ਲੁਧਿਆਣਾ ( Gurvinder sidhu) ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਸਬ-ਰਜਿਸਟਰਾਰ ਦਫ਼ਤਰਾਂ ਲੁਧਿਆਣਾ ਕੇਂਦਰੀ ਅਤੇ ਲੁਧਿਆਣਾ ਪੱਛਮੀ ਦਾ ਨਿਰੀਖਣ ਕੀਤਾ। ਆਪਣੇ ਦੌਰੇ ਦੌਰਾਨ, ਉਨ੍ਹਾਂ ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਦਫ਼ਤਰੀ ਕੰਮਾਂ ਅਤੇ ਕਰਮਚਾਰੀਆਂ ਨਾਲ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਫੀਡਬੈਕ ਲਈ। ਉਨ੍ਹਾਂ ਅਪੁਆਇੰਟਮੈਂਟ ਲੈਣ ਵਾਲੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਤਜ਼ਰਬਿਆਂ ਬਾਰੇ ਵੇਰਵੇ ਇਕੱਠੇ ਕੀਤੇ ਅਤੇ ਹੋਰ ਸੁਧਾਰਾਂ ਲਈ ਸੁਝਾਅ ਵੀ ਮੰਗੇ।
ਡਿਪਟੀ ਕਮਿਸ਼ਨਰ ਜੋਰਵਾਲ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਕੰਮਕਾਜ, ਚੱਲ ਰਹੀਆਂ ਰਜਿਸਟਰੀ ਪ੍ਰਕਿਰਿਆਵਾਂ ਤੋਂ ਇਲਾਵਾ ਸਟਾਫ ਦੇ ਹਾਜ਼ਰੀ ਰਿਕਾਰਡ ਦੀ ਵੀ ਜਾਂਚ ਕੀਤੀ। ਉਨ੍ਹਾਂ ਸਬ-ਰਜਿਸਟਰਾਰ ਦੇ ਦਫ਼ਤਰ, ਫਰਦ ਕਾਊਂਟਰ ਅਤੇ ਰਿਕਾਰਡ ਰੂਮਾਂ ਸਮੇਤ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕੀਤਾ। ਉਨ੍ਹਾਂ ਸਾਰੀਆਂ ਰਜਿਸਟਰੀਆਂ ਲਈ ਇੰਤਕਾਲਾਂ ਦੀ ਤੁਰੰਤ ਪ੍ਰਕਿਰਿਆ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਸਟਾਫ ਨੂੰ ਜ਼ੀਰੋ-ਪੈਂਡੈਂਸੀ ਬਣਾਈ ਰੱਖਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਨਿਰੀਖਣ ਅਧਿਕਾਰੀਆਂ ਵਿੱਚ ਨੁਕਸ ਕੱਢਣ ਲਈ ਨਹੀਂ ਹੈ; ਸਗੋਂ ਇਸਦਾ ਟੀਚਾ ਕਾਰਜਾਂ ਨੂੰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣਾ ਕੰਮ ਕਰਵਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਫ਼ਤਰਾਂ ਵਿੱਚ ਲੋਕ-ਪੱਖੀ ਮਾਹੌਲ ਬਣਾਉਣ ਦੀ ਸਲਾਹ ਦਿੱਤੀ ਅਤੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਬਿਹਤਰ ਮਾਰਗਦਰਸ਼ਨ ਦਾ ਪ੍ਰਬੰਧ ਕਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਮਾਰਤਾਂ ਦੇ ਅੰਦਰ ਸਫਾਈ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਉਹ ਕੰਮ ਕਰਵਾਉਣ ਆਏ ਲੋਕਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਆਪਣੇ ਕੰਮ ਪੂਰੇ ਕਰਨ ਵਿੱਚ ਸਹਿਯੋਗ ਕਰਨ।
Leave a Reply