ਵਿਸ਼ਵ ਖਪਤਕਾਰ ਦਿਵਸ਼ ਬਨਾਮ ਖਪਤਕਾਰਾਂ ਦੇ ਹੱਕ
ਜੇਕਰ ਪਰਾਣੇ ਸਮੇਂ ਦੀ ਗੱਲ ਕਰੀਏ ਤਾਂ ਵਰਤੋਂਯੋਗ ਚੀਜ਼ਾਂ ਘੱਟ ਹੁੰਦੀਆਂ ਸਨ। ਅੱਜਕਲ੍ਹ ਵਾਂਗ ਬਜ਼ਾਰ ਭਰੇ ਹੋਏ ਨਹੀਂ ਸਨ,ਨਾ ਲੋਕਾਂ ਵਿੱਚ ਖਪਤਵਾਦ ਨੇ ਜਨਮ ਲਿਆ ਸੀ।ਲੋਕਾਂ ਦੀਆਂ ਲੋੜਾਂ ਪਿੰਡਾਂ ਵਿੱਚ ਜਾ ਨੇੜਲੇ ਪਿੰਡਾਂ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਸੀ। ਜ਼ਿਆਦਾਤਰ ਵਟਾਂਦਰਾ ਪ੍ਰਣਾਲੀ ਹੀ ਚੱਲਦੀ ਸੀ । ਲੋੜਾਂ ਵੀ ਘੱਟ ਸੀ । ਕੱਪੜਾ ਲੀੜਾ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਹੀ ਹੁੰਦੀਆਂ ਸੀ। ਪਰ ਜਿਉਂ -ਜਿਉਂ ਅੰਤਰਰਾਸਟਰੀ ਮੰਡੀਆਂ ਅਤੇ ਕੰਪਨੀਆਂ ਹੋਂਦ ਵਿੱਚ ਆਈਆਂ ਤਾਂ ਧੜਾਧੜ ਬਜ਼ਾਰ ਵਿੱਚ ਸਮਾਨ ਆਉਣ ਲੱਗਾ। ਐਡਵਰਟਾਈਜ਼ਮੈਂਟ ਨੇ ਹਰ ਇੱਕ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਬਜ਼ਾਰ ਵਿੱਚ ਪਈ ਹਰ ਇੱਕ ਚੀਜ਼ ਤੁਹਡੀ ਜ਼ਰੂਰਤ ਹੈ।
ਲੋਕਾਂ ਨੂੰ ਬਿਨਾਂ ਕਾਰਨ ਹੀ ਲੋੜ ਮਹਿਸੂਸ ਹੋਣ ਲੱਗੀ।ਘਰ ਵਿੱਚ ਇਲੈਕਟ੍ਰਾਨਿਕ ਸਮਾਨ, ਖਾਣਪੀਣ ਦਾ ਸਮਾਨ, ਐਸ਼ਪ੍ਰਸਤੀ ਦਾ ਸਮਾਨ, ਵੰਨ-ਸੁਵੰਨੇ ਕੱਪੜੇ ਜੋੜੇ ਖਿਡਾਉਣੇ, ਆਵਾਜਾਈ ਦੇ ਸਾਧਨ ਤੇ ਘਰੇਲੂ ਸਾਮਾਨ ਦੇ ਮੰਡੀਆਂ ਵਿੱਚ ਢੇਰ ਲੱਗ ਗਏ। ਜਦ ਲੋਕ ਨੇ ਲੋੜ ਮਹਿਸੂਸ ਕੀਤੀ ਉਹਨਾਂ ਇਸ ਨੂੰ ਲੈਣਾ ਸ਼ੁਰੂ ਕਰ ਦਿੱਤਾ। ਕੰਪਨੀਆਂ ਨੇ ਮਾਲ ਨਕਦ, ਕਿਸ਼ਤਾਂ ਤੇ ਵੇਚਣਾ ਸ਼ੁਰੂ ਕਰ ਦਿੱਤਾ।ਜਦ ਗਾਹਕ ਇਹਨਾਂ ਨੂੰ ਲੈਣ ਪਹੁੰਚਿਆ ਤਾਂ ਬਹੁਤੀ ਵਾਰ ਵਸਤਾਂ ਦੇ ਘਟੀਆ ਮਿਆਰ,ਕੀਮਤ ਆਦਿ ਕਾਰਨ ਠੱਗੀ ਦਾ ਸ਼ਿਕਾਰ ਹੋ ਗਿਆ।ਇਸ ਕਾਰਨ ਖਪਤਕਾਰ ਦਾ ਸ਼ੋਸਣ ਵਧਣ ਲੱਗਾ । ਖਪਤਕਾਰ ਦੀ ਲੁੱਟ ਹੋਣ ਲੱਗੀ।ਇਸ ਸਭ ਨੂੰ ਦੇਖਦੇ ਹੋਏ ਹੀ ਖਪਤਕਾਰ ਦੇ ਹੱਕਾਂ ਦੀ ਸੁਰੱਖਿਆ ਦਾ ਰੌਲ਼ਾ ਪੈਣ ਲੱਗ ਪਿਆ। ਜਿਸ ਨੇ ਆਪਣੀ ਮਿਹਨਤ ਦੀ ਕਮਾਈ ਲਗਾਈ ਹੁੰਦੀ ਹੈ, ਉਸ ਨੂੰ ਦੁੱਖ ਹੁੰਦਾ ਹੈ ਤੇ ਉਸਨੂੰ ਇਨਸਾਫ ਵੀ ਮਿਲਣਾ ਚਾਹੀਦਾ ਸੀ।।ਅੰਤਰ ਰਾਸ਼ਟਰੀ ਪੱਧਰ ਉੱਤੇ ਉਪਭੋਗਤਾਵਾਂ ਦੇ ਹੱਕਾਂ ਦੀ ਰਾਖੀ ਲਈ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਹਰ ਸਾਲ 15 ਮਾਰਚ ਨੂੰ ਖਪਤਕਾਰਾਂ ਦੇ ਅਧਿਕਾਰਾਂ ਅਤੇ ਜ਼ਰੂਰਤਾਂ ਬਾਰੇ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ । ਇਸ ਦਿਨ ਦਾ ਉਦੇਸ਼ ਦੁਨੀਆ ਭਰ ਦੇ ਖਪਤਕਾਰਾਂ ਨੂੰ ਬਾਜ਼ਾਰ ਦੇ ਮਾੜੇ ਵਿਵਹਾਰ ਤੋਂ ਬਚਾਉਣਾ ਅਤੇ ਨਿਰਪੱਖ ਹੋਕੇ ਉਸ ਦੇ ਹੱਕਾਂ ਨੂੰ ਰਾਖੀ ਕਰਨਾ ਹੈ।
ਵਿਸ਼ਵ ਖਪਤਕਾਰ ਅਧਿਕਾਰ ਦਿਵਸ 2025 ਦਾ ਥੀਮ “ਟਿਕਾਊ ਜੀਵਨ ਸ਼ੈਲੀ ਵਿੱਚ ਇੱਕ ਨਿਆਂਪੂਰਨ ਤਬਦੀਲੀ” ਹੈ । ਇਸ ਸਾਲ ਦਾ ਥੀਮ ਟਿਕਾਊ ਖਪਤ ਨੂੰ ਉਤਸ਼ਾਹਿਤ ਕਰਨ, ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਟਿਕਾਊ ਜੀਵਨ ਸ਼ੈਲੀ ਵਿੱਚ ਤਬਦੀਲੀ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ‘ਤੇ ਕੇਂਦ੍ਰਿਤ ਹੈ।
ਵਿਸ਼ਵ ਖਪਤਕਾਰ ਅਧਿਕਾਰ ਦਿਵਸ ਦਾ ਇਤਿਹਾਸ 1962 ਦਾ ਹੈ,ਜਦੋਂ ਰਾਸ਼ਟਰਪਤੀ ਜੌਨ ਐਫ. ਕੈਨੇਡੀ ਨੇ ਅਮਰੀਕੀ ਕਾਂਗਰਸ ਨੂੰ ਸੰਬੋਧਨ ਕੀਤਾ ਅਤੇ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਖਪਤਕਾਰ ਦੇ ਅਧਿਕਾਰਾਂ ਦੀ ਰੱਖਿਆ ਲਈ ਮਜ਼ਬੂਤ ਉਪਾਅ ਜੋ ਹੋ ਸਕਦੇ ਹਨ ਦੀ ਵਕਾਲਤ ਕੀਤੀ। ਸੰਯੁਕਤ ਰਾਸ਼ਟਰ ਨੇ 1985 ਵਿੱਚ ਅਧਿਕਾਰਤ ਤੌਰ ‘ਤੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਨੂੰ ਮਾਨਤਾ ਦਿੱਤੀ।
ਇਸ ਦਿਨ ਨੂੰ ਮਨਾਉਣ ਲਈ, ਵਿਸ਼ਵ ਪੱਧਰ ‘ਤੇ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਕਾਨਫਰੰਸਾਂ, ਵਰਕਸ਼ਾਪਾਂ, ਖਪਤਕਾਰ ਮੁਹਿੰਮਾਂ, ਉਤਪਾਦ ਟੈਸਟਿੰਗ, ਅਤੇ ਪੁਰਸਕਾਰ ਅਤੇ ਮਾਨਤਾ ਸ਼ਾਮਲ ਹੈ। ਇਹ ਸਮਾਗਮ ਖਪਤਕਾਰਾਂ ਨੂੰ ਮੌਜੂਦਾ ਚੁਣੌਤੀਆਂ ਅਤੇ ਸੰਭਾਵਿਤ ਹੱਲਾਂ ‘ਤੇ ਚਰਚਾ ਕਰਨ ਲਈ ਮਾਹਿਰਾਂ, ਨੀਤੀ ਨਿਰਮਾਤਾਵਾਂ ਅਤੇ ਖਪਤਕਾਰਾਂ ਨੂੰ ਇਕੱਠੇ ਹੋਣ ਦਾ ਮੌਕਾ ਦਿੰਦੇ ਹਨ।
ਜੇਕਰ ਅਸੀਂ ਖਪਤਕਾਰਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਹਰ ਇੱਕ ਦੇਸ਼ ਵਿੱਚ ਹੀ ਹਲਾਤਾਂ, ਸਾਧਨਾਂ, ਵਾਯੂਮੰਡਲ ਤੇ ਨਿਰਭਰ ਖਪਤਕਾਰਾਂ ਦੇ ਆਪਣੇ ਆਪਣੇ ਹੱਕ ਹਨ। ਪਰ ਜੇਕਰ ਅਸੀਂ ਆਮ ਹੱਕਾਂ ਦੀ ਗੱਲ ਕਰੀਏ ਤਾਂ ਅਸੀਂ ਹੇਠ ਕੁਝ ਆਮ ਖਪਤਕਾਰ ਅਧਿਕਾਰ ਹਨ ਜੋ ਹਰ ਇਕ ਦੇਸ਼ ਦੇ ਖਪਤਕਾਰ ਨੂੰ ਮਿਲਣੇ ਚਾਹੀਦੇ ਹਨ।
1. ਸੁਰੱਖਿਅਤ ਹੋਣ ਦਾ ਅਧਿਕਾਰ
ਪਹਿਲਾਂ ਅਧਿਕਾਰ ਇਹ ਹੈ ਕਿ ਉਨ੍ਹਾਂ ਵਸਤੂਆਂ ਅਤੇ ਸੇਵਾਵਾਂ ਦੀ ਮਾਰਕੀਟਿੰਗ ਤੋਂ ਸੁਰੱਖਿਆ ਜੋ ਮਨੁੱਖੀ ਜਾਨ ਅਤੇ ਜਾਇਦਾਦ ਲਈ ਖਤਰਨਾਕ ਹਨ।
ਕਿਸੇ ਅਨੁਚਿਤ ਵਪਾਰਕ ਸੌਂਦਿਆਂ ਤੋਂ ਸੁਰੱਖਿਆ ਜੋ ਮਨੁੱਖ ਲਈ ਖ਼ਤਰਨਾਕ ਹੋਣ।
2.ਜਾਣਕਾਰੀ ਹੋਣ ਦਾ ਅਧਿਕਾਰ
ਹਰ ਇੱਕ ਖਪਤਕਾਰ ਨੂੰ ਵਸਤੂਆਂ ਜਾਂ ਸੇਵਾਵਾਂ ਦੀ ਗੁਣਵੱਤਾ, ਮਾਤਰਾ, ਸ਼ਕਤੀ, ਸ਼ੁੱਧਤਾ, ਮਿਆਰ ਅਤੇ ਕੀਮਤ ਐਕਸਪਾਇਰੀ ਤਾਰੀਖ ਜਾਣਨ ਦਾ ਅਧਿਕਾਰ ਜ਼ਰੂਰ ਹੋਵੇ।
3.ਚੋਣ ਕਰਨ ਦਾ ਅਧਿਕਾਰ
ਅੱਜਕਲ੍ਹ ਇੱਕੋ ਤਰ੍ਹਾਂ ਦੀਆਂ ਵਸਤਾਂ ਦੀਆਂ ਕੀਮਤਾਂ ਵੱਖ ਵੱਖ ਹੁੰਦੀਆਂ ਹਨ ਪ੍ਰਤੀਯੋਗੀ ਕੀਮਤਾਂ ‘ਤੇ ਕਈ ਤਰ੍ਹਾਂ ਦੀਆਂ ਵਸਤੂਆਂ ਜਾਂ ਸੇਵਾਵਾਂ ਵਿੱਚੋਂ ਚੋਣ ਕਰਨ ਦਾ ਅਧਿਕਾਰ ਹੋਣਾ ਜ਼ਰੂਰੀ ਹੋਵੇ ਖਪਤਕਾਰ ਆਪਣੀ ਪਸੰਦ ਮੁਤਾਬਕ ਵੱਖ-ਵੱਖ ਬ੍ਰਾਂਡਾਂ, ਮਾਡਲਾਂ ਅਤੇ ਡਿਜ਼ਾਈਨਾਂ ਵਿੱਚੋਂ ਚੋਣ ਕਰਨ ਦਾ ਅਧਿਕਾਰ ਰੱਖਦਾ ਹੋਵੇ।
4. ਸੁਣਨ ਦਾ ਅਧਿਕਾਰ
ਖਪਤਕਾਰ ਨਾਲ ਧੋਖਾਧੜੀ ਹੋਣ ਤੇ ਉਸ ਨੂੰ ਆਪਣੀ ਸ਼ਿਕਾਇਤਾਂ ਦਰਜ ਕਰਨ ਅਤੇ ਮੁਆਵਜ਼ਾ ਮੰਗਣ ਦਾ ਅਧਿਕਾਰ ਜ਼ਰੂਰ ਹੋਵੇ।
5 ਸਿੱਖਿਆ ਦਾ ਅਧਿਕਾਰ
ਹਰ ਇੱਕ ਖਪਤਕਾਰ ਨੂੰ ਖਪਤਕਾਰ ਸਿੱਖਿਆ ਦਾ ਅਧਿਕਾਰ ਅਤੇ ਖਪਤਕਾਰ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਨ ਦਾ ਅਧਿਕਾਰ ਪ੍ਰਾਪਤ ਹੋਵੇ।
ਮੂਲ ਲੋੜਾਂ ਦੀ ਸੰਤੁਸ਼ਟੀ ਭੋਜਨ, ਪਾਣੀ, ਆਸਰਾ, ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਚੀਜ਼ਾਂ ਅਤੇ ਸੇਵਾਵਾਂ ਤੱਕ ਪਹੁੰਚ ਦਾ ਅਧਿਕਾਰ ਜਰੂਰੀ ਬਣ ਜਾਂਦਾ ਹੈ।
ਵਾਤਾਵਰਣ ਸੁਰੱਖਿਆ ਉਸ ਦੇ ਰਹਿਣ ਲਈ ਇੱਕ ਸਿਹਤਮੰਦ ਅਤੇ ਟਿਕਾਊ ਵਾਤਾਵਰਣ ਦਾ ਅਧਿਕਾਰ ਵੀ ਖਪਤਕਾਰ ਨੂੰ ਮਿਲ਼ਣਾ ਚਾਹੀਦਾ ਹੈ।
ਭਾਰਤ ਜਿਹੇ ਦੇਸ਼ ਵਿੱਚ ਜਿੱਥੇ ਜਿਆਦਾ ਅਬਾਦੀ ਵਧਣ ਕਾਰਨ ਸਮਾਜਿਕ ਆਰਥਿਕ ਢਾਂਚਾ ਗੜਬੜਾ ਗਿਆ ਹੈ।ਇੱਥੇ ਖਪਤਕਾਰ ਨੂੰ ਬਹੁਤ ਕੁਝ ਨਕਲੀ ਰੂਪ ਵਿੱਚ ਵੱਧ ਕੀਮਤੀ ਸਮਾਨ ਵੇਚਿਆ ਜਾ ਰਿਹਾ ਹੈ। ਫਲ ਫਰੂਟ,ਕੱਪੜੇ ਇਲੈਕਟ੍ਰਾਨਿਕ ਸਮਾਨ, ਜੁੱਤੇ ਹੋਰ ਵਰਤੋਂ ਦਾ ਸਮਾਨ ਨਕਲੀ ਮਿਲ ਰਿਹਾ ਹੈ ਜੋ ਕਿ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦਾ ਹੈ।ਇਸ ਲਈ ਖਪਤਕਾਰ ਸੁਰੱਖਿਆ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਬਹੁਤ ਖੇਤਰਾਂ ਵਿੱਚ ਵਪਾਰੀ ਨਕਲੀ ਸਮਾਨ ਵੇਚ ਕੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ। ਨਕਲੀ ਸ਼ਰਾਬ,ਨਕਲੀ ਤੇਲ ਆਦਿ ਕਰਕੇ ਬਹੁਤ ਵਾਰੀ ਖਤਰਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਬਾਅਦ ਵਿੱਚ ਕੋਈ ਪੁੱਛ ਪੜਤਾਲ ਵੀ ਨਹੀਂ ਹੁੰਦੀ। ਚਲਾਕ ਕਿਸਮ ਦੇ ਲੋਕ ਸਧਾਰਨ ਲੋਕਾਂ ਨਾਲ ਠੱਗੀ ਮਾਰ ਕੇ ਭਗੌੜੇ ਹੋ ਜਾਂਦੇ ਹਨ। ਕਿੰਨੀਆਂ ਹੀ ਬੀਮਾਂ ਕੰਪਨੀਆਂ, ਬੈਂਕ, ਚਿੱਟ ਫੰਡ ਕੰਪਨੀਆਂ ਲੋਕਾਂ ਨਾਲ ਠੱਗੀ ਮਾਰ ਗਈਆਂ ਹਨ।ਲੋਕ ਅਦਾਲਤਾਂ ਵਿੱਚ ਇਨਸਾਫ਼ ਦੀ ਮੰਗ ਲਈ ਭਟਕਦੇ ਰਹਿੰਦੇ ਹਨ। ਆਨਲਾਈਨ ਵਪਾਰ ਵਿੱਚ ਜ਼ਿਆਦਾ ਠੱਗੀ ਹੋ ਰਹੀ ਹੈ। ਗਾਹਕ ਨੂੰ ਦਿਖਾਇਆ ਕੁਝ ਹੋਰ ਜਾਂਦਾ ਹੈ, ਭੇਜਿਆ ਕੁਝ ਹੋਰ ਜਾਂਦਾ ਹੈ। ਆਨਲਾਈਨ ਠੱਗੀ ਦਾ ਵੱਡਾ ਪਲੇਟਫਾਰਮ ਬਣ ਚੁੱਕਾ ਹੈ। ਭਾਰਤ ਜਿਹੇ ਦੇਸ਼ ਜਿੱਥੇ ਲੋਕ ਘੱਟ ਪੜ੍ਹੇ ਲਿਖੇ ਹਨ ।ਚਲਾਕ ਲੋਕ ਉਹਨਾਂ ਨੂੰ ਸੌਖੀ ਤਰ੍ਹਾਂ ਆਪਣੇ ਗਾਹਕ ਬਣਾਕੇ ਲੁੱਟ ਲੈਂਦੇ ਹਨ।
ਬੇਸ਼ਕ ਭਾਰਤ ਵਿੱਚ ਇਸ ਚੀਜ਼ ਨੂੰ ਰੋਕ ਪਾਉਣ ਲਈ ਕੁਝ ਕਾਨੂੰਨ ਹਨ ਜਿਵੇਂ ਕਿ
ਖਪਤਕਾਰ ਸੁਰੱਖਿਆ ਐਕਟ, 2019 ਦੇ ਅਨੁਸਾਰ, ਖਪਤਕਾਰ ਅਪਰਾਧਾਂ ਲਈ ਹੇਠ ਲਿਖੀਆਂ ਸਜ਼ਾਵਾਂ ਲਗਾਈਆਂ ਜਾ ਸਕਦੀਆਂ ਹਨ:
ਛੋਟੇ ਅਪਰਾਧਾਂ ਲਈ ₹50,000 ਤੱਕ, ਵੱਡੇ ਅਪਰਾਧਾਂ ਲਈ ₹1 ਲੱਖ ਤੱਕ, ਅਤੇ ਗੰਭੀਰ ਅਪਰਾਧਾਂ ਲਈ ₹5 ਲੱਖ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ
ਛੋਟੇ ਅਪਰਾਧਾਂ ਲਈ 1 ਸਾਲ ਤੱਕ, ਵੱਡੇ ਅਪਰਾਧਾਂ ਲਈ 3 ਸਾਲ ਤੱਕ, ਅਤੇ ਗੰਭੀਰ ਅਪਰਾਧਾਂ ਲਈ 7 ਸਾਲ ਤੱਕ ਕੈਦ ਵੀ ਹੋ ਸਕਦੀ ਹੈ
ਝੂਠੇ ਜਾਂ ਗੁੰਮਰਾਹਕੁੰਨ ਇਸ਼ਤਿਹਾਰ ਲਈ ਵੀ ₹50,000 ਤੱਕ ਜੁਰਮਾਨਾ ਅਤੇ 1 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਖਤਰਨਾਕ ਚੀਜ਼ਾਂ ਜਾਂ ਸੇਵਾਵਾਂ ਦੀ ਵਿਕਰੀ ਲਈ ₹1 ਲੱਖ ਤੱਕ ਜੁਰਮਾਨਾ ਅਤੇ 3 ਸਾਲ ਤੱਕ ਦੀ ਕੈਦ ਦਾ ਪ੍ਰਸਤਾਵ ਰੱਖਿਆ ਗਿਆ ਹੈ
ਖਪਤਕਾਰ ਆਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਵੀ ₹50,000 ਤੱਕ ਜੁਰਮਾਨਾ ਅਤੇ 1 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਅਣਉਚਿਤ ਵਪਾਰਕ ਅਭਿਆਸ ਜੋ ਲੋਕਾਂ ਲਈ ਠੀਕ ਨਾ ਹੋਵੇ ਉਸ ਵਿੱਚ ₹1 ਲੱਖ ਤੱਕ ਦਾ ਜੁਰਮਾਨਾ ਅਤੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਇਸ ਤੋਂ ਇਲਾਵਾ ਖਪਤਕਾਰ ਅਦਾਲਤਾਂ ਅਪਰਾਧੀ ਨੂੰ ਖਪਤਕਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦੇ ਸਕਦੀ ਹੈ।
ਇਸ ਤੋਂ ਇਲਾਵਾ ਖਪਤਕਾਰ ਅਦਾਲਤ ਖਪਤਕਾਰ ਦੁਆਰਾ ਕੀਤੇ ਕਿਸੇ ਵੀ ਖਰਚੇ ਦੀ ਭਰਪਾਈ ਅਪਰਾਧੀ ਤੋਂ ਕਰਨ ਦਾ ਹੁਕਮ ਵੀ ਦੇ ਸਕਦੀ ਹੈ।
ਜੇਕਰ ਕੋਈ ਅਪਰਾਧੀ ਵਾਰ-ਵਾਰ ਅਪਰਾਧ ਕਰਦਾ ਹੈ ਧੋਖੇਬਾਜ਼ੀ ਕਰਦਾ ਹੈ, ਜੁਰਮਾਨੇ 50% ਤੱਕ ਵਧਾਏ ਵੀ ਜਾ ਸਕਦੇ ਹਨ।
ਗੰਭੀਰ ਵਾਰ-ਵਾਰ ਅਪਰਾਧ ਕਰਨ ਲਈ, ਅਪਰਾਧੀ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਸਕਦੇ ਹਨ।
ਕਿਸੇ ਚੀਜ਼ ਜਾਂ ਸੇਵਾ ਨੂੰ ਲੈਣ ਲਈ ਖਪਤਕਾਰ ਮਿਹਨਤ ਦੀ ਪੂੰਜੀ ਲਾਉਂਦਾ ਹੈ ,ਜੇਕਰ ਉਸ ਨਾਲ ਕੋਈ ਠੱਗੀ ਵੱਜਦੀ ਹੈ ਤਾਂ ਮਾੜੀ ਗੱਲ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਨੂੰਨ ਸਖਤ ਕੀਤੇ ਜਾਣ। ਕਾਨੂੰਨ ਸਖ਼ਤ ਹੀ ਨਾ ਹੋਣ ਸਗੋਂ ਉਹਨਾਂ ਉਪਰ ਅਮਲ ਵੀ ਜ਼ਰੂਰੀ ਹੈ। ਵੇਖਿਆ ਗਿਆ ਹੈ ਕਿ ਲੋਕ ਹੱਕ ਲੈਣ ਲਈ ਕਿੰਨਾ ਚਿਰ ਉਡੀਕ ਕਰਦੇ ਰਹਿੰਦੇ ਹਨ। ਇਨਸਾਫ਼ ਲੈਣ ਲਈ ਵੱਡਾ ਖਰਚ ਕਰਨਾ ਪੈਂਦਾ ਹੈ। ਆਮ ਖਪਤਕਾਰ ਨੂੰ ਤਾਂ ਕਈ ਵਾਰ ਇਨਸਾਫ਼ ਮਿਲਦਾ ਹੀ ਨਹੀਂ। ਲੋਕ ਇਨਸਾਫ ਉਡੀਕ ਕਰਦਿਆਂ ਦੁਨੀਆਂ ਛੱਡ ਜਾਂਦੇ ਹਨ।ਇਸ ਲਈ ਇਨਸਾਫ ਸਹੀ ਸਮੇਂ ਤੇ ਮਿਲਣਾ ਚਾਹੀਦਾ ਹੈ। ਸਮਾਂ ਲੰਘੇ ਤੋਂ ਇਹ ਮਿਲਿਆ ਨਾ ਮਿਲਿਆ।ਇਹ ਦਿਨ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਖਪਤਕਾਰ ਦੇ ਹੱਕ ਸੁਰੱਖਿਅਤ ਰੱਖੇ ਜਾਣ। ਉਸ ਨੂੰ ਲੋੜ ਪੈਣ ਤੇ ਇਨਸਾਫ਼ ਮਿਲੇ।
ਜਗਤਾਰ ਸਿੰਘ ਮਾਨਸਾ
9463603091
Leave a Reply