ਮੋਗਾ (ਮਨਜੀਤ ਸਿੰਘ) ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀਆਂ ਲੈਣ ਦਾ ਅੱਜ ਆਖਰੀ ਦਿਨ ਸੀ। ਜ਼ਿਲ੍ਹਾ ਮੋਗਾ ਵਿੱਚ ਸੰਭਾਵੀ ਉਮੀਦਵਾਰਾਂ ਨੂੰ ਐਨ ਓ ਸੀਜ਼ (ਇਤਰਾਜ਼ਹੀਣਤਾ ਸਰਟੀਫਿਕੇਟ) ਜਾਰੀ ਕਰਨ ਅਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਚੋਣ ਆਬਜ਼ਰਵਰ ਅਤੇ ਵਿੱਤ ਵਿਭਾਗ ਦੇ ਡਾਇਰੈਕਟਰ ਜਨਾਬ ਮੁਹੰਮਦ ਤਾਇਬ ਨੇ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੋਰ ਚੋਣ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਜਨਾਬ ਮੁਹੰਮਦ ਤਾਇਬ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਬਾਘਾਪੁਰਾਣਾ ਵਿਖੇ ਸੰਭਾਵੀ ਉਮੀਦਵਾਰਾਂ ਨੂੰ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਜਾ ਰਹੇ ਐਨ ਓ ਸੀਜ਼ (ਇਤਰਾਜ਼ਹੀਣਤਾ ਸਰਟੀਫਿਕੇਟ) ਦੀ ਪ੍ਰਕਿਰਿਆ ਨੂੰ ਨਿੱਜੀ ਤੌਰ ਉੱਤੇ ਦੇਖਿਆ ਅਤੇ ਸਾਰੇ ਰਿਕਾਰਡ ਨੂੰ ਚੈੱਕ ਕੀਤਾ। ਇਸ ਮੌਕੇ ਉਹਨਾਂ ਐਨ ਓ ਸੀਜ਼ (ਇਤਰਾਜ਼ਹੀਣਤਾ ਸਰਟੀਫਿਕੇਟ) ਲੈਣ ਅਤੇ ਨਾਮਜ਼ਦਗੀਆਂ ਭਰਨ ਅਤੇ ਵੱਖ ਵੱਖ ਸੰਭਾਵੀ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ। ਸਮੂਹ ਧਿਰਾਂ ਨੇ ਜ਼ਿਲ੍ਹਾ ਮੋਗਾ ਪ੍ਰਸ਼ਾਸ਼ਨ ਵੱਲੋਂ ਐਨ ਓ ਸੀਜ਼ (ਇਤਰਾਜ਼ਹੀਣਤਾ ਸਰਟੀਫਿਕੇਟ) ਜਾਰੀ ਕਰਨ ਅਤੇ ਨਾਮਜ਼ਦਗੀਆਂ ਭਰਵਾਉਣ ਦੇ ਪੂਰੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਉਹ ਅੱਜ ਨਾਮਜ਼ਦਗੀਆਂ ਭਰਨ ਆਏ ਸਨ। ਪਹਿਲਾਂ ਆ ਕੇ ਉਹਨਾਂ ਨੇ ਐਨ ਓ ਸੀਜ਼ (ਇਤਰਾਜ਼ਹੀਣਤਾ ਸਰਟੀਫਿਕੇਟ) ਪ੍ਰਾਪਤ ਕਰ ਲਈਆਂ ਬਾਅਦ ਵਿੱਚ ਉਹਨਾਂ ਨੇ ਨਾਮਜ਼ਦਗੀਆਂ ਭਰ ਦਿੱਤੀਆਂ। ਜ਼ਿਲ੍ਹਾ ਮੋਗਾ ਵਿਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਮੁਕੰਮਲ ਹੋ ਗਈ।
ਇਸ ਮੌਕੇ ਪ੍ਰਬੰਧਾਂ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਚੋਣ ਆਬਜ਼ਰਵਰ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ 340 ਸਰਪੰਚਾਂ ਅਤੇ 2486 ਪੰਚਾਂ ਲਈ ਚੋਣ ਹੋਣੀ ਹੈ। ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੀ ਪੂਰੇ ਸੂਬੇ ਵਿੱਚ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 05.10.2024 (ਸ਼ਨੀਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 07.10.2024 (ਸੋਮਵਾਰ) ਦੁਪਹਿਰ 03:00 ਵਜੇ ਤੱਕ ਹੈ। ਵੋਟਾਂ 15.10.2024 (ਮੰਗਲਵਾਰ) ਨੂੰ ਬੈਲਟ ਬਕਸਿਆਂ ਰਾਹੀਂ ਸਵੇਰੇ 08.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਪੋਲਿੰਗ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਚੋਣ ਆਬਜ਼ਰਵਰ ਨੂੰ ਤਿਆਰੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਚੋਣਾਂ ਨੂੰ ਪਾਰਦਰਸ਼ੀ ਅਤੇ ਭੈ ਮੁਕਤ ਮਾਹੌਲ ਵਿੱਚ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੀਆਂ ਕੁਲ 340 ਗ੍ਰਾਮ ਪੰਚਾਇਤਾਂ ਵਿਚੋਂ 69 ਸੀਟਾਂ ਐਸ.ਸੀ ਰਿਜ਼ਰਵ ਹਨ, ਇਸ ਤੋਂ ਇਲਾਵਾ 70 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 201 ਸੀਟਾਂ ਵਿਚੋਂ 101 ਔਰਤਾਂ ਲਈ ਤੇ 100 ਜਨਰਲ ਸੀਟਾਂ ਹਨ।
Leave a Reply