ਬੁੱਧ ਚਿੰਤਨ  ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।।

ਜੋਂ ਮਨੁੱਖ ਲੋਕਾਂ ਦੇ ਦਰਦ ਦੀ ਗੱਲ ਕਰਦਾ ਹੈ, ਉਹ ਲੋਕਾਂ ਦੇ ਮਨਾਂ ਵਿੱਚ ਵਸਦਾ ਹੈ। ਜੋਂ ਲੋਕਾਂ ਦੇ ਨਾਲ ਧੋਖਾ ਕਰਦਾ ਹੈ, ਉਸਨੂੰ ਲੋਕ ਲਾਹਨਤਾਂ ਪਾਉਂਦੇ ਹਨ। ਪੰਜਾਬ ਵਿੱਚ ਅੱਜਕਲ੍ਹ ਲਾਹਨਤਾਂ ਪਾਉਣ ਤੇ ਲੈਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਲੋਕ ਦਰਦੀ ਤੇ ਲੋਕਾਂ ਦਾ ਦਰਦੀ ਅਖਵਾਉਣ ਵਾਲਿਆਂ ਵਿੱਚ ਵੱਡਾ ਅੰਤਰ ਹੁੰਦਾ ਹੈ। ਪਰਾਇਆ ਦਰਦ ਕੋਈ ਕੋਈ ਮਹਿਸੂਸ ਕਰਦਾ ਹੈ। ਜੇ ਜ਼ਿੰਦਗੀ ਵਿੱਚ ਪਰਾਇਆ ਦਰਦ ਮਹਿਸੂਸ ਕਰਨ ਦਾ ਗੁਣ ਨਾ ਹੁੰਦਾ ਤਾਂ ਬੰਦਾ ਵੀ ਬੰਦਾ ਨਹੀਂ, ਸਗੋਂ ਕੁੱਝ ਹੋਰ ਹੋਣਾ ਸੀ । ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ ਤੇ ਸੁੱਖ, ਚੁੱਪ ਤੇ ਸ਼ੋਰ, ਖੁਸ਼ੀ ਤੇ ਗਮੀ, ਨੇੜੇ ਤੇ ਦੂਰ, ਸਰਦੀ ਤੇ ਗਰਮੀ, ਜੀਵਨ ਤੇ ਮੌਤ, ਇਹ ਪਉੜੀ ਚੜ੍ਹਦਿਆਂ ਜ਼ਿੰਦਗੀ ਦਾ ਪ੍ਰਵਾਹ ਚੱਲਦਾ ਆਇਆ ਹੈ ਤੇ ਚੱਲਦਾ ਰਹੇਗਾ ? ਹੁਣ ਜਿਸ ਤਰ੍ਹਾਂ ਦਾ ਕੁਹਿਲਣਾ ਸਮਾਂ ਚੱਲ ਰਿਹਾ ਹੈ ਉਸਨੇ ਲੋਕਾਂ ਦੇ ਮਨਾਂ ਅੰਦਰ ਪਦਾਰਥ ਇਕੱਠੇ ਕਰਨ ਦੀ ਹੋੜ ਪੈਦਾ ਕਰ ਦਿੱਤੀ ਹੈ । ਕੁਦਰਤੀ ਸੋਮਿਆਂ ਦੀ ਦੁਰਵਰਤੋਂ ਹੋ ਰਹੀ ਹੈ । ਲਾਲਚੀ ਬਿਰਤੀ ਵਾਲ਼ਿਆਂ ਵੱਲੋਂ ਆਪਣੀਆਂ ਕਈ ਕਈ ਪੁਸ਼ਤਾਂ ਦੇ ਵਿਹਲੇ ਬਹਿ ਕੇ ਖਾਣ ਦਾ ਸਾਜ਼ੋ ਸਾਮਾਨ ਇਕੱਠਾ ਕਰਨ ਲਈ ਧਰਤੀ ਦੀ ਹਿੱਕ ਪਾੜੀ ਜਾ ਰਹੀ ਹੈ। ਇਸ ਨਾਲ਼ ਵਧ੍ਹ ਰਹੀ ਗਰਮਾਇਸ਼ ਕਾਰਨ ਪਾਣੀ ਦਾ ਠੋਸ ਰੂਪ ਤੇਜ਼ੀ ਨਾਲ਼ ਤਰਲ ਰੂਪ ਵਿੱਚ ਬਦਲ ਰਿਹਾ ਹੈ ਜੋ ਮੌਸਮ ਦੇ ਵਿਗਾੜ ਦਾ ਕਾਰਨ ਬਣ ਰਿਹਾ ਹੈ। ਇੰਞ ਲਗਦਾ ਹੈ ਕਿ ਜਿਸ ਪਾਣੀ ਵਿੱਚੋਂ ਜੀਵਨ ਉਗਮਿਆ ਸੀ, ਉਹ ਪਾਣੀ ਹੀ ਇਸ ਜੀਵਨ ਦੇ ਖ਼ਤਮ ਹੋਣ ਦਾ ਕਾਰਨ ਬਣੇਗਾ। ਕੀ ਮਨੁੱਖ ਕੁਦਰਤ ਦੇ ਕਹਿਰ ਤੋਂ ਬੇਖ਼ਬਰ ਹੈ ? ਧਰਤੀ ਦੀ ਅੱਠ ਅਰਬ ਦੀ ਆਬਾਦੀ ਵਿੱਚੋਂ ਕੁਦਰਤੀ ਸੋਮਿਆਂ ਨੂੰ ਤਹਿਸ ਨਹਿਸ ਕਰਨ ਵਾਲ਼ੇ ਬਹੁਤੇ ਨਹੀਂ, ਬਸ ਮੁੱਠੀ ਕੁ ਭਰ ਲੋਕ ਹੀ ਹਨ ।
ਬਹੁਗਿਣਤੀ ਤਾਂ ਅਜੇ ਵੀ ਕੁਦਰਤ ਦੇ ਅੰਗ ਸੰਗ ਵੱਸਦੀ ਹੈ ਪਰ ਕੁਝ ਬਦਬਖ਼ਤਾਂ ਦੀਆਂ ਗਲ਼ਤੀਆਂ ਦਾ ਖਮਿਆਜ਼ਾ ਪੂਰੀ ਲੋਕਾਈ ਭੁਗਤ ਰਹੀ ਹੈ । ਧਰਤੀ ਦੇ ਕੁਝ ਘਰਾਣਿਆਂ ਨੇ ਆਮ ਲੋਕਾਂ ਨੂੰ ਰੰਡੀ ਤੇ ਮੰਡੀ ਸਮਝਿਆ ਹੋਇਆ ਹੈ। ਉਹ ਆਪਣੀ ਇਜਾਰੇਦਾਰੀ ਦੀ ਸਦਾ ਹੀ ਦੁਰਵਰਤੋਂ ਕਰਦੇ ਹਨ । ਪਹਿਲਾਂ ਜਦੋਂ ਦੁਨੀਆਂ ਵਿੱਚ ਕੋਈ ਲਾਗ ਵਾਲ਼ੀ ਮਹਾਂਮਾਰੀ ਫੈਲਦੀ ਸੀ ਤਾਂ ਉਸਦੀ ਰੋਕਥਾਮ ਲਈ ਸਾਲਾਂਬੱਧੀ ਖੋਜ ਪੜਤਾਲ ਤੋਂ ਬਾਅਦ ਨਵੀਂ ਵੈਕਸੀਨ ਬਣਾਈ ਜਾਂਦੀ ਸੀ। ਪਰ ਹੁਣ ਵੈਕਸੀਨਾਂ ਪਹਿਲਾਂ ਤੇ ਬਿਮਾਰੀਆਂ ਬਾਅਦ ‘ਚ ਪੈਦਾ ਕੀਤੀਆਂ ਜਾਂਦੀਆਂ ਹਨ। ਹੁਣ ਇਸ ਗੱਲ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਭਵਿੱਖ ਵਿੱਚ ਕਿਸ ਮੰਡੀ ਵਿੱਚ ਕਿਹੜੀ ਚੀਜ਼ ਕਿਸ ਭਾਅ ਵਿਕਣੀ ਹੈ ।
ਹਰਾ ਇਨਕਲਾਬ ਆਉਣ ਤੇ ਖੇਤੀਬਾੜੀ ਦਾ ਮਸ਼ੀਨੀਕਰਨ ਹੋ ਗਿਆ ਜਿਸ ਨਾਲ਼ ਜ਼ਿਆਦਾਤਰ ਗਰੀਬ ਤੇ ਅਨਪੜ੍ਹ ਲੋਕਾਂ ਦੇ ਹੱਥਾਂ ਦੀ ਕਿਰਤ ਖੁਸ ਗਈ। ਖੇਤੀਬਾੜੀ ਦੇ ਜਿੰਨੇ ਵੀ ਆਧੁਨਿਕ ਸੰਦ ਹਨ, ਇਹ ਕਿਰਤੀਆਂ ਦੀ ਰੋਜ਼ੀ ਰੋਟੀ ਖੋਹਣ ਵਾਲ਼ੀ ਹਥਿਆਰਬੰਦ ਸੈਨਾ ਹੈ । ਟਰੈਕਟਰ ਨੂੰ ਜੇ ਮਸ਼ੀਨਗੰਨ ਮੰਨ ਲਿਆ ਜਾਵੇ ਤਾਂ ਕੰਬਾਈਨ ਤੋਪ ਦੇ ਗੋਲ਼ੇ ਜਾਂ ਮਿਜ਼ਾਇਲ ਦੇ ਬਰਾਬਰ ਦਾ ਹਥਿਆਰ ਹੈ। ਹੁਣ ਇਹ ਪੁੱਠੇ ਅਰਥਾਂ ਵਾਲ਼ੀਆਂ ਗੱਲਾਂ ਸਿੱਧ ਪੱਧਰੇ ਦਿਮਾਗ਼ ਵਾਲਿਆਂ ਦੇ ਸਮਝ ਨਹੀਂ ਪੈਣੀਆਂ । ਕਿਰਤ ਦੀ ਲੁੱਟ ਤੇ ਪੁਲਿਸ ਦੀ ਕੁੱਟ ਇਕ ਬਰਾਬਰ ਹੁੰਦੀ ਹੈ ਪਰ ਸਮਾਜ ਵਿੱਚ ਬਰਾਬਰੀ ਦਾ ਤਾਂ ਕਿੱਧਰੇ ਵੀ ਨਾਮੋ ਨਿਸ਼ਾਨ ਨਹੀਂ ਰਿਹਾ । ਪਹਿਲਾਂ ਜੱਟ ਤੇ ਸੀਰੀ ਦੋਵੇਂ ਕਿਰਤੀ ਸਨ ਪਰ ਹੁਣ ਜੱਟ ਜੱਟ ਹੈ ਤੇ ਸੀਰੀ ਤਾਂ ਖ਼ਤਮ ਹੀ ਹੈ । ਜੱਟ ਤੇ ਸੀਰੀ ਦੀ ਦਿਲੀ ਸਾਂਝ ਦੀ ਥਹੁ ਤਾਂ ਸੰਤ ਰਾਮ ਉਦਾਸੀ ਵਰਗਾ ਕੋਈ ਉਹ ਕਵੀ ਹੀ ਪਾ ਸਕਦਾ ਹੈ ਜਿਸਦੀਆਂ ਜੜ੍ਹਾਂ ਆਪਣੇ ਵਤਨ ਦੀ ਮਿੱਟੀ ਵਿੱਚ ਡੂੰਘੀਆਂ ਲੱਗੀਆਂ ਹੋਣ:
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ਼ਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’ ।
 ਹੁਣ ਤਾਂ ਸੀਰੀ ਦੀ ਥਾਂ ਮਸ਼ੀਨਰੀ ਆ ਗਈ ਹੈ । ਭਲਿਆਂ ਸਮਿਆਂ ਵਿਚ ਜੱਟ ਤੇ ਸੀਰੀ ਦੀ ਸਾਂਝ ਭਿਆਲ਼ੀ ਨੂੰ ‘ਨਹੁੰ ਤੇ ਮਾਸ ਦਾ ਰਿਸ਼ਤਾ’ ਕਹਿ ਕੇ ਵਡਿਆਇਆ ਜਾਂਦਾ ਸੀ । ਦੋਹਾਂ ਦੇ ਦੁੱਖ ਦਰਦ, ਹਾਸੇ ਮਜ਼ਾਕ, ਚੋਹਲ ਮੋਹਲ, ਨਾਜ਼ ਨਖਰੇ, ਸਭ ਸਾਂਝੇ ਸਨ ।  ਹੁਣ ਮਸ਼ੀਨਰੀ ਨਾਲ਼ ਤਾਂ ਦੁੱਖ ਵੰਡਾਇਆ ਨਹੀਂ ਜਾ ਸਕਦਾ ਸਗੋਂ ਇਸਨੇ ਤਾਂ ਜ਼ਿਮੀਂਦਾਰ ਦੀਆਂ ਪਰੇਸ਼ਾਨੀਆਂ ਨੂੰ ਵਧਾਇਆ ਹੀ ਹੈ । ਖੇਤੀਬਾੜੀ ਦੇ ਮਸ਼ੀਨੀਕਰਨ ਤੋਂ  ਪਹਿਲਾਂ ਕਿਸਾਨ ਕਿਸਾਨ ਤੇ ਸੀਰੀ ਸੀਰੀ ਸੀ ਪਰ ਜਦ  ਖੇਤੀਬਾੜੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ ਤਾਂ ਹਰ ਕਿਸਾਨ ਜੱਟ ਹੋ ਗਿਆ । ਫਿਰ ਜੱਟ ਤੋਂ ਜਾਗੀਰਦਾਰ ਹੋ ਗਿਆ । ਜਾਗੀਰਦਾਰੀ ਤੇ ਸਰਮਾਏਦਾਰੀ ਦਾ ਆਪਸੀ ਰਿਸ਼ਤਾ ਵੀ ਨਹੁੰ ਮਾਸ ਵਾਲ਼ਾ ਹੀ ਹੈ । ਇਨ੍ਹਾਂ ਦੋਹਾਂ ਨੇ ਰਲ਼ ਕੇ ਕਿਰਤੀ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ । ਗੀਤਾਂ ਤੇ ਫਿਲਮਾਂ ਰਾਹੀ ਚਾਰੇ ਪਾਸੇ ਜੱਟਵਾਦ ਦਾ ਬੋਲਬਾਲਾ ਏਨਾ ਵਧਿਆ ਕਿ ਪੰਜਾਬ ਦੀ ਧਰਤੀ ਤੇ ਰਚੇ ਜਾਂਦੇ ਸਾਹਿਤ ਵਿੱਚੋਂ ਬਾਕੀ ਬਰਾਦਰੀਆਂ ਦੀ ਫੱਟੀ ਪੋਚ ਦਿੱਤੀ ਗਈ। ਨਾ ਕੋਈ ਜੀਵ, ਨਾ ਜੰਤੂ ਤੇ ਨਾ ਕੋਈ ਚਿੜੀ ਜਨੌਰ, ਸਭ ਨਿਗੂਣੇ ਹੋ ਗਏ। ਹੁਣ ਤਾਂ ਚਾਰੇ ਪਾਸੇ ਮਸ਼ੀਨਰੀ ਦਾ ਬੋਲਬਾਲਾ ਹੈ । ਹੁਣ ਇਨ੍ਹਾਂ ੧੫-੨੦ ਕੁ ਸਾਲਾਂ ਦੀ ਉਮਰ ਹੰਢਾਉਣ ਵਾਲ਼ੀਆਂ ਮਸ਼ੀਨਾਂ ਨਾਲ਼ ਰਿਸ਼ਤਿਆਂ ਦੀ ਪੱਕੀ ਪੀਡੀ ਸਾਂਝ ਭਲਾ ਕੌਣ ਪਾਉਣੀ ਚਾਹੇਗਾ ? ਹੁਣ ਧਰਤੀ ਤੇ ਕਿਰਤੀਆਂ ਦੇ ਦਰਦ ਕੌਣ ਸੁਣੇਗਾ ? ਕੌਣ ਸੱਥ ਵਿੱਚ ਬੈਠ ਕੇ ਵਾਰਿਸ ਸ਼ਾਹ ਦੀ ਹੀਰ ਸੁਣੇਗਾ ? ਬਾਬਾ ਨਾਨਕ ਜੀ ਦੀ ਬਾਣੀ ਸੁਣ ਕੌਣ ਸੁਣੇਗਾ ਤੇ ਉਸ ਤੇ ਅਮਲ ਕਰੇਗਾ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ (ਪੰਨਾ ੫੯੫)
ਜਗਤ ਗੁਰ ਬਾਬੇ ਨੇ ਸਿੱਧਾਂ ਦੇ ਵਲ਼ ਵਿੰਙ ਕੱਢਦਿਆਂ ਕਿਹਾ ਸੀ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ ੯੪੩)
ਪਰ ਨਾ ਹੁਣ ਕਿਸੇ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੇ ਨਾ ਧੁਨੀ ਦਾ ਗਿਆਨ ਹੈ । ਉੰਞ ਗੁਰੂ ਸਾਡਾ ਅੱਜ ਵੀ ਸ਼ਬਦ ਹੀ ਹੈ । ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ । ਸਾਡੇ ਕੋਲ਼ ਸਿੱਖੀ ਵਾਲ਼ਾ ਬਾਣਾ ਤਾਂ ਹੈ, ਪਰ ਗੁਰਮਤਿ ਆਸ਼ੇ ਤੇ ਪੂਰੀ ਤਰ੍ਹਾਂ ਢੁੱਕਦੀ ਗੁਰਬਾਣੀ ਦੀ ਵਿਚਾਰ ਨਹੀਂ ਹੈ।  ਭੇਖਧਾਰੀ ਤਾਂ ਬਥੇਰੇ ਹਨ ਪਰ ਗਿਆਨਵਾਨ ਕੋਈ ਵਿਰਲਾ ਟਾਵਾਂ ਵੀ ਨਹੀਂ ਲੱਭਦਾ । ਗਿਆਨ ਹਾਸਲ ਕਰਨ ਲਈ ‘ਸ਼ਬਦ ਤੇ ਧੁਨਿ’ ਸੰਗ ਜੁੜਨਾ ਪਵੇਗਾ । ਪਰ ਇਹ ਤਰੱਦਦ ਕੌਣ ਕਰੇਗਾ ? ਕੌਣ ਇਹ ਹਾਅ ਦਾ ਨਾਹਰਾ ਮਾਰੇਗਾ:
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ॥ (ਪੰਨਾ ੩੬੦)
ਬਾਬਰ ਬਾਣੀ ਕੌਣ ਪੜ੍ਹੇਗਾ ਤੇ ਪੜ੍ਹ ਕੇ ਅਮਲ ਕੌਣ ਕਰੇਗਾ । ਅਮਲਾਂ ਬਾਝੋਂ ਰਵਾਇਤੀ ਬਾਣਾ ਤੇ ਗਿਆਨ ਦੀ ਬੱਧੀ ਪੰਡ, ਦੋਵੇਂ ਬੇਕਾਰ ਹਨ । ਇਹ ਕੇਹੀ ਰੁੱਤ ਆ ਗਈ ਹੈ? ਅੰਦਰ ਤੇ ਬਾਹਰ ਦੋਵੇਂ ਪਾਸੇ ਸਾੜਾ ਹੈ । ਬਸ ਮੈਂ ਇੱਕਲਾ ਹੀ ਚੰਗਾ ਤੇ ਬਾਕੀ ਸਭ ਜਗ ਮੰਦਾ। ਜਦ ਕਿ ਮਾੜਾ ਬੰਦਾ ਨਹੀਂ, ਉਸਦੇ ਕੰਮ ਮਾੜੇ ਹੁੰਦੇ ਹਨ । ਪਰ ਚੰਗੇ ਕੰਮ ਕੌਣ ਕਰੇਗਾ ? ਮਨੁੱਖ ਨੂੰ ਮਨੁੱਖ ਕੌਣ ਸਮਝੇਗਾ ? ਕੌਣ ਬਰਾਬਰੀ ਦੀ ਬਾਤ ਪਾਵੇਗਾ ? ਕੌਣ ਕਿਰਤੀਆਂ ਦੇ ਦਰਦ ਸੁਣੇਗਾ?
ਬੁੱਧ  ਸਿੰਘ ਨੀਲੋਂ
94643 70823

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin