸਕਦੇ ਹਨ। ਜਿਸ ਤਰ੍ਹਾਂ ਪਰਵਾਸੀ ਸਾਹਿਤ ਦੇ ਖੇਤਰ ਵਿਚ ਪਰਵਾਸੀ ਲੇਖਕ- ਸਾਹਿਤਕਾਰ ਨਾ ਤਾਂ ਆਪਣੇ ਮੂਲ (ਪੰਜਾਬ) ਨਾਲੋਂ ਟੁੱਟ ਪਾਉਂਦੇ ਹਨ ਅਤੇ ਨਾ ਹੀ ਉੱਥੋਂ ਦੇ ਲੋਕਲ ਪ੍ਰਭਾਵਾਂ ਨੂੰ ਦਿਲੋਂ ਕਬੂਲ ਕਰ ਪਾਉਂਦੇ ਹਨ ਜਿੱਥੋਂ ਦੇ ਉਹ ਵਸਨੀਕ ਹੋ ਚੁਕੇ ਹੁੰਦੇ ਹਨ। ਇਸੇ ਲਈ ਬਹੁਤੇ ਪਰਵਾਸੀ ਪੰਜਾਬੀ ਲੇਖਕ ਭੂ-ਹੇਰਵੇ ਨਾਲ ਸੰਬੰਧਤ ਸਿਰਜਣਾ ਤੋਂ ਮੁਕਤ ਨਹੀਂ ਹੋ ਪਾਉਂਦੇ। ਹਰਿਆਣੇ ਦੇ ਪੰਜਾਬੀ ਵੀ ਇਸੇ ਦੁਚਿੱਤੀ ਦਾ ਸ਼ਿਕਾਰ ਜਾਪਦੇ ਹਨ।

ਹਰਿਆਣੇ ਦੀਆਂ ਯੂਨੀਵਰਸਿਟੀਆਂ ਵਿਚੋਂ ਵੱਡੀਆਂ ਡਿਗਰੀਆਂ (ਪੀ-ਐੱਚ. ਡੀ) ਤੱਕ ਦੀ ਪੜ੍ਹਾਈ ਕਰਕੇ ਵੀ ਹਰਿਆਣੇ ਦੇ ਪੰਜਾਬੀ (ਲੇਖਕ ਤੇ ਵਿਦਿਆਰਥੀ) ਸਾਹਿਤ ਨਾਲ ਆਪਣੇ ਸੰਬੰਧ ਨੂੰ ਗੂੜ੍ਹਾ ਨਹੀਂ ਕਰ ਪਾਉਂਦੇ। ਹਾਂ, ਕਵਿਤਾ- ਕਹਾਣੀ ਅਤੇ ਨਾਵਲ- ਨਾਟਕਾਂ ਤੱਕ ਦੀ ਸਿਰਜਣਾ ਤੇ ਪ੍ਰਕਾਸ਼ਨਾ ਨੂੰ ਦੇਖਿਆ ਜਾਵੇ ਤਾਂ ਕੁਝ ਹੱਦ ਤੱਕ ਕੰਮ ਹੋ ਰਹੇ ਹਨ। ਪਰ! ਖੋਜ- ਕਾਰਜਾਂ ਦੇ ਸੰਬੰਧ ਵਿਚ ਕੋਈ ਬਹੁਤੀ ਤਸੱਲੀਬਖ਼ਸ਼ ਗੱਲ ਨਜ਼ਰੀਂ ਨਹੀਂ ਪੈਂਦੀ।

ਹਰਿਆਣੇ ਦੇ ਪੰਜਾਬੀ ਸਾਹਿਤ ਸਾਹਮਣੇ ਇਸ ਸਮੇਂ ਵੱਡੀ ਚੁਣੌਤੀ ਇਹ ਹੈ ਕਿ ਉਹ ‘ਮੁੱਖਧਾਰਾ ਦੇ ਪੰਜਾਬੀ ਸਾਹਿਤ’ ਵਿਚ ਆਪਣੀ ਹਾਜ਼ਰੀ ਭਰਵੇਂ ਢੰਗ ਨਾਲ ਲਵਾ ਸਕੇ। ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਹਰਿਆਣੇ ਤੱਕ ਹੀ ਪੜ੍ਹਿਆ ਜਾਣਾ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਕਹੀ ਜਾ ਸਕਦੀ। ਜਦੋਂ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿਚ ਪੜ੍ਹਿਆ ਤੇ ਸਵੀਕਾਰ ਕੀਤਾ ਜਾਵੇਗਾ ਤਾਂ ਇਸ ਨੂੰ ਉਹ ਰੁਤਬਾ ਹਾਸਿਲ ਹੋ ਜਾਵੇਗਾ ਜਿਸਦੀ ਉਮੀਦ ਹਰਿਆਣੇ ਦੇ ਪੰਜਾਬੀ (ਲੇਖਕ ਅਤੇ ਪਾਠਕ) ਅਮੁਮਨ ਕਰਦੇ ਰਹਿੰਦੇ ਹਨ ਅਤੇ ਇਸ ਬਾਰੇ ਚਿੰਤਾ ਵੀ ਜ਼ਾਹਰ ਕਰਦੇ ਰਹਿੰਦੇ ਹਨ। ਪਰ! ਬਦਕਿਸਮਤੀ ਇਸ ਕਾਰਜ ਲਈ ਕਿੱਧਰੇ ਕੋਈ ਸਾਰਥਕ ਯਤਨ ਨਹੀਂ ਕੀਤੇ ਜਾ ਰਹੇ।

ਯਕੀਨਨ, ਇਸ ਜਗ੍ਹਾ ’ਤੇ ਪਹੁੰਚਣ ਲਈ ਹਰਿਆਣੇ ਦੇ ਪੰਜਾਬੀ- ਪਿਆਰਿਆਂ ਨੂੰ ਆਪਣੇ ਖੋਜ- ਕਾਰਜਾਂ ਦੇ ਪੱਧਰ ਨੂੰ ਵਧਾਉਣਾ ਪਵੇਗਾ ਤੇ ਖੋਜ- ਵਿਦਿਆਰਥੀਆਂ ਨੂੰ ਵਧੀਆ ਮਾਹੌਲ ਤੇ ਬਿਹਤਰ ਸਹੂਲਤਾਂ ਦੇਣੀਆਂ ਪੈਣਗੀਆਂ। ਉਹ ਚਾਹੇ ਸਾਹਿਤਕ ਪੱਧਰ ਉੱਪਰ ਖੋਜਾਰਥੀਆਂ ਦਾ ਮਾਰਗ- ਦਰਸ਼ਨ ਹੋਵੇ ਅਤੇ ਚਾਹੇ ਸਿਆਸੀ ਪੱਧਰ ਉੱਪਰ ਲੋੜੀਂਦੇ ਯਤਨ ਹੋਣ। ਹਰਿਆਣੇ ਦੀਆਂ ਯੂਨੀਵਰਸਿਟੀਆਂ ਵਿਚ ਮੌਲਿਕ ਖੋਜ- ਕਾਰਜਾਂ ਨੂੰ ਵਧਾਇਆ ਜਾਣਾ ਚਾਹੀਦਾ ਹੈ। ਜਿਵੇਂ ਕਿ ਉੱਪਰ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਰਿਆਣੇ ਦੇ ਪਿਛਲੇ ਦੋ ਦਹਾਕਿਆਂ ਦੇ ਪੰਜਾਬੀ ਸਾਹਿਤ ਉੱਪਰ ਜੇਕਰ ਝਾਤ ਪਾਈ ਜਾਵੇ ਤਾਂ ਇੱਥੋਂ ਦੇ ਪੰਜਾਬੀ (ਲੇਖਕ ਤੇ ਵਿਦਿਆਰਥੀ) ਕੇਵਲ ਡਿਗਰੀਆਂ ਪ੍ਰਾਪਤ ਕਰਨ ਤੱਕ ਖੋਜ- ਕਾਰਜਾਂ ਨਾਲ ਜੁੜੇ ਰਹਿੰਦੇ ਹਨ। ਡਿਗਰੀ ਜਾਂ ਨੌਕਰੀ ਮਿਲਣ ਉਪਰੰਤ ਖੋਜ- ਕਾਰਜਾਂ, ਰਿਸਰਚ ਪੇਪਰਾਂ, ਪੁਸਤਕ ਪ੍ਰਕਾਸ਼ਨਾ ਉੱਪਰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸ ਨਾਲ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਗੰਭੀਰਤਾ ਅਤੇ ਮੌਲਿਕਤਾ ਦਾ ਘਾਟਾ ਦੇਖਣ- ਪੜ੍ਹਨ ਨੂੰ ਮਿਲਦਾ ਹੈ।

ਇੱਥੇ ਖ਼ਾਸ ਗੱਲ ਇਹ ਹੈ ਕਿ ਇਕੱਲੇ ਕਵਿਤਾ- ਕਹਾਣੀ ਤੇ ਨਾਵਲ- ਨਾਟਕ ਦੀ ਪ੍ਰਕਾਸ਼ਨਾ ਦੇ ਆਧਾਰ ’ਤੇ ਹੀ ਸਾਹਿਤ ਦੀਆਂ ਜੜਾਂ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਹੇਠਲੇ ਪੱਧਰ ਤੋਂ ਸਾਹਿਤ- ਸਿਰਜਣਾ ਅਤੇ ਸਾਹਿਤ- ਸੰਭਾਲ ਦੇ ਸਾਰਥਕ ਯਤਨ ਨਹੀਂ ਕੀਤੇ ਜਾਂਦੇ। ਹਰਿਆਣੇ ਦੇ ਪੰਜਾਬੀਆਂ ਨੂੰ ਆਪਣੇ ਇਤਿਹਾਸ (ਖ਼ਾਸ ਕਰਕੇ ਹਰਿਆਣੇ) ਦੇ ਪੰਜਾਬੀ ਇਤਿਹਾਸ ਨੂੰ ਆਪਣੇ (ਖੋਜ- ਕਾਰਜਾਂ) ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਕੇਵਲ ਮੁੱਖਧਾਰਾ ਦੇ ਪੰਜਾਬੀ ਸਾਹਿਤ ਦੀ ਪੜ੍ਹਚੋਲ ਅਤੇ ਅਧਿਐਨ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਆਪਣਾ ਮੌਲਿਕ ਕੁਝ ਵੀ ਪ੍ਰਾਪਤ ਨਹੀਂ ਹੋਣਾ। ਜਦੋਂ ਤੱਕ ਹਰਿਆਣੇ ਦੇ ਪੰਜਾਬੀ ਇਸ ਗੱਲ ਨੂੰ ਨਹੀਂ ਸਮਝਦੇ ਉੰਨਾ ਚਿਰ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿਚ ਬਣਦਾ ਰੁਤਬਾ ਪ੍ਰਾਪਤ ਨਹੀਂ ਹੋ ਸਕਦਾ।

ਹਰਿਆਣੇ ਦੀਆਂ ਯੂਨੀਵਰਸਿਟੀਆਂ ਵਿਚ ਹਰਿਆਣੇ ਦੇ ਪੰਜਾਬੀ ਲੇਖਕਾਂ ਅਤੇ ਉਹਨਾਂ ਦੀਆਂ ਮੌਲਿਕ ਕਿਰਤਾਂ ਨੂੰ ਵਿਚਾਰ- ਚਰਚਾ ਅਤੇ ਖੋਜ- ਕਾਰਜਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਸਕੂਲੀ ਪੱਧਰ ਦੀ ਸਿੱਖਿਆ ਉੱਪਰ ਵੀ ਹਰਿਆਣਵੀਂ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਨੂੰ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਮੁੱਢ ਤੋਂ ਹੀ ਹਰਿਆਣੇ ਦੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਇਤਿਹਾਸ ਬਾਰੇ ਸਟੀਕ ਜਾਣਕਾਰੀ ਪ੍ਰਾਪਤ ਹੋ ਸਕੇ। ਇਸ ਨਾਲ ਵਿਦਿਆਰਥੀਆਂ ਵਿਚ ਖੋਜ- ਕਾਰਜਾਂ ਪ੍ਰਤੀ ਰੁਚੀ ਵੱਧੇਗੀ ਅਤੇ ਅੱਗੇ ਚੱਲ ਕੇ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਸਾਰਥਕ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜੇਕਰ ਹਰਿਆਣੇ ਦੇ ਸਕੂਲਾਂ- ਕਾਲਜਾਂ- ਯੂਨੀਵਰਸਿਟੀਆਂ ਵਿਚ ਮੁੱਖਧਾਰਾ ਦਾ ਪੰਜਾਬੀ ਸਾਹਿਤ ਹੀ ਪੜ੍ਹਾਇਆ ਜਾਂਦਾ ਰਿਹਾ ਤਾਂ ਫੇਰ ਹਰਿਆਣੇ ਦੇ ਮੌਲਿਕ ਸਾਹਿਤ ਦੀ ਵੁਕੱਤ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ? ਇਸ ਲਈ ਹਰਿਆਣੇ ਦੇ ਸਕੂਲਾਂ- ਕਾਲਜਾਂ- ਯੂਨੀਵਰਸਿਟੀਆਂ ਵਿਚ ਹਰਿਆਣੇ ਦੇ ਮੌਲਿਕ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਨੂੰ ਖੋਜ- ਕਾਰਜਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਜਿੱਥੇ ਸਮਾਜਕ ਪੱਧਰ ਉੱਪਰ ਸੁਚੇਤ ਹੋਣ ਦੀ ਲੋੜ ਹੈ ਉੱਥੇ ਹੀ ਸਿਆਸੀ ਪੱਧਰ ਉੱਪਰ ਵੀ ਜਾਗਰੂਕਤਾ ਲਾਜ਼ਮੀ ਹੈ। ਹਰਿਆਣੇ ਦੇ ਪੰਜਾਬੀਆਂ ਨੂੰ ਇਸ ਵਿਸ਼ੇ ਬਾਰੇ ਡੂੰਘਾਈ ਨਾਲ ਵਿਚਾਰ- ਚਰਚਾ ਕਰਨੀ ਚਾਹੀਦੀ ਹੈ।

  • ••

#1054/1 ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।

Leave a Reply

Your email address will not be published.


*