ਗੁਰਬਖਸ਼ ਸਿੰਘ ਤੇ ਉਸਦਾ ਭਤੀਜਾ ਗੁਰਮੀਤ ਸਿੰਘ ਪਰਾਲੀ ਨੂੰ ਜਲਾਏ ਬਿਨ੍ਹਾਂ ਕਰ ਰਹੇ 165 ਏਕੜ ਦੀ ਖੇਤੀ

ਮੋਗਾ ( ਗੁਰਜੀਤ ਸੰਧੂ )
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੀ ਸਹਾਇਤਾ ਨਾਲ ਪਿੰਡ ਖੋਸਾ ਜਲਾਲ ਦਾ ਗੁਰਬਖਸ਼ ਸਿੰਘ ਅਤੇ ਉਹਨਾਂ ਦਾ ਭਤੀਜਾ ਗੁਰਮੀਤ ਸਿੰਘ ਮਿਲ ਕੇ 165 ਏਕੜ ਦੀ ਖੇਤੀ ਕਰ ਰਹੇ ਹਨ ਅਤੇ ਪਿਛਲੇ 7 ਸਾਲਾਂ ਤੋਂ ਉਹ ਝੋਨੇ ਦੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਅਤੇ ਆਲੂ ਦੀ ਕਾਸ਼ਤ ਕਰ ਰਹੇ ਹਨ। ਇਸ ਸਾਲ ਵੀ ਉਹਨਾਂ ਦੁਆਰਾ 70 ਏਕੜ ਆਲੂ ਅਤੇ 95 ਏਕੜ ਕਣਕ ਦੀ ਕਾਸ਼ਤ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਸ.ਐਮ.ਐਸ., ਮਲਚਰ, ਉਲਟਾਵੇਂ ਹਲ ਅਤੇ ਸੁਪਰਸੀਡਰ ਵਰਗੀਆਂ ਮਸ਼ੀਨਾਂ ਉਹਨਾਂ ਨੂੰ ਸਬਸਿਡੀ ਉਪਰ ਮੁਹੱਈਆ ਕਰਵਾਈਆਂ ਗਈਆਂ ਹਨ।  ਸ੍ਰ ਗੁਰਬਖਸ਼ ਸਿੰਘ ਅਤੇ ਉਹਨਾਂ ਦਾ ਭਤੀਜਾ ਇਸ ਸਾਲ ਵੀ ਬਿਨ੍ਹਾਂ ਅੱਗ ਲਗਾਏ ਆਲੂ ਅਤੇ ਕਣਕ ਦੀ ਕਾਸ਼ਤ ਕਰ ਰਹੇ ਹਨ।

ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਭਤੀਜੇ ਦਾ ਕਹਿਣਾ ਹੈ ਕਿ ਉਹਨਾਂ ਨੇ ਵਾਤਾਵਰਨ ਦੀ ਸ਼ੁੱਧਤਾ ਦੀ ਅਹਿਮੀਅਤ ਨੂੰ ਸਮਝਦਿਆਂ 7 ਸਾਲ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬਿਲਕੁਲ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਹਰ ਸਾਲ ਉਹ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨ ਮਗਰੋਂ ਖੁੱਲ੍ਹੀ ਪਈ ਪਰਾਲੀ ਅਤੇ ਖੜ੍ਹੇ ਕਰਚਿਆਂ ਵਿੱਚ ਮਲਚਰ ਮਾਰ ਕੇ ਆਲੂਆਂ ਅਤੇ ਕਣਕ ਦੀ ਬਿਜਾਈ ਕਰਦੇ ਹਨ।  ਉਹਨਾਂ ਦਾ ਕਹਿਣਾ ਹੈ ਕਿ ਖਾਦਾਂ ਦੀ ਮਾਤਰਾ ਅਤੇ ਕਾਸ਼ਤਕਾਰੀ ਖਰਚੇ ਘਟੇ ਹਨ। ਪਰਾਲੀ ਦੇ ਜ਼ਮੀਨ ਦੀ ਸਤ੍ਹਾ ਤੇ ਰੱਖਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਵੀ 5 ਤੋਂ 10 ਫੀਸਦੀ ਵਧ ਜਾਂਦੀ ਹੈ। ਕੰਬਾਈਨ ਨਾਲ ਪਰਾਲੀ ਖਿਲਾਰਨ ਵਾਲੇ ਯੰਤਰ ਸੁਪਰ ਐਸ.ਐਮ.ਐਸ. ਦੇ ਲਗਾਏ ਜਾਣ ਨਾਲ ਮੁਢ ਕਟਣ ਅਤੇ ਖਿਲਾਰਨ ਵਾਲੀ ਮਸ਼ੀਨ ਪੀ.ਏ.ਯੂ. ਸਟਰਾਅ ਕਰਟਰ-ਕਮ-ਸਪਰੈਡਰ ਦੇ ਆਉਣ ਨਾਲ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਉਹ ਆਲੂਆਂ ਦੀ ਫਸਲ ਵਿੱਚੋਂ ਕਣਕ ਦੀ ਫਸਲ ਨਾਲੋਂ ਜਿਆਦਾ ਕਮਾਈ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਇਹਨਾਂ ਦੋਨਾਂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਸ਼ੁੱਧਤਾ ਵਿੱਚ ਆਪਣੀ ਵੱਡਮੁੱਲਾ ਯੋਗਦਾਨ ਦੇ ਰਹੇ ਹਨ। ਹੁਣ ਸਾਰੇ ਕਿਸਾਨਾਂ ਨੂੰ ਹੀ ਪਰਾਲੀ ਨੂੰ ਜਲਾਉਣ ਤੋਂ ਬਿਨ੍ਹਾਂ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਇਸਦੀ ਸਖਤ ਜਰੂਰਤ ਹੈ।

ਕਿਸਾਨ ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਭਤੀਜੇ ਗੁਰਮੀਤ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ।
ਗੁਰਬਖਸ਼ ਸਿੰਘ ਅਤੇ ਗੁਰਮੀਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮੋਗਾ ਨੂੰ ਜ਼ੀਰੋ ਸਟਬਲ ਬਰਨਿੰਗ ਜ਼ਿਲ੍ਹਾ ਬਣਾਉਣ ਵਿੱਚ ਯੋਗਦਾਨ ਪਾਉਣ।

Leave a Reply

Your email address will not be published.


*