ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਨ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਭਾਈ ਗੁਰਦਾਸ (ਦੂਜੇ) ਲਿਖਦੇ ਹਨ :- ਹਰਿਕਿਸਨ ਭਯੋ ਅਸਟਮ ਬਲਬੀਰਾ। ਜਿਨ ਪਹੁੰਚਿ ਦੇਹਲੀ ਭਜਿਓ ਸਰੀਰਾ।
ਗੁਰੂ ਹਰਿਕ੍ਰਿਸ਼ਨ ਦਾ ਪ੍ਰਕਾਸ਼ 7 ਜੁਲਾਈ1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਜਦੋਂ ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਬੁਲਾਵਾ ਭੇਜਿਆ ਤਾਂ ਸਤਿਗਰੂ ਜੀ ਨੇ ਆਪਣੇ ਵੱਡੇ ਸਪੁੱਤਰ ਰਾਮਿਰਾਇ ਨੂੰ ਇਹ ਕਹਿ ਭੇਜਿਆ ਸੱਚ ਬੋਲਣਾ, ਨਿਡਰ ਹੋ ਕੇ ਉੱਤਰ ਦੇਣਾਂ ਕੋਈ ਕਰਾਮਾਤ ਨਹੀਂ ਦਿਖਾਉਣੀ।
ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਸਾਹਿਬ ਨੇ ਫੁਰਮਾਇਆ:- ਸੁਨੋ ਪੁੱਤਰ ਮੈਂ ਬਚਨ ਜੋ ਕਹੋਂ। ਤੁਮਰੇ ਸੰਗ ਸਦਾ ਮੈਂ ਰਹੋਂ। ਦਿੱਲੀ ਪਤ ਸੋ ਜਾਇ ਤੁਮ ਮਿਲੋ। ਕੁਛ ਸ਼ੰਕ ਭੈ ਨਹੀ ਮਨ ਮੈ ਗਿਲੋ। ਤੁਮਾਰਾ ਬਚਨ ਬਚਨ ਸਫਲ ਸਭ ਹੋਏ। ਤੁਮ ਸਮਾਨ ਬਲੀ ਨਹੀਂ ਕੋਏ। ਜੋ ਪੂਛੈ ਸੋ ਸਤ ਕਹਿ ਦੀਜੇ। ਕਛੁ ਕਰਾਮਾਤ ਪ੍ਰਗਟ ਨਹੀ ਕੀਜੇ। (ਸਾਖੀ 18)
ਪਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ 52 ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ’ ਕਹਿ ਕੇ ਉਚਾਰਣ ਕੀਤੀ ਸੀ। ਗੁਰੂ ਹਰਿਰਾਇ ਸਾਹਿਬ ਜੀ ਨੇ ਰਾਮਰਾਇ ਨੂੰ ਆਪਣੇ ਮੱਥੇ ਨਾ ਲੱਗਣ ਲਈ ਕਿਹਾ। ਗੁਰੂ ਜੀ ਨੇ ਆਪਣਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਆਉਣ ਕਰਕੇ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਲਈ ਹਰ ਪੱਖ ਤੋਂ ਯੋਗ ਸਮਝਿਆ। ਸੰਨ 1661 ਨੂੰ ਸਿੱਖ ਸੰਗਤ ਦੇ ਸਨਮੁੱਖ ਹੋ ਕੇ ਗੁਰੂ ਹਰਿਰਾਇ ਸਾਹਿਬ ਨੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਬਖਸ਼ ਦਿੱਤੀ।ੲ ਸ੍ਰੀ ਹਰਿਕ੍ਰਿਸ਼ਨ ਸਾਹਿਬ ਅੱਠਵੀਂ ਪਾਤਸ਼ਾਹੀ ਵਜੋਂ ਗੁਰਿਆਈ ਨਾਸ਼ੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਗੁਰੂ ਸਾਹਿਬ ਵਿਰੁੱਧ ਸਾਜਿਸ਼ਾਂ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ ਪਰ ਸਿੱਖਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਨੂੰ ਸਤਿ ਕਹਿ ਪ੍ਰਵਾਨ ਕੀਤਾ ਤੇ ਕਿਸੇ ਵੀ ਸਿੱਖ ਨੇ ਰਾਮ ਰਾਇ ਨੂੰ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਆਖਣ ਲੱਗਿਆ “ਬਾਦਸ਼ਾਹ! ਵੱਡਾ ਪੁੱਤਰ ਮੈਂ ਹਾਂ ਤੇ ਗੁਰਿਆਈ ‘ਤੇ ਹੱਕ ਵੀ ਮੇਰਾ ਹੀ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋ ਸਕਿਆ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ ਪਰੰਤੂ ਫਿਰ ਉਸਨੇ ਵਿਉਂਤ ਗੁੰਦੀ ਕਿ ਜੇਕਰ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਤਾਂ ਹਕੂਮਤ ਇੱਕ ਪਾਸੇ ਤੋਂ ਬੇ-ਫ਼ਿਕਰ ਹੋ ਜਾਵੇਗੀ। ਔਰੰਗਜ਼ੇਬ ਨੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ ਪਰ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ। ਕਵੀ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ:- ਸੁਨ ਕੇ ਸ੍ਰੀ ਹਰਿ ਕਿਸਨ ਸੁਜਾਨਾ। ਸਭਨ ਸੁਨਾਵਤ ਬਾਕ ਬਖਾਨਾ। ਨਹਿ ਮਲੇਛ ਕੋ ਦਰਸ਼ਨ ਦੇ ਹੈ। ਹੋਇ ਸਮੀਪ ਤਿਨ ਕੋ ਨਹਿ ਲੈ ਹੈ। ਇਹੀ ਨੇਮ ਪਿਤ ਕੀਨ ਹਮਾਰੇ। ਤਿਸ ਪ੍ਰਕਾਰ ਹਮ ਭੀ ਉਰ ਧਾਰੇ।
ਗੁਰੂ ਹਰਕ੍ਰਿਸ਼ਨ ਜੀ ਨੇ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ।
ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਕਿਸੇ ਵੀ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਸੱਦੋ। ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵੱਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਬੇਨਤੀ ਕਰਨੀ ਤੇ ਬੜੇ ਆਦਰ ਸਤਿਕਾਰ ਨਾਲ ਪਾਲਕੀ ‘ਚ ਲੈ ਕੇ ਆਉਣਾ।
ਕੀਰਤਪੁਰ ਦੇ ਆਲੇ-ਦੁਆਲੇ ਦੇ ਜਿੰਨਾ ਲੋਕਾਂ ਨੇ ਸੁਣਿਆ ਕਿ ਗੁਰੂ ਜੀ ਔਰੰਗਜ਼ੇਬ ਦੇ ਸੱਦੇ ਤੇ ਦਿੱਲੀ ਜਾ ਰਹੇ ਹਨ, ਸਭ ਨੂੰ ਤੌਂਖਲਾ ਹੋਇਆ।
ਸਤਿਗੁਰੂ ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਹੌਂਸਲਾ ਦਿੱਤਾ ਪਰ ਫਿਰ ਵੀ ਸੈਂਕੜੇ ਸਿੱਖ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਇਲਾਕੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁੱਝ ਉੱਘੇ ਸਿੱਖਾਂ ਤੋਂ ਬਿਨਾਂ, ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਪੰਜੋਖਰੇ ਵਿੱਚ ਇਕ ਪੰਡਿਤ ਲਾਲ ਚੰਦ ਸੀ। ਉਹ ਬਹੁਤ ਖਿਝਿਆ ਹੋਇਆ ਸੀ ਤੇ ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ, ”ਤੁਸੀ ਆਪਣੇ ਆਪ ਨੂੰ ਗੁਰੂ ਹਰਿ ਕ੍ਰਿਸ਼ਨ ਅਖਵਾਉਂਦੇ ਹੋ ? ਇਸ ਤਰ੍ਹਾਂ ਆਪ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡੇ ਬਣਦੇ ਹੋ? ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਸੀ, ਤੁਸੀਂ ਉਸਦੇ ਅਰਥ ਕਰਕੇ ਹੀ ਵਿਖਾਓ ਅਤੇ ਨਾਲੇ ਸ਼ਾਸ਼ਤਰਾਂ ਦੇ ਅਰਥ ਕਰਨ ਵਿੱਚ ਮੇਰੇ ਨਾਲ ਮੁਕਾਬਲਾ ਕਰ ਲਵੋ।”
ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ਬ੍ਰਹਮ-ਗਿਆਨ ਦੇ ਪੁੰਜ ਤੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸਨੂੰ ਕਿਹਾ, ”ਅਸੀ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਾਸ਼ਤਰਾਰਥ ਤੁਸੀਂ ਫੇਰ ਕਰਿਓ, ਪਹਿਲਾਂ ਤੁਸੀ ਆਪਣੀ ਮਰਜ਼ੀ ਨਾਲ ਚੁਣੇ ਕਿਸੇ ਸਿੱਖ ਨਾਲ ਟਾਕਰਾ ਵਿਚਾਰ ਕਰ ਵੇਖੋ। ਜਾਓ! ਪਿੰਡ ਵਿੱਚੋਂ ਕੋਈ ਬੰਦਾ ਲੈ ਆਓ, ਉਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ।
ਪੰਡਤ ਲਾਲ ਚੰਦ ਜਾ ਕੇ ਛੱਜੂ ਨਾਂ ਦੇ ਇੱਕ ਮਹਾਂਮੂਰਖ਼ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝਿਊਰ ਸੀ। ਗੁਰੂ ਜੀ ਨੇ ਛੱਜੂ ਦੀਆਂ ਅੱਖਾਂ ਵਿੱਚ ਅੱਖਾਂ ਰਲਾ ਕੇ ਉਸਨੂੰ ਕਿਹਾ, ”ਛੱਜੂ ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈਂ। ਇਸ ਪੰਡਤ ਨਾਲ ਸ਼ਾਸ਼ਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰ ਦੇ।’ ਫੇਰ ਆਪ ਜੀ ਨੇ ਛੱਜੂ ਦੇ ਸਿਰ ਉੱਤੇ ਆਪਣੀ ਸੋਟੀ ਦਾ ਸਿਰਾ ਰੱਖਿਆ ਅਤੇ ਬ੍ਰਾਹਮਣ ਨੂੰ ਕਿਹਾ, ”ਪੁੱਛੋ ਜੋ ਪੁੱਛਣਾ ਜੇ।” ਤਾਂ ਪੰਡਤ ਨੇ ਛੱਜੂ ਪਾਸੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਤੇ ਛੱਜੂ ਫਟਾ-ਫਟ ਦੱਸੀ ਗਿਆ। ਲਾਲ ਚੰਦ ਦਾ ਹੰਕਾਰ ਟੁੱਟ ਗਿਆ, ਉਹ ਗੁਰੂ ਜੀ ਦੇ ਚਰਨੀਂ ਢਹਿ ਕੇ ਸਿੱਖ ਬਣ ਗਿਆ। ਸਤਿਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਹੋਰ ਫੈਲ ਗਈ।
ਜਦੋਂ ਸੰਗਤ ਸਮੇਤ ਆਪ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿੱਚ ਉਤਾਰਾ ਕਰਵਾਇਆ। (ਉਸ ਜਗ੍ਹਾ ਹੁਣ ਬੰਗਲਾ ਸਾਹਿਬ ਗੁਰੂਦੁਆਰਾ ਸੁਸ਼ੋਭਿਤ ਹੈ) ਰਾਜਾ ਜੈ ਸਿੰਘ ਦੀ ਰਾਣੀ ਦੇ ਦਿਲ ਵਿੱਚ ਗੁਰੂ ਜੀ ਦੀ ਬਾਲਕ ਉਮਰ ਬਾਰੇ ਵਹਿਮ-ਭਰਮ ਕੁਝ ਬ੍ਰਾਹਮਣਾਂ ਨੇ ਭਰ ਦਿੱਤੇ ਸੀ ਰਾਣੀ ਨੇ ਗੁਰੂ ਜੀ ਦੀ ਪਰਖ਼ ਕਰਨੀ ਚਾਹੀ ਤੇ ਹੋਰ ਕਈ ਅਮੀਰ ਘਰਾਣਿਆਂ ਦੀਆਂ ਔਰਤਾਂ ਨੂੰ ਆਪਣੇ ਮਹਿਲ ਵਿੱਚ ਬੁਲਾ ਲਿਆ ਤੇ ਮਨ ਵਿੱਚ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ ਛੱਡ ਕੇ ਮੇਰੀ ਗੋਦ ਵਿੱਚ ਆ ਕੇ ਬੈਠੇ।
ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਹੋਰ ਸਭਨਾਂ ਦੇ ਕੋਲੋਂ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਦੀ ਨਿਸ਼ਾ ਹੋ ਗਈ। ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਦਿੱਲੀ ਦੀ ਸੰਗਤ ਹਰ ਰੋਜ਼ ਰਾਜਾ ਜੈ ਸਿੰਘ ਦੇ ਬੰਗਲੇ ਪਹੁੰਚਣ ਲੱਗੀ। ਸਤਿਸੰਗ ਹੁੰਦਾ ਤੇ ਸੰਗਤਾਂ ਗੁਰੂ ਦੇ ਦਰਸ਼ਨ ਕਰਦੀਆਂ। ਔਰੰਗਜ਼ੇਬ ਨੇ ਆਪਣੇ ਸਾਹਿਬਜ਼ਾਦੇ ਮੁਅੱਜ਼ਮ ਨੂੰ ਭੇਜਿਆ। ਉਸਨੂੰ ਗੁਰੂ ਜੀ ਨੇ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।
ਰਾਮ ਰਾਇ ਦੇ ਦਾਅਵੇ ਬਾਰੇ ਗੁਰੂ ਜੀ ਨੇ ਬਾਦਸ਼ਾਹ ਨੂੰ ਕਹਿ ਭੇਜਿਆ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ ਹੈ। ਰਾਮ ਰਾਇ ਨੇ ਗੁਰਬਾਣੀ ਦੀ ਤੁਕ ਉਲਟਾਈ ਤੇ ਪਿਤਾ ਗੁਰੂ ਜੀ ਨੇ ਉਸਨੂੰ ਤਿਆਗ ਦਿੱਤਾ। ਇਸ ਵਿੱਚ ਕੋਈ ਵਧੀਕੀ ਨਹੀਂ ਅਤੇ ਨਾ ਹੀ ਕਿਸੇ ਨਾਲ ਬੇ-ਇਨਸਾਫ਼ੀ ਹੈ।ਬਾਦਸ਼ਾਹ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਅਜ਼ਮਤ ਨੂੰ ਚੰਗੀ ਤਰ੍ਹਾਂ ਵੇਖ ਚੁੱਕਾ ਸੀ ਪਰ ਔਰੰਗਜ਼ੇਬ ਨੇ ਰਾਮ ਰਾਇ ਦੀ ਚੁੱਕਣਾ ‘ਚ ਆ ਕੇ ਉਸਨੂੰ ਨੂੰ ਸੱਤ ਪਿੰਡ ਖੁਰਵੜਾ, ਧਮਵਾਲ, ਚਮਾਧਰੀ, ਦਰਤਨਾਵਲੀ, ਪੰਡਿਤਵਾੜੀ, ਮਿਆਵਲ ਅਤੇ ਰਾਜਪੁਰਾ ਜਾਗੀਰ ਵਜੋਂ ਦੇ ਦਿੱਤੇ। ਇੱਥੇ ਹੀ ਪਿੱਛੋਂ ਡੇਹਰਾਦੂਨ ਵਸਿਆ। ਰਾਮ ਰਾਇ ਆਪਣੀ ਜਾਗੀਰ ਵੱਲ ਚਲਾ ਗਿਆ ਅਤੇ ਆਪਣੀ ਵੱਖਰੀ ਸੰਪ੍ਰਦਾਇ ਬਣਾ ਕੇ ਬੈਠ ਗਿਆ।
ਗੁਰੂ ਜੀ ਅਜੇ ਦਿੱਲੀ ਹੀ ਸਨ ਕਿ ਸੰਨ 1664 ਵਿੱਚ ਚੇਚਕ ਦੀ ਬਿਮਾਰੀ ਫੈਲ ਗਈ। ਲੋਕ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਨੇ ਦੁਖੀ ਗ਼ਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਦਸਵੰਧ ਦੀ ਭੇਟਾ ਨੂੰ ਇਸੇ ਲਈ ਵਰਤਿਆ ਗਿਆ। ਗੁਰੂ ਜੀ ਆਪਣੀ ਪਰਵਾਹ ਨਾ ਕਰਦਿਆਂ ਪੀੜਤਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਜਿਸਦਾ ਨਤੀਜਾ ਇਹ ਨਿਕਲਿਆ ਕਿ ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਵੀ ਬੁਖ਼ਾਰ ਹੋ ਗਿਆ ਤੇ ਸਤਿਗੁਰੂ ਜੀ ਦੇ ਸਰੀਰ ਉਪਰ ਵੀ ਚੇਚਕ ਨਾਂਅ ਦੀ ਬਿਮਾਰੀ ਦੇ ਲੱਛਣ ਦਿਸਣ ਲੱਗੇ।
ਸਤਿਗੁਰੂ ਜੀ ਨੇ ਆਪਣਾ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਬੈਠੀ ਸਾਰੀ ਸੰਗਤ ਨੂੰ ਸੰਕੇਤਕ ਰੂਪ ‘ਚ ਹੁਕਮ ਦਿੱਤਾ ਕਿ ਅਗਲਾ ਗੁਰੂ ‘ਬਾਬਾ ਬਕਾਲੇ’। ਜਿਸਦਾ ਭਾਵ ਇਹ ਸੀ ਕਿ ਸਾਡੇ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂ ਪੁਰਖ ਪਿੰਡ ਬਕਾਲੇ ਵਿੱਚ ਹੈ। ਇਹ ਕਹਿ ਕੇ ਆਪ 30 ਮਾਰਚ, ਸੰਨ 1664 ਨੂੰ ਜੋਤੀ-ਜੋਤ ਸਮਾ ਗਏ। ਜਮਨਾ ਦੇ ਕੰਢੇ, ਜਿਸ ਜਗ੍ਹਾ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਜਗ੍ਹਾ ਹੁਣ ਬਾਲਾ ਸਾਹਿਬ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤ ਸਮਾਉਣ ਵੇਲੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ। ਆਪ ਜੀ ਨੇ ਤਕਰੀਬਨ ਤਿੰਨ ਕੁ ਸਾਲ ਦੇ ਕਰੀਬ ਗੁਰਤਾਗੱਦੀ ਸੰਭਾਲੀ। ਜਿਹੜਾ ਵੀ ਮਨੁੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੱਚੇ ਦਿਲੋਂ ਧਿਆਉਂਦਾ ਹੈ ਉਸਦੇ ਹਰ ਪ੍ਰਕਾਰ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਵਿਚ ਲਿਖਦੇ ਹਨ:- “ਸ੍ਰੀ ਹਰਿਕ੍ਰਿਸ਼ਨ ਧਿਆਈਐਂ, ਜਿਸ ਡਿੱਠੇ ਸਭਿ ਦੁਖ ਜਾਇ।।”
ਸੁਰਜੀਤ ਸਿੰਘ ‘ਦਿਲਾ ਰਾਮ’
ਖੋਜਾਰਥੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਸ੍ਰੀ ਫਤਹਿਗੜ੍ਹ ਸਾਹਿਬ
ਸੰਪਰਕ 99147-22933
Leave a Reply