ਲੰਬੇ ਸਫ਼ਰ ਦਾ ਪਾਂਧੀ,ਕਲਾ ਕਿਤਾਬ ਮੇਲਾ ਮਾਨਸਾ
ਮਾਨਸਾ ਦਾ ਇਲਾਕਾ ਭਾਵੇ ਰੇਤਲਾ ਮੰਨਿਆ ਜਾਂਦਾ ਹੈ ਪਰ ਇੱਥੋਂ ਦੀ ਮਿੱਟੀ ਬੜੀ ਜਰਖੇਜ਼ ਹੈ। ਇਸ ਵਿੱਚ ਵੀਰ, ਯੋਧੇ ਭਗਤ , ਕਵੀਸ਼ਰੀ ਗਵੱਈਏ , ਕਹਾਣੀਕਾਰ ਨਾਟਕਕਾਰ, ਦੇਸ਼ਭਗਤ ਪੈਦਾ ਹੋਏ ਹਨ। ਉਹਨਾਂ ਨੇ ਨਾ ਸਿਰਫ ਆਪਣੇ ਹਿੱਸੇ ਦਾ ਕਾਰਜ ਕੀਤਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਾਹ ਦਸੇਰੇ ਬਣੇ। ਇਹੋ ਜਿਹਾ ਹੀ ਇੱਕ ਸੁਫਨਾ ਲਗਭਗ ਤੀਹ ਸਾਲ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਧੁਰ ਵਸਦੇ ਕਸਬੇ ਬੋਹਾ ਵਿੱਚ ਡਾ ਕੁਲਦੀਪ ਦੀਪ ਨੇ ਲਿਆ ,ਜੋ ਕਿ ਕਿਸੇ ਜਾਣ ਪਛਾਣ ਦੇ ਮੁਥਾਜ ਨਹੀ ਹਨ ।ਸਾਹਿਤਕ ਖੇਤਰ ਵਿੱਚ ਨਾਟਕ ,ਕਵਿਤਾ, ਵਾਰਤਕ ਵਿੱਚ ਉਹਨਾਂ ਨੇ ਵੱਡਾ ਕਾਰਜ਼ ਕੀਤਾ ਹੈ। ਉਹ ਇਸ ਮੇਲੇ ਦੇ ਮੁੱਢ ਤੋਂ ਲੈਕੇ ਮੌਜੂਦਾ ਸਮੇਂ ਤੱਕ ਮੁੱਖ ਸੂਤਰਧਾਰ ਦਾ ਰੋਲ ਨਿਭਾ ਰਹੇ ਹਨ। ਉਹ ਜ਼ਿੰਦਗੀ ਦੇ ਅਣਥੱਕ ਰਾਹੀ ਹਨ ।ਜੋਂ ਆਪਣੇ ਦਿਨ ਰਾਤ ਇੱਕ ਕਰ ਦਿੰਦੇ ਹਨ।ਜੇਕਰ ਇਤਿਹਾਸਕ ਪੱਖ ਦੇਖੀਏ ਤਾਂ ਤਿੰਨ ਦਹਾਕੇ ਪਹਿਲਾਂ ਮਾਨਸਾ ਦੇ ਬੋਹਾ ਇਲਾਕੇ ਵਿੱਚ ਇੱਕ ਕਲਾ ਨੂੰ ਮੰਚ ਦੇਣ ਲਈ ਭਗਤ ਸਿੰਘ ਕਲਾ ਮੰਚ ਹੋਂਦ ਵਿੱਚ ਵਿੱਚ ਆਉਂਦਾ ਹੈ।
ਜੋ ਲੋਕਾਂ ਨੂੰ ਜਾਗਰੁਕ ਕਰਨ, ਬੱਚਿਆਂ ਵਿੱਚ ਵੱਖ ਕਲਾਵਾਂ ਜਿਵੇਂ ਕਿ ਡਰਾਇੰਗ ਤੇ ਪੇਂਟਿੰਗ,ਲਿਖਾਈ,ਮੰਚ ਸੰਚਾਲਨ, ਕਵਿਤਾ ਬੋਲਣਾ,ਭਾਸ਼ਣ,ਪੁਰਾਤਨ ਸਭਿਆਚਾਰ ਨੂੰ ਮੁੜ ਸੁਰਜੀਤ ਕਰਨਾ,ਸਾਹਿਤ ਦੀ ਵੱਖ ਵੱਖ ਵਿਧਾਵਾਂ ਵਿਚ ਰਚਨਾ ਕਰਨੀਆਂ ਉਦੇਸ਼ ਲੇਕੇ ਚੱਲਦਾ ਹੈ ।ਕੰਮ ਔਖਾ ਤਾਂ ਸੀ,ਪਰ ਕਹਿੰਦੇ ਹਿੰਮਤ ਏ ਮਰਦਾ ਮਦਦ ਏ ਖ਼ੁਦਾ ਵਾਂਗ ਜੇ ਚੱਲ ਪਏ ਤਾਂ ਫਿਰ ਔਖ ਸੌਖ ਕੀ? ਪਹਿਲਾਂ ਸੀ ਪ੍ਰੋਗਰਾਮ ਨੂੰ ਉਲੀਕਣਾ ਤੇ ਨਾਲ ਕੰਮ ਕਰਦੇ ਸਾਥੀਆਂ ਦਾ ਸਾਥ ਇਹ ਸਾਥ ਗੁਰਨੈਬ ਮਘਾਣੀਆਂ, ਜਤਿੰਦਰ,ਗੁਲਾਬ , ਡਾਕਟਰ ਦਵਿੰਦਰ ਬੋਹਾ, ਸੁਖਦੇਵ ਸਿੰਘ ਧਾਲੀਵਾਲ, ਗੁਰਚਰਨ ਸਿੰਘ ਮਾਨ, ਡਾਕਟਰ ਪਰਮਜੀਤ ਵਿਰਦੀ ,ਸੁਰਿੰਦਰ ਸਾਗਰ ਤੇ ਸੰਤੋਖ ਸਾਗਰ ਜਿਹੀਆਂ ਸ਼ਖ਼ਸੀਅਤਾਂ ਨੇ ਖੂਬ ਦਿੱਤਾ। ਇਸ ਤਰ੍ਹਾਂ ਹੋ ਗਿਆ ਜੀ ਤਿੰਨ ਦਿਨ ਕਲਾ ਕਿਤਾਬ ਤੇ ਸਾਹਿਤਕ ਮੇਲਾ ਸ਼ੁਰੂ। ਦਿਨ ਵੇਲੇ ਬੱਚਿਆਂ ਦੇ ਮੰਨੋਰੰਜਨ ਤੇ ਮੁਕਾਬਲੇ ਕਰਵਾਏ ਜਾਂਦੇ । ਕਵਿਤਾ ,ਡਰਾਇੰਗ ,ਭਾਸ਼ਣ,ਮਮਿਕਰੀ,ਰੋਲ ਪਲੇਅ ਤੇ ਹੋਰ ਬਹੁਤ ਕੁਝ।ਹਰ ਸਾਲ ਬੱਚੇ ਵੱਡੀ ਪੱਧਰ ਤੇ ਭਾਗ ਲੈਣ ਲੱਗੇ। ਢਲੀ ਸ਼ਾਮ ਨਾਟਕਾਂ ਦੁਆਰਾ ਸਮਾਜਿਕ, ਧਾਰਮਿਕ ਆਰਥਿਕ, ਰਾਜਨੀਤਕ ਮਸਲਿਆਂ ਨਾਲ ਸੰਬੰਧਿਤ ਮਸ਼ਹੂਰ ਨਾਟਕਕਾਰਾਂ ਦੇ ਨਾਟਕ ਖੇਡੇ ਜਾਂਦੇ।ਅੱਧੀ ਅੱਧੀ ਰਾਤ ਲੋਕ ਇਹਨਾਂ ਨਾਟਕਾਂ ਦਾ ਆਨੰਦ ਮਾਣਦੇ। ਹੁਣ ਸੁਆਲ ਪੈਦਾ ਹੁੰਦਾ ਹੈ ਆਰਥਿਕ ਸਾਧਨਾਂ ਦਾ ਇਹ ਸਭ ਕੁਝ ਕਲੱਬ ਮੈਂਬਰ ਜਾਂ ਦਾਨੀ ਸੱਜਣਾਂ ਦੁਆਰਾ ਆਪ ਹੀ ਚਲਾਇਆ ਜਾਂਦਾ ਰਿਹਾ ਹੈ।ਹਰ ਸਾਲ ਮੇਲੇ ਦਾ ਨਵਾਂ ਥੀਮ ਰੱਖਿਆ ਜਾਂਦਾ ਹੈ। ਮੇਲਾ ਆਪਣੇ ਮਿੱਥੇ ਉਦੇਸ਼ ਏ ਨਿਸ਼ਾਨੇ ਪੂਰੇ ਕਰਦਾ ਸਮਾਪਿਤ ਹੋ ਜਾਂਦਾ ਹੈ।ਇਸ ਨੇ ਅਣਗਿਣਤ ਗਿਣਤ ਬੱਚਿਆਂ ਨੂੰ ਨਵੀਆਂ ਕਲਾਵਾਂ ਦੇ ਕੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਯੋਗ ਬਣਾਇਆ।
ਦਸ ਕੁ ਸਾਲ ਪਹਿਲਾਂ ਇਹ ਮੇਲਾ ਪਿੰਡ ਤੋਂ ਸ਼ਹਿਰੀ ਹੋ ਗਿਆ।ਇਸ ਦਾ ਘੇਰਾ ਵਿਸ਼ਾਲ ਹੋ ਗਿਆ । ਸ਼ਹਿਰੀ ਵਰਗ ਦੇ ਲੋਕ ਇਸ ਦੀ ਉਡੀਕ ਕਰਨ ਲੱਗੇ। ਹਰ ਸਾਲ ਮਾਰਚ ਮਹੀਨੇ ਸਰਦਾਰ ਭਗਤ ਸਿੰਘ ਤੇ ਸ਼ਹੀਦੀ ਦਿਵਸ ਤੇ ਵਿਸ਼ਵ ਰੰਗਮੰਚ ਦੇ ਨੇੜਲੇ ਦਿਨਾਂ ਵਿਚ ਰੱਖੀਆਂ ਤਾਰੀਖ਼ਾਂ ਨੂੰ ਲੋਕ ਉਡੀਕਦੇ ਨੇ ਹਨ।
ਮੇਲੇ ਵਿਚ ਜਿੱਥੇ ਪੁਸਤਕ,ਸਭਿਆਚਾਰਕ, ਖੇਤੀਬਾੜੀ,ਪੁਰਾਤਨ ਵਸਤਾਂ ਤੇ ਹੋਰ ਪ੍ਰਦਰਸ਼ਨੀਆਂ ਵੇਖਣ ਨੂੰ ਮਿਲਦੀਆਂ ਹਨ। ਉਥੇ ਹੀ ਦਿਨ ਵੇਲੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਰਾਤ ਨੂੰ ਤਿੰਨ ਦਿਨ ਨਾਟਕ ਖੇਡੇ ਜਾਂਦੇ ਹਨ। ਸ਼ਹਿਰ ਆਇਆ ਤਾਂ ਬਜਟ ਵੀ ਵੱਡਾ ਹੋਇਆ ਪਰ ਕਹਿੰਦੇ ਨੇ ਚੰਗੇ ਕੰਮਾਂ ਨੂੰ ਕੋਈ ਕਮੀ ਨੀ ਆਉਂਦੀ ਉਹੋ ਜਿਹੇ ਹੋਰ ਸਾਥੀ ਵੀ ਨਾਲ ਜੁੜ ਗਏ। ਨਾਲ ਹੀ ਮੇਲੇ ਵਿੱਚ ਵੱਖ ਵੱਖ ਖੇਤਰ ਦੀਆਂ ਮਸ਼ਹੂਰ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਵਾਰ ਦਾ ਮੇਲਾ ਬਾਈ ਮਾਰਚ ਤੋਂ ਲੈਕੇ ਚੌਵੀ ਮਾਰਚ ਤੱਕ ਮਾਤਾ ਸੁੰਦਰੀ ਕਾਲਜ ਮਾਨਸਾ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਦਾ ਥੀਮ” ਦੇਸ਼ ਮਾਲਵਾ ਮੁੱਢ ਕਦੀਮ ਤੋਂ ਹੁਣ ਤੱਕ” ਰੱਖਿਆ ਗਿਆ ਹੈ ।ਇਸ ਵਿੱਚ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ , ਨਾਟਕਕਾਰ ਪਾਲੀ ਭੁਪਿੰਦਰ,ਮਾਲਵੇ ਖੇਤਰ ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਨਾਲ ਮਿਲਾਇਆ ਜਾਵੇਗਾ।ਇਸ ਤੋਂ ਬਿਨਾਂ ਬੱਚਿਆਂ ਲਈ ਡਾਂਸ ,ਨਿਕਲ ਬਾਲਿਆ ਤੇਰੀ ਵਾਰੀ, ਕੋਰਿਓਗ੍ਰਾਫੀ,ਗੀਤ ਤੇ ਹੋਰ ਬਹੁਤ ਕੁਝ ਹੋਵੇਗਾ।ਬੋਲ ਕਿਉਂ ਲਬ ਖਾਮੌਸ ਹੈਂ ਤੇਰੇ,ਬੋਲ ਮਿੱਟੀ ਦਿਆ ਬਾਵਿਆ , ਪ੍ਰਸ਼ਨ ਚਿੰਨ੍ਹ ਤੇ ਛੱਲਾਂ ਨਾਟਕ ਖੇਡੇ ਜਾਣਗੇ। ਮੇਲੇ ਦੇ ਹੋਰ ਖਿੱਚ ਦੇ ਕੇਂਦਰ ਜਗਦੇ ਚਿਰਾਗ ਅਵਾਰਡ, ਸਿਰਜਣਾਤਮਕਤਾ ਵਿੱਚ ਅਵਾਰਡ ,ਘੁਮੱਕੜੀ ਅਵਾਰਡ,ਕਲਾ ਸਾਰਥੀ,ਚਮਕਦੇ ਸਿਤਾਰੇ, ਜਤਿੰਦਰ ਬੋਹਾ ਦੀ ਯਾਦ ਵਿੱਚ ਅਵਾਰਡ, ਮਾਨਸਾ ਦਾ ਮਾਣ ਅਵਾਰਡ, ਮੇਲੇ ਦੇ ਕਾਮੇ ਅਵਾਰਡ ਵੱਖ ਵੱਖ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੱਖ ਵੱਖ ਲੇਖਕਾਂ ਦੀਆਂ ਕਿਤਾਬਾਂ ਵੀ ਜਾਰੀ ਕੀਤੀਆਂ ਜਾਣਗੀਆਂ।
ਭਗਤ ਸਿੰਘ ਕਲਾ ਮੰਚ ਇਸ ਗੱਲ ਨਾਲ ਸਮਝੋਤਾ ਨਹੀ ਕਰਦਾ ਕਿ ਮੁੱਖ ਮਹਿਮਾਨ ਅਮੀਰ ਜਾ ਗਰੀਬ ਹੈ ਉਹ ਕਿਸੇ ਸ਼ਖ਼ਸੀਅਤ ਦੇ ਕੰਮ ਜਾ ਉਸਦੀ ਸਮਾਜ ਨੂੰ ਦੇਣ ਦੇਖਦਾ ਹੈ। ਇਹਨਾਂ ਗੁਣਾਂ ਕਰਕੇ ਹੀ ਇਸ ਨੇ ਲਗਭਗ ਤਿੰਨ ਦਹਾਕਿਆਂ ਦਾ ਸਮਾਂ ਸਹੀ ਤੇ ਵਧੀਆ ਢੰਗ ਨਾਲ ਪੂਰਾ ਕੀਤਾ ਹੈ। ਆਸ ਹੈ ਇਸ ਵਾਰ ਵੀ ਇਹ ਮੇਲਾ ਆਪਣੇ ਕਾਰਜ ਪੂਰੇ ਕਰਦਾ ਤੇ ਸਮਾਜ ਨੂੰ ਚੰਗਾ ਸੰਦੇਸ਼ ਦਿੰਦਾ ਸਫਲਤਾ ਪੂਰਵਕ ਸਿਰੇ ਚੜ੍ਹੇਗਾ। ਇਸ ਦੇ ਮਿਹਨਤੀ ਕਾਮੇ ਇਸ ਨੂੰ ਹੋਰ ਬੁਲੰਦੀ ਤੇ ਲੈ ਕੇ ਜਾਣਗੇ।ਇਸ ਵਾਰ ਸਮਾਜ ਲਈ ਕੁਝ ਹੋਰ ਵੀ ਚੰਗਾ ਛੱਡਕੇ ਜਾਵੇਗਾ। ਇਸ ਲਈ ਡਾ ਦੀਪ ਤੇ ਉਸਦੀ ਪੂਰੀ ਟੀਮ ਵਧਾਈ ਦੀ ਤੇ ਹੌਸਲਾ ਅਫਜ਼ਾਈ ਦੀ ਪਾਤਰ ਹੈ।
ਜਗਤਾਰ ਲਾਡੀ
9463603091
Leave a Reply