ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
1984 ‘ਚ ਹਰਿਆਣਾ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਗੁੜਗਾਉਂ ਅਤੇ ਪਟੌਦੀ ‘ਚ ਹੋਏ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀੜਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਦਾਇਰ ਕੀਤੇ 133 ਪਟੀਸ਼ਨ ਕਰਤਾ ਦੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿਖੇ 19 ਨਵੰਬਰ ਨੂੰ ਸੁਣਵਾਈ ਕੀਤੀ ਜਾ ਰਹੀ ਹੈ। ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਹੈ ਕਿ ਉਪਰੋਤਕ ਦੋਵਾਂ ਸ਼ਹਿਰਾਂ ਦੇ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਵੱਡੀ ਗਿਣਤੀ ‘ਚ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਤੇ ਹੋਏ ਮਾਲੀ ਨੁਕਸਾਨ ਸਿੱਖਾਂ ਦੀਆਂ ਇਸ ਇਲਾਕੇ ਵਿੱਚ ਲੱਗੀਆਂ ਫ਼ੈਕਟਰੀਆਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਸੀ।
ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ ਦੇ ਗਵਾਹ ਅਤੇ ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਰਿਟ ਨੰਬਰ 10904 ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਲਾਏ ਹਨ। ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਹਾਈਕੋਰਟ ਦੇ ਸੀਨੀਅਰ ਵਕੀਲ ਗਗਨਪ੍ਰਦੀਪ ਸਿੰਘ ਬੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਟੌਦੀ ਸ਼ਹਿਰ ਵਿੱਚ ਜੀਵਨੀ ਬਾਈ ਦੇ ਤਿੰਨ ਬੱਚਿਆਂ ਨੂੰ ਦਰਿੰਦਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਮਾਰ ਮੁਕਾਇਆ ਸੀ ਅਤੇ ਨਵੀਂ ਵਿਆਹੀ ਕਮਲਜੀਤ ਕੌਰ ਦੇ ਪਤੀ ਨੂੰ ਸ਼ਹਿਰ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ ਤੇ ਘਰ ਨੂੰ ਅੱਗ ਲਾ ਦਿੱਤੀ ਸੀ। ਪ੍ਰਧਾਨ ਘੋਲੀਆ ਨੇ ਕਿਹਾ ਹੈ ਕਿ ਭਾਂਵੇਂ ਇਨਸਾਫ਼ ਦੀ ਉਡੀਕ ਕਰਦੇ ਕਰਦੇ ਕਈ ਪੀੜਿਤ ਰੱਬ ਨੂੰ ਪਿਆਰੇ ਹੋ ਗਏ ਹਨ ਪਰ ਉਹ ਪੀੜਿਤ ਪਰਿਵਾਰਾਂ ਨੂੰ ਨਿਆਂ ਦਵਾਉਣ ਲਈ ਕਾਨੂੰਨੀ ਲੜਾਈ ਨਿਰੰਤਰ ਜਾਰੀ ਰੱਖਣਗੇ।
Leave a Reply