ਸੰਗਰੂਰ ( ਪੱਤਰਕਾਰ ) ਝੋਨੇ ਦੀ ਝੂਠੀ ਕਾਂਗਿਆਰੀ ਇੱਕ ਉੱਲੀ ਰੋਗ ਹੈ, ਜੋ ਕਿ ਪ੍ਰਮੁੱਖ ਤੌਰ ਤੇ ਝੋਨੇ ਦੇ ਸਿੱਟਿਆਂ ਤੇ ਹਮਲਾ ਕਰਦਾ ਹੈ। ਦਾਣਿਆਂ ਦੀ ਥਾਂ ਪੀਲੇ ਤੋਂ ਗਾੜ੍ਹੇ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਦੇ ਹਨ। ਜੇਕਰ ਫ਼ਸਲ ਨਿਸਰਣ ਸਮੇਂ ਮੀਂਹ, ਬੱਦਲਵਾਈ ਅਤੇ ਵਧੇਰੇ ਸਿੱਲ੍ਹ ਰਹੇ ਤਾਂ ਇਹ ਬਿਮਾਰੀ ਜ਼ਿਆਦਾ ਲਗਦੀ ਹੈ।
ਰੂੜੀ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਬਹੁਤੀ ਵਰਤੋਂ ਕਰਕੇ ਵੀ ਇਸ ਬਿਮਾਰੀ ਦਾ ਵਾਧਾ ਬਹੁਤ ਹੁੰਦਾ ਹੈ।ਖੇਤ ਵਿੱਚ ਜਿਆਦਾ ਦੇਰ ਪਾਣੀ ਖੜਾ ਰੱਖਣ ਨਾਲ਼ ਨਮੀ ਵਧਦੀ ਹੈ ਜਿਸ ਨਾਲ ਇਸ ਬਿਮਾਰੀ ਦਾ ਹਮਲਾ ਹੋਰ ਤਿੱਖਾ ਹੋ ਸਕਦਾ ਹੈ। ਇਸ ਲਈ ਪਾਣੀ ਵੀ ਲੋੜ ਅਨੁਸਾਰ ਅਤੇ ਸੰਕੋਚ ਕੇ ਲਾਉਣਾ ਚਾਹੀਦਾ ਹੈ। ਇਹ ਬਿਮਾਰੀ ਝੋਨੇ ਦੀਆਂ ਵੱਧ ਝਾੜ ਦੇਣ ਵਾਲ਼ੀਆਂ ਕਿਸਮਾਂ ਅਤੇ ਹਾਈਬ੍ਰਿਡ ਕਿਸਮਾਂ ਤੇ ਆ ਸਕਦੀ ਹੈ। ਇਸ ਵਾਰੀ ਫ਼ਸਲ ਨਿਸਰਣ ਸਮੇਂ ਮੌਸਮ ਦੇ ਅਨੁਕੂਲ ਹੋਣ ਕਰਕੇ ਕਈ ਖੇਤਾਂ ਵਿੱਚ, ਜਿੱਥੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਬੇਲੋੜੀ ਵਰਤੋਂ ਕੀਤੀ ਗਈ ਸੀ, ਇਸ ਰੋਗ ਦਾ ਹਮਲਾ ਵੇਖਿਆ ਗਿਆ ਹੈ। ਇਸ ਬਾਰੇ ਹੋਰ ਗੱਲਬਾਤ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਪੀ ਏ ਯੂ ਮਾਹਿਰਾਂ ਦੀ ਸਲਾਹ ਮੁਤਾਬਿਕ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਸ ਉੱਲੀ ਵਾਲ਼ੀ ਬਿਮਾਰੀ ਦੀ ਲਾਗ ਪ੍ਰਭਾਵਿਤ ਦਾਣਿਆਂ ਤੋਂ ਨਰੋਏ ਦਾਣਿਆਂ ਨੂੰ ਨਹੀਂ ਲਗਦੀ।
ਜੇਕਰ ਅਜੇ ਫਸਲ ਗੋਭ ‘ਚ ਹੈ ਤਾਂ ਬਿਮਾਰੀ ਤੇ ਕਾਬੂ ਪਾਉਣ ਲਈ ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ਼ 500 ਗ੍ਰਾਮ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਕਰੋ । ਦੂਜਾ ਛਿੜਕਾਅ 10 ਦਿਨਾਂ ਬਾਅਦ ਕਰੋ। ਧਿਆਨਯੋਗ ਰਹੇ ਕਿ ਉੱਲੀ ਦੇ ਗੋਲ਼ੇ ਜਿਹੇ ਬਣ ਜਾਣ ਤੋਂ ਬਾਅਦ ਛਿੜਕਾਅ ਬਿੱਲਕੁਲ ਬੇਅਸਰ ਹੁੰਦਾ ਹੈ। ਇਸ ਲਈ ਖੇਤੀ ਵਿਗਿਆਨੀਆਂ ਵੱਲੋਂ ਕਿਸਾਨਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਜੇਕਰ ਫਸਲ ਦੋਧੇ ਵਿੱਚ ਹੈ ਜਾਂ ਪੱਕਣ ਵੱਲ ਨੂੰ ਵਧ ਰਹੀ ਹੈ ਤਾਂ ਬੇਲੋੜੇ ਸਪਰੇਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ।
Leave a Reply