ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਤੇ ਇੱਕ ਹਜ਼ਾਰ ਬੂਟਿਆਂ ਦਾ ਲੰਗਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਬਾਹਰ ਮੇਨ ਗੇਟ ਦੇ ਬਾਹਰ ਲਗਾਇਆ ਗਿਆ। ਬੂਟੇ ਵੰਡਣ ਦੀ ਸ਼ੁਰੂਆਤ ਚੇਅਰਮੈਨ ਰਮੇਸ਼ ਰਾਮਪੁਰਾ, ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।
ਇਸ ਮੌਕੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਡੀ ਐਸਸੀਏਸ਼ਨ ਵੱਲੋਂ 1000 ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਅੱਜ ਸਾਡਾ ਵਾਯੂਮੰਡਲ, ਪੀਣ ਵਾਲਾ ਪਾਣੀ, ਹਵਾ ਸਭ ਪ੍ਰਦੂਸ਼ਿਤ ਹੋ ਚੁੱਕੇ ਹਨ, ਜਿਸ ਕਾਰਨ ਕਈ ਘਾਤਕ ਬੀਮਾਰੀਆਂ ਲਗਾਤਾਰ ਲੋਕਾਂ ਵਿੱਚ ਫੈਲ ਰਹੀਆਂ ਹਨ। ਜਿਨਾਂ ਦਾ ਇਲਾਜ਼ ਕਾਫ਼ੀ ਮਹਿੰਗਾ ਹੁੰਦਾ ਹੈ ਅਤੇ ਕਈ ਵਾਰ ਕਿਸੇ ਵਿਅਕਤੀ ਦੀ ਜਾਨ ਤੱਕ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਹਰ ਵਿਅਕਤੀ ਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਜੇਕਰ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਹਰ ਇੱਕ ਵਿਅਕਤੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਹਰਿਆਵਲ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਯੋਗਦਾਨ ਦੇਣਾ ਹੋਵੇਗਾ। ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਆਪਣੀ ਛੱਤ ਤੇ ਗਲੀ ਪਾਰਕ ਗੁਰਦੁਆਰੇ ਆਦਿ ਥਾਵਾਂ ਵਿੱਚ ਬੂਟੇ ਲਗਾਵੇ ਤਾਂ ਜੋ ਇਹਨਾਂ ਬੂਟਿਆਂ ਦੇ ਰਾਹੀਂ ਸਾਨੂੰ ਜੋ ਆਕਸੀਜਨ ਪ੍ਰਾਪਤ ਹੋਵੇ ਉਹ ਸ਼ੁੱਧ ਹੋਵੇ।
ਇਸ ਮੌਕੇ ਤੇ ਐਸੋਸੀਏਸ਼ਨ ਦੇ ਚੇਅਰਮੈਨ ਰਮੇਸ਼ ਰਾਮਪੁਰਾ ਜੀ ਨੇ ਕਿਹਾ ਕਿ ਅੱਜ ਜੋ ਇਹ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਉਸ ਵਿੱਚ ਸੰਗਤਾਂ ਦਾ ਕਾਫ਼ੀ ਉਤਸਾਹ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਇੱਥੋਂ ਬੂਟੇ ਲੈ ਕੇ ਜਾਣ ਉਹ ਆਪਣੇ ਘਰ ਦੇ ਵਿੱਚ ਆਪਣੀ ਛੱਤ ਤੇ ਗਲੀ ਦੇ ਵਿੱਚ ਲਗਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘਾਤਕ ਬਿਮਾਰੀਆਂ ਤੋਂ ਬਚ ਸਕੀਏ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਰਲ ਸਕੱਤਰ ਜੋਗਾ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਤੰਦਰੁਸਤ ਹੋਵੇ, ਸਾਡਾ ਦਿਮਾਗ ਤੰਦਰੁਸਤ ਹੋਵੇ, ਸਾਨੂੰ ਬਿਮਾਰੀਆਂ ਤੋਂ ਨਿਜ਼ਾਤ ਮਿਲੇ ਤਾਂ ਸਾਨੂੰ ਇਸ ਪ੍ਰਦੂਸ਼ਿਤ ਹਵਾ, ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਨਾਂ ਦੇ ਖਿਲਾਫ਼ ਇੱਕ ਜੰਗ ਲੜਨੀ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਫ਼ ਵਾਤਾਵਰਨ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ। ਉਹਨਾਂ ਕਿਹਾ ਕਿ ਜੇਕਰ ਅੱਜ ਵੀ ਇਸ ਧਰਤੀ ਤੇ ਰਹਿੰਦੇ ਹੋਏ ਲੋਕ ਇਸ ਵਾਯੂ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਦੇ ਖਿਲਾਫ਼ ਖੜੇ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਿਅਕਤੀ ਦੇ ਮੋਢੇ ਤੇ ਇੱਕ ਆਕਸੀਜ਼ਨ ਦਾ ਸਿਲੰਡਰ ਹੋਵੇਗਾ। ਜਿਸ ਤਰਾਂ ਅਸੀਂ ਪੈਟਰੋਲ ਪੰਪ ਤੇ ਗੱਡੀਆਂ ਵਿੱਚ ਤੇਲ ਪਵਾਉਂਦੇ ਹਾਂ ਉਸੇ ਤਰ੍ਹਾਂ ਹਰ ਰੋਜ਼ ਆਕਸੀਜ਼ਨ ਸਿਲੰਡਰ ਵਿੱਚ ਆਕਸੀਜ਼ਨ ਪਵਾਉਣੀ ਪਵੇਗੀ। ਇਸ ਜੰਗ ਵਿੱਚ ਹਰ ਵਿਅਕਤੀ ਵਿਸ਼ੇਸ਼ ਆਪਣਾ ਯੋਗਦਾਨ ਦੇਵੇ।
ਇਸ ਮੌਕੇ ਐਸੋਸੀਏਸ਼ਨ ਦੇ ਅੰਮ੍ਰਿਤਸਰ ਤੋਂ ਜਿਲਾ ਪ੍ਰਧਾਨ ਵਰਿੰਦਰ ਸਿੰਘ ਧੁੰਨਾ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਸ਼ੁਭ ਦਿਨ ਹੈ ਅਤੇ ਸਾਡੀ ਐਸੋਸੀਏਸ਼ਨ ਵੱਲੋਂ ਜੋ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਉਸ ਵਿੱਚ ਸੰਗਤ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਐਸੋਸੀਏਸ਼ਨ ਇਸੇ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕਰਦੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਸਮਾਜ ਦੇ ਹਰ ਵਿਅਕਤੀ ਨੂੰ ਇੱਕ ਹੋਕਾ ਦਿੰਦੇ ਹਾਂ ਕਿ ਵਾਤਾਵਰਨ ਦੀ ਰਾਖੀ ਲਈ ਉਤਪੱਤੀ ਲਈ ਆਪਣਾ ਯੋਗਦਾਨ ਦਿਉਂ।
ਇਸ ਮੌਕੇ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦੇ ਵਾਇਸ ਚੇਅਰਮੈਨ ਦਲਬੀਰ ਭਰੋਵਾਲ, ਸਲਾਹਕਾਰ ਰਜਿੰਦਰ ਸਿੰਘ ਬਾਠ, ਕੋਡੀਨੈਟਰ ਰਣਜੀਤ ਸਿੰਘ ਜੰਡਿਆਲਾ ਗੁਰੂ, ਵਾਇਸ ਪ੍ਰਧਾਨ ਰਾਘਵ ਅਰੋੜਾ ਅਤੇ ਰਜਨੀਸ਼ ਕੌਂਸਲ, ਕੈਸ਼ੀਅਰ ਹਰੀਸ਼ ਸੂਰੀ, ਪੱਤਰਕਾਰ ਸੋਨੂੰ ਖਾਨਕੋਟ, ਮਹਾਂਬੀਰ ਸਿੰਘ, ਗੁਰਪ੍ਰੀਤ ਸਿੰਘ, ਸੋਨੂੰ ਮੂਧਲ, ਕੰਵਲਜੀਤ ਗੋਲਡੀ, ਕੰਵਲਜੀਤ ਸਿੰਘ, ਕੁਸ਼ਾਲ ਸ਼ਰਮਾਂ, ਵਿਸ਼ਾਲ ਸ਼ਰਮਾ, ਗੁਰਦੀਪ ਟੋਨੀ,ਮਨਪ੍ਰੀਤ ਸਿੰਘ, ਜਸਬੀਰ ਸਿੰਘ ਭੋਲਾ, ਹਰਪਾਲ ਸਿੰਘ, ਮਨਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਖਾਲਸਾ ਸਮੇਤ ਹੋਰ ਪੱਤਰਕਾਰ ਹਾਜ਼ਰ ਸਨ।
Leave a Reply