ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਕਰਵਾਇਆ ਨੁੱਕੜ ਨਾਟਕ

ਮੋਗਾ ( ਮਨਪ੍ਰੀਤ ਸਿੰਘ)
ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਦੀ ਅਗਵਾਈ ਵਿੱਚ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਰਾਹੀਂ ਕਰਵਾਏ ਜਾ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਦੌਰਾਨ ਅੱਜ ਪਿੰਡ ਚੂਹੜਚੱਕ ਵਿੱਚ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਨੁੱਕੜ ਨਾਟਕ ਕਰਵਾਇਆ ਗਿਆ।

ਇਸ ਦੌਰਾਨ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਯੁਵਕ ਸੇਵਾਵਾਂ ਵਿਭਾਗ ਰਾਹੀਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਸੈਮੀਨਾਰ ਦੌਰਾਨ ਉਹਨਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਆਪਣੇ ਭਵਿੱਖ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਭਵਿੱਖ ਵੀ ਖਰਾਬ ਕਰਦੇ ਹਨ। ਨਸ਼ੇ ਦੇ ਨਾਲ ਸਮਾਜ ਵਿੱਚ ਹੋਰ ਵੀ ਬਹੁਤ ਸਾਰੇ ਜੁਰਮ ਵਧ ਰਹੇ ਹਨ, ਇਸ ਲਈ ਨਸ਼ੇ ਦੇ ਸੈਲਾਬ ਨੂੰ ਰੋਕਣ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਇਸ ਸੈਮੀਨਾਰ ਵਿੱਚ ਬਲਵੀਰ ਕੌਰ, ਜੋਨਲ ਸੁਪਰਵਾਈਜ਼ਰ, ਸਵੇਰਾ ਐੱਲ.ਡਬਲਿਊ.ਐੱਸ. ਮੋਗਾ ਨੇ ਵੀ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਨਸ਼ੇ ਕਰਨ ਵਾਲਿਆਂ ਦੀ ਉਮਰ ਬਹੁਤ ਥੋੜੀ ਹੁੰਦੀ ਹੈ। ਨਸ਼ੇ ਕਰਨ ਵਾਲਾ ਨੌਜਵਾਨ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਜਕੜ ਵਿੱਚ ਆ ਜਾਂਦਾ ਹੈ।

ਉਹਨਾਂ ਇਹ ਵੀ ਦੱਸਿਆ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਨਸ਼ਾ ਛੁਡਾਉ ਕੇਂਦਰਾਂ ਵਿੱਚ ਜਾ ਕੇ ਨਸ਼ਾ ਛੁਡਵਾ ਸਕਦੇ ਹਨ। ਸੈਮੀਨਾਰ ਦੌਰਾਨ ਅਮਨਮੀਤ ਸਿੰਘ, ਡਾਇਰੈਕਟਰ ਅਤੇ ਹੀਰੋ ਫਿਲਮ ਮੇਰਾ ਬਾਬਾ ਨਾਨਕ ਨੇ ਪੰਜਾਬ ਦੀ ਨੌਜਵਾਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਪੰਜਾਬ ਨੂੰ ਪੰਜ ਆਬਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਉਹਨਾਂ ਨੇ ਪੰਜਾਬ ਵਿੱਚ ਨਸ਼ਿਆਂ ਦਾ ਇੱਕ ਹੋਰ ਦਰਿਆ ਨਾ ਚਲਾਉਣ ਦੀ ਯੁਵਕ ਸੇਵਾਵਾਂ ਦੇ ਮੰਚ ਤੋਂ ਨੌਜਵਾਨੀ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਗੁਰੂਆਂ ਦੇ ਦੱਸੇ ਰਾਹ ਤੇ ਚੱਲਦਿਆਂ ਅਤੇ ਸਾਦਾ ਜੀਵਨ ਬਤੀਤ ਕਰਕੇ ਆਪਣੇ ਭਵਿੱਖ ਨੂੰ ਰੁਸ਼ਨਾਇਆ ਜਾ ਸਕਦਾ ਹੈ।ਸੈਮੀਨਾਰ ਦੇ ਅੰਤ ਵਿੱਚ ਨਸ਼ਿਆਂ ਦੇ ਮਾਰੂ ਅਸਰ ਦਿਖਾਉਂਦਾ ਵਨੈੱਸ ਆਰਟ ਮੋਹਾਲੀ ਮੰਚ ਦੀ ਟੀਮ ਵੱਲੋਂ ਇੱਕ ਨੁੱਕੜ ਨਾਟਕ ਅਸੀਂ ਬੋਲਾਂਗੇ ਸੱਚ ਵੀ ਖੇਡਿਆ ਗਿਆ।

ਅੰਤ ਵਿੱਚ ਕੁਲਦੀਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਵੱਲੋਂ ਆਏ ਹੋਏ ਯੁਵਕ ਸੇਵਾਵਾਂ ਵਿਭਾਗ ਦੀ ਸਾਰੀ ਟੀਮ ਅਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਾਸਟਰ ਹਰਮੇਲ ਸਿੰਘ, ਕੁਲਦੀਪ ਸਿੰਘ ਕਲੇਰ, ਸਰਬਜੀਤ ਸਿੰਘ, ਰੇਸ਼ਮ ਸਿੰਘ, ਮਨਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਪੂਰਾ ਯੋਗਦਾਨ ਦਿੱਤਾ।ਇਸ ਦੌਰਾਨ ਯੁਵਕ ਸੇਵਾਵਾਂ ਕਲੱਬ, ਚੂਹੜਚੱਕ ਦੇ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published.


*