ਮੋਗਾ 3 ਜਨਵਰੀ ( Manpreet singh) ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੁਣ ਪੀਲੀ ਕੁੰਗੀ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਵੱਲੋਂ ਬਲਾਕ ਧਰਮਕੋਟ ਦੀ ਟੀਮ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਬੁੱਟਰਾਂ ਵਿੱਚ ਕੈਂਪ ਲਗਾ ਕੇ ਕਣਕ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਉਪਰੰਤ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨ ਕੁਲਦੀਪ ਸਿੰਘ ਬੁੱਟਰ ਤੇ ਜੋਰਾ ਸਿੰਘ ਦੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਬੀਜੀ ਕਣਕ ਦੀ ਫਸਲ ਦਾ ਨਰੀਖਣ ਕੀਤਾ ਤੇ ਕਣਕ ਨੂੰ ਪੀਲੀ ਕੁੰਗੀ ਦੀ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਖੇਤੀਬਾੜੀ ਵਿਭਾਗ ਮੋਗਾ ਦੇ ਮੁੱਖ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਵੇਂ ਪਹਿਲਾਂ ਕਣਕ ਦੀ ਫ਼ਸਲ ਨੂੰ ਗਰਮੀ ਕਾਰਨ ਗੁਲਾਬੀ ਸੁੰਡੀ ਪੈਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ ਤੇ ਹੁਣ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਦੀ ਬਿਮਾਰੀ ਤੋ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਖੇਤੀ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪੀਲੀ ਕੁੰਗੀ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਹੀ ਲੜੀ ਤਹਿਤ ਅੱਜ ਮੁੱਖ ਖੇਤੀਬਾੜੀ ਅਫਸਰ ਡਾ ਕਰਨਜੀਤ ਗਿੱਲ ਵਲੋ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਬਿਮਾਰੀ ਪੈਣ ਉਸ ਦੇ ਲੱਛਣਾਂ ਅਤੇ ਉਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਡਾ ਗਿੱਲ ਨੇ ਦੱਸਿਆ ਕਿ ਉਹ ਖੇਤੀ ਮਾਹਰ ਡਾਕਟਰਾਂ ਦੀਆਂ ਟੀਮਾਂ ਨਾਲ ਮਿਲ ਕੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਤੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਰਾਂ ਦੀ ਸਲਾਹ ਬਿਨ੍ਹਾਂ ਆਪਣੇ ਖੇਤਾ ਵਿੱਚ ਲੋੜ ਤੋਂ ਵੱਧ ਪੈਸਟੀਸਾਈਡ ਦਵਾਈਆਂ ਅਤੇ ਖਾਦ ਦਾ ਪ੍ਰਯੋਗ ਨਾ ਕਰਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਖੇਤੀਬਾੜੀ ਮਾਹਰ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀਆ ਫਸਲਾਂ ਨੂੰ ਖਾਦਾਂ ਤੇ ਪੈਸਟੀਸਾਈਡ ਦਵਾਈਆਂ ਦਾ ਪ੍ਰਯੋਗ ਕਰੋਗੇ ਤਾਂ ਤੁਹਾਡਾ ਵੱਡੇ ਪੱਧਰ ਤੇ ਫਾਇਦਾ ਹੋਵੇਗਾ।
ਇਸ ਮੌਕੇ ਤੇ ਡਾ ਕਰਮਜੀਤ ਸਿੰਘ ਬਰਾੜ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲਵਾ ਬੈਲਟ ਵਿੱਚ ਪਾਣੀ ਦਾ ਪੱਧਰ ਦਿਨੋ ਦਿਨ ਡਿਗਦਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਚਾਹੀਦਾ ਕਿ ਉਹ ਪਾਣੀ ਦੀ ਬਚਤ ਕਰਨ ਲਈ ਆਪਣਾ ਯੋਗਦਾਨ ਪਾਉਣ ਅਤੇ ਕਣਕ ਅਤੇ ਝੋਨੇ ਦੀ ਫਸਲ ਤੋਂ ਹਟ ਕੇ ਮੂੰਗੀ ਮੱਕੀ ਸੂਰਜ ਮੁਖੀ ਸਰੋਂ ਛੋਲੇ ਆਦਿ ਫਸਲਾਂ ਬੀਜਣ ਨੂੰ ਤਰਜੀਹ ਦੇਣ। ਉਹਨਾਂ ਕਿਹਾ ਕਿ ਇਹ ਫਸਲਾਂ ਬੀਜ ਕੇ ਵੀ ਕਿਸਾਨ ਮੋਟੀ ਕਮਾਈ ਕਰ ਸਕਦੇ ਹਨ ਇਸ ਨਾਲ ਦਿਨੋ-ਦਿਨ ਡਿੱਗਦੇ ਪਾਣੀ ਦੇ ਪੱਧਰ ਨੂੰ ਵੀ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਪਾਣੀ ਨੂੰ ਸੰਭਾਲਣ ਵਿੱਚ ਕਾਮਯਾਬ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ।
ਇਸ ਮੌਕੇ ਤੇ ਪਿੰਡ ਕੋਕਰੀ ਬੁੱਟਰਾਂ ਦੇ ਅਗਾਂਹ ਵਧੂ ਕਿਸਾਨ ਅਤੇ ਸਾਬਕਾ ਬਲਾਕ ਅਫਸਰ ਖੇਤੀਬਾੜੀ ਵਿਭਾਗ ਮੋਗਾ ਕੁਲਦੀਪ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ ਅਤੇ ਉਹਨਾਂ ਦੀ ਕਣਕ ਦਾ ਝਾੜ ਹਮੇਸ਼ਾ ਵਧੀਆ ਨਿਕਲਿਆ । ਇਸ ਮੌਕੇ ਤੇ ਕਿਸਾਨ ਜੋਰਾ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਵੱਲੋਂ ਵੀ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਿਛਲੇ ਚਾਰ ਸਾਲਾਂ ਤੋਂ ਸੁਪਰ ਸੀਡਰ ਅਤੇ ਸਮਾਟ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਕਣਕ ਦੀ ਫਸਲ ਦਾ ਵਧੀਆ ਝਾੜ ਨਿਕਲਦਾ ਹੈ ਅਤੇ ਉਹਨਾਂ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਈ ਇਸ ਮੌਕੇ ਤੇ ਪਿੰਡ ਕੋਕਰੀ ਬੁੱਟਰਾਂ ਦੇ ਕਿਸਾਨਾਂ ਨੇ ਅੱਜ ਪਿੰਡ ਪੁੱਜੀ ਖੇਤੀ ਮਾਹਰ ਡਾਕਟਰਾਂ ਦੇ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਕੈਂਪ ਲਗਾ ਕੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ।
ਅਖੀਰ ਵਿੱਚ ਸਾਬਕਾ ਖੇਤੀਬਾੜੀ ਅਫਸਰ ਰਘਵੀਰ ਸਿੰਘ ਨੇ ਪਿੰਡ ਵਿੱਚ ਪੁੱਜੀ ਖੇਤੀ ਮਾਹਰ ਡਾਕਟਰਾਂ ਦੀ ਟੀਮ ਅਤੇ ਕੈਂਪ ਵਿੱਚ ਪਹੁੰਚੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਕਿਸਾਨਾਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ ਅਤੇ ਵਿਭਾਗ ਨੂੰ ਅਜਿਹੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਮੀਨੀ ਪੱਧਰ ਤੇ ਜਾਣਕਾਰੀ ਮੁਹਈਆ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਭਰਾ ਆਪਣੀਆਂ ਫਸਲਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਚੰਗੀ ਪੈਦਾਵਾਰ ਕਰ ਸਕਣ ।
ਫੋਟੋ ਕੈਪਸ਼ਨ -ਪਿੰਡ ਕੋਕਰੀ ਬੁੱਟਰਾਂ ਵਿਖੇ ਕਿਸਾਨਾਂ ਦੇ ਖੇਤਾ ਵਿੱਚ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾਕਟਰ ਕਰਨਜੀਤ ਸਿੰਘ ਗਿੱਲ, ਡਾਕਟਰ ਕੁਲਦੀਪ ਸਿੰਘ ਬੁੱਟਰ ਸ ਰਘਵੀਰ ਸਿੰਘ ਅਤੇ ਹੋਰ।
Leave a Reply