ਜ਼ਿਲ੍ਹਾ ਮੋਗਾ ਵਿੱਚ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਕੋਈ ਘਾਟ ਨਹੀਂ, ਕਿਸਾਨ ਵੱਧ ਤੋਂ ਵੱਧ ਲਾਹਾ ਲੈਣ – ਡਿਪਟੀ ਕਮਿਸ਼ਨਰ

ਮੋਗਾ  (  Manpreet singh) – ਫਸਲੀ ਰਹਿੰਦ-ਖੂੰਹਦ ਦੇ ਉਚਿੱਤ ਪ੍ਰਬੰਧਨ ਲਈ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵਾਸਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਬਸਿਡੀ ਵਾਲੀਆਂ ਮਸ਼ੀਨਾਂ ਕਿਸਾਨਾਂ, ਕਸਟਮ ਹਾਈਰਿੰਗ ਸੈਂਟਰਾਂ (ਸੀ.ਐਚ.ਸੀਜ਼), ਕੋਆਪ੍ਰੇਟਿਵ ਸੋਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਮੁਹੱਈਆ ਕਰਵਾਈਆਂ ਹਨ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਨਿਪਟਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਬਗੈਰ ਪ੍ਰਦੂਸ਼ਣ ਤੋਂ ਵਾਤਾਵਰਨ ਪੱਖੀ ਖੇਤੀਬਾੜੀ ਕਰ ਸਕਣ। ਇਹਨਾਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਪਰਾਲੀ ਨੂੰ ਸਾੜਨ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਅਗਲੀ ਫਸਲ ਦੀ ਬਿਜਾਈ ਸੌਖਾਲੇ ਅਤੇ ਘੱਟ ਖਰਚੇ ਵਿੱਚ ਹੋ ਜਾਂਦੀ ਹੈ।
ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਰਾਲੀ ਦੇ ਯੋਗ ਨਿਪਟਾਰੇ ਲਈ ਮਸ਼ੀਨਰੀ ਦੀ ਜ਼ਿਲ੍ਹਾ ਮੋਗਾ ਵਿੱਚ ਕੋਈ ਵੀ ਕਮੀ ਨਹੀਂ ਹੈ। ਜ਼ਿਲ੍ਹਾ ਮੋਗਾ ਵਿੱਚ 7526 ਵਾਤਾਵਰਨ ਪੱਖੀ ਮਸ਼ੀਨਾਂ ਵੱਖ-ਵੱਖ ਕਿਸਾਨਾਂ, ਕਸਟਮ ਹਾਈਰਿੰਗ ਸੈਂਟਰਾਂ (ਸੀ.ਐਚ.ਸੀਜ), ਕੋਆਪ੍ਰੇਟਿਵ ਸੋਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਕੋਲ ਉਪਲੱਬਧ ਹਨ। ਇਹਨਾਂ ਮਸ਼ੀਨਾਂ ਵਿੱਚ 894 ਹੈਪੀ ਸੀਡਰ, 396 ਪੈਡੀ ਸਟਰਾਅ ਚੌਪਰ, 373 ਮਲਚਰ, 503 ਆਰ.ਐਮ.ਬੀ. ਪਲਾਓ, 963 ਜੀਰੋ ਟਿੱਲ ਡਰਿੱਲ, 568 ਸੁਪਰ ਐਸ.ਐਮ.ਐਸ, 60 ਰੋਟਰੀ ਸਲੈਸ਼ਰ, 3345 ਸੁਪਰ ਸੀਡਰ, 4 ਸਮਾਰਟ ਸੀਡਰ, 153 ਰੋਟਾਵੇਟਰ, 92 ਬੇਲਰ, 83 ਰੇਕ, 92 ਸਰਫੇਸ ਸੀਡਰ ਸ਼ਾਮਿਲ ਹਨ।

ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਦੇ ਯਤਨਾਂ ਵਿੱਚ ਵਾਧਾ ਕਰਦਿਆਂ ਹਰੇਕ ਸਬ ਡਿਵੀਜ਼ਨਲ ਪੱਧਰ ਉਪਰ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ। ਕੰਟਰੋਲ ਰੂਮਾਂ ਦੀਆਂ ਇਹ ਟੀਮਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਸੂਚਨਾ ਨੂੰ ਅੱਗੇ ਸਬੰਧਤ ਫੀਲਡ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਦੇਣ ਦੀਆਂ ਜਿੰਮੇਵਾਰ ਹੋਣਗੀਆਂ ਤਾਂ ਕਿ ਇਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਕੰਟਰੋਲ ਰੂਮਾਂ ਦੇ ਨੰਬਰਾਂ ਜਰੀਏ ਕਿਸਾਨ ਪਰਾਲੀ ਪ੍ਰਬੰਧਨ ਲਈ ਸੋਸਾਇਟੀਆਂ, ਗ੍ਰਾਮ ਪੰਚਾਇਤਾਂ ਆਦਿ ਵਿੱਚ ਮੌਜੂਦ ਮਸ਼ੀਨਰੀ ਲਈ ਵੀ ਜਾਣਕਾਰੀ ਲੈ ਸਕਦੇ ਹਨ। ਸਬ ਡਿਵੀਜ਼ਨ ਮੋਗਾ ਦੇ ਕੰਟਰੋਲ ਰੂਮ ਦੇ ਨੰਬਰ 7973058352, 9878576038, 8968510000, 9780100872, ਸਬ  ਡਿਵੀਜ਼ਨ ਬਾਘਾਪੁਰਾਣਾ ਦੇ ਕੰਟਰੋਲ ਰੂਮ ਦੇ ਨੰਬਰ 9814481581, 7009034364, 9815117302, 9780005208 ਹਨ। ਇਸੇ ਤਰ੍ਹਾਂ ਸਬ ਡਿਵੀਜ਼ਨ ਧਰਮਕੋਟ ਦੇ ਕੰਟਰੋਲ ਰੂਮ ਦੇ ਨੰਬਰ 8390200013, 7837600502, 9878525552, 9870002034 ਅਤੇ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਕੰਟਰੋਲ ਰੂਮ ਦੇ ਨੰਬਰ 7009047446, 9780633830, 9876369701, 9780007417 ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਪ੍ਰਕਾਰ ਦੀ ਮੱਦਦ ਕਰ ਰਹੇ ਹਨ ਪ੍ਰੰਤੂ ਫਿਰ ਵੀ ਕਈ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਇਹਨਾਂ ਕਿਸਾਨਾਂ ਉਪਰ ਸਬੰਧਤ ਟੀਮਾਂ ਕਾਰਵਾਈ ਵੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿਸਾਨ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।  ਜਿਹੜੇ ਵੀ ਕਿਸਾਨ ਵੱਲੋਂ ਨਾੜ/ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਉਹਨਾਂ ਦੀ ਜਮੀਨ ਦੀ ਗਿਰਦਾਵਰੀ ਵਿੱਚ ਸੁਰਖ ਅੱਖਰਾਂ ਵਿੱਚ ਇੰਦਰਾਜ ਕੀਤੇ ਜਾ ਰਹੇ ਹਨ ਅਤੇ ਚਲਾਨ ਕੱਟ ਕੇ ਜੁਰਮਾਨੇ ਪਾਏ ਜਾ ਰਹੇ ਹਨ।

Leave a Reply

Your email address will not be published.


*