ਚੰਡੀਗੜ੍ਹ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਤੇ ਰੋਕਿਆ

ਚੰਡੀਗੜ੍ਹ/ ਐੱਸ ਏ ਐੱਸ ਨਗਰ ਮੋਹਾਲੀ (ਪੱਤਰਕਾਰ ): ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ, ਮੰਡੀ ਮਜ਼ਦੂਰਾਂ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਝੋਨੇ ਦੀ ਖਰੀਦ ਬਾਰੇ ਕਿਸਾਨ ਭਵਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਰੋਕਿਆ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਬਰਨਾਲੇ ਵਾਲੇ ਸਾਥੀਆਂ ਨਾਲ ਜਦੋਂ ਚੰਡੀਗੜ ਵੱਲ ਜਾ ਰਹੇ ਸਨ ਤਾਂ ਉਹਨਾਂ ਨੂੰ ਪਟਿਆਲਾ ਜ਼ੀਰਕਪੁਰ ਰੋਡ ਤੇ ਛੱਤ ਬੀੜ ਵਾਲੇ ਚੌਂਕ ਵਿੱਚ ਰੋਕ ਲਿਆ ਗਿਆ। ਜਦੋਂ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਪ੍ਰਧਾਨ ਅਤੇ ਸਾਥੀਆਂ ਨੇ ਉੱਥੇ ਧਰਨਾ ਸ਼ੁਰੂ ਕਰ ਦਿੱਤਾ। ਅਖੌਤੀ ਇਨਕਲਾਬੀ ਭਗਵੰਤ ਮਾਨ ਦੀ ਪੁਲਿਸ ਨੇ ਭਾਰੀ ਸੰਖਿਆ ਵਿੱਚ ਆ ਕੇ ਪ੍ਰਧਾਨ ਦੀ ਜਾਣ ਬੁੱਝ ਕੇ ਖਿੱਚ ਧੂਅ ਕੀਤੀ। ਪ੍ਰਧਾਨ ਦੀ ਪੱਗ ਲਾਹੀ ਗਈ, ਉਹਨਾਂ ਨੂੰ ਠੁੱਡੇ ਮਾਰੇ ਗਏ, ਗਾਲ਼ਾਂ ਕੱਢੀਆਂ ਗਈਆਂ ਅਤੇ ਡੰਡੇ ਮਾਰੇ ਗਏ। ਨਾਲ ਹੀ ਹੋਰ ਕਿਸਾਨ ਵਰਕਰਾਂ ਨੂੰ ਵੀ ਪੰਜਾਬ ਪੁਲਿਸ ਨੇ ਗਾਲਾਂ ਕੱਢੀਆਂ ਅਤੇ ਡੰਡੇ ਮਾਰੇ। ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜਬਰੀ ਬੱਸਾਂ ਵਿੱਚ ਸੁੱਟ ਲਿਆ ਗਿਆ ਪ੍ਰੰਤੂ ਕਿਸਾਨ ਫਿਰ ਬੱਸਾਂ ਵਿੱਚੋਂ ਉਤਰ ਗਏ ਅਤੇ ਧਰਨਾ ਦੁਬਾਰਾ ਸ਼ੁਰੂ ਕਰ ਦਿੱਤਾ। ਖਬਰ ਭੇਜੇ ਜਾਣ ਤੱਕ ਉਥੇ ਹੋਰ ਜਥੇਬੰਦੀਆਂ ਦੇ ਕਿਸਾਨ ਆਗੂ ਅਤੇ ਵਰਕਰ ਵੀ ਪਹੁੰਚ ਗਏ ਸਨ ਅਤੇ ਧਰਨਾ ਜਾਰੀ ਹੈ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਸੁਖ ਗਿੱਲ ਮੋਗਾ, ਭਾਕਿਯੂ ਏਕਤਾ ਡਕੌਂਦਾ ਦੇ ਮੋਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਵਗੈਰਾ ਨੂੰ ਬੁੜੈਲ ਜੇਲ੍ਹ ਕੋਲ ਰੋਕ ਲਿਆ ਗਿਆ। ਇੱਥੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਰੁਲਦੂ ਸਿੰਘ ਮਾਨਸਾ ਅਤੇ ਬੋਘ ਸਿੰਘ ਮਾਨਸਾ ਵੀ ਬੱਸ ਵਿੱਚ ਗ੍ਰਿਫਤਾਰ ਕਰਕੇ ਬਿਠਾਈ ਰੱਖੇ। ਇੱਥੇ ਸਾਰੇ ਕਿਸਾਨਾਂ  ਨੇ ਇਕੱਠੇ ਹੋ ਕੇ ਬੜੈਲ ਜੇਲ ਕੋਲ ਟਰੈਫਿਕ ਜਾਮ ਕਰ ਦਿੱਤਾ। ਇਸੇ ਤਰ੍ਹਾਂ ਭਾਗੋਮਾਜਰਾ ਟੋਲ ਤੇ ਵੀ ਜਾਮ ਲਾਇਆ ਗਿਆ ਉਥੋਂ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਪ੍ਰੰਤੂ ਬੜੌਲੀ ਕੋਲ ਰੋਕ ਲਿਆ ਗਿਆ। ਸ਼ਾਮ ਤੱਕ ਕਾਫੀ ਕਿਸਾਨ ਆਗੂ ਕਿਸਾਨ ਭਵਨ ਪਹੁੰਚ ਚੁੱਕੇ ਸਨ ਪਰ ਸੜਕਾਂ ਉੱਪਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।

Leave a Reply

Your email address will not be published.


*