ਮੋਗਾ ( ਗੁਰਜੀਤ ਸੰਧੂ ) – ਜ਼ਿਲ੍ਹਾ ਮੋਗਾ ਵਿੱਚ ਅਗਾਮੀ ਝੋਨੇ ਦੀ ਕਟਾਈ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਹਨਾਂ 100 ਪਿੰਡਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਪਿਛਲੇ ਸੀਜ਼ਨ ਦੌਰਾਨ ਸਭ ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਹਨਾਂ ਪਿੰਡਾਂ ਉੱਤੇ ਐਤਕੀਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਿੱਖੀ ਨਜ਼ਰ ਰਹੇਗੀ। ਜੇਕਰ ਇਸ ਸਾਲ ਕਿਸੇ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਪਿਛਲੇ ਸੀਜ਼ਨ ਵਿੱਚ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਪੋਂ ਵਿੱਚ ਸਭ ਤੋਂ ਵੱਧ 46 ਅੱਗਾਂ ਲੱਗੀਆਂ ਸਨ, ਜਦਕਿ ਪਿੰਡ ਵਾਂਦਰ ਵਿੱਚ 45, ਹਿੰਮਤਪੁਰਾ ਤੇ ਲੰਗੇਆਣਾ ਨੀਵਾਂ ਵਿੱਚ 43, ਭਲੂਰ ਤੇ ਸੈਦੋਕੇ ਵਿੱਚ 42, ਰੌਂਤਾ ਵਿੱਚ 40, ਬੁੱਟਰ ਤੇ ਦੌਧਰ ਸ਼ਰਕੀ ਵਿੱਚ 39 ਅਤੇ ਪਿੰਡ ਰਾਉਕੇ ਕਲਾਂ ਵਿੱਚ 38 ਅੱਗਾਂ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ। ਉਹਨਾਂ ਕਿਹਾ ਕਿ ਜਿਹੜੇ ਵੀ ਪਿੰਡਾਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਸਨ ਉਹਨਾਂ ਪਿੰਡਾਂ ਵਿੱਚ ਖੇਤੀ ਮਸ਼ੀਨਰੀ ਦੀ ਵੀ ਕੋਈ ਕਮੀ ਨਹੀਂ ਸੀ। ਕਈ ਪਿੰਡ ਤਾਂ ਅਜਿਹੇ ਸਨ ਜਿੱਥੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਦੁੱਗਣੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਉਪਲਬਧ ਸੀ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਕੇਂਦਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਇਸ ਵਾਰ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ। ਜੋ ਵੀ ਕਿਸਾਨ ਜਾਂ ਆਮ ਵਿਅਕਤੀ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪਰਾਲੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਹੁਣੇ ਤੋਂ ਹੀ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਜ਼ਿਲ੍ਹੇ ਵਿੱਚ 22 ਕਲੱਸਟਰ ਅਫਸਰ ਅਤੇ 334 ਨੋਡਲ ਅਫਸਰ ਨਿਯੁਕਤ ਕਰ ਦਿੱਤੇ ਹਨ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਕਿਸਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 22 ਕਲੱਸਟਰਾਂ ਦੀਆਂ ਟੀਮਾਂ ਵਿੱਚ 400 ਦੇ ਕਰੀਬ ਟੀਮ ਮੈਂਬਰ ਇਹਨਾਂ ਘਟਨਾਵਾਂ ਉਪਰ ਆਪਣੀ ਅੱਖ ਰੱਖਣਗੇ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ। ਬਲਾਕ ਮੋਗਾ-1 ਵਿੱਚ 4, ਮੋਗਾ-2 ਵਿੱਚ 2, ਨਿਹਾਲ ਸਿੰਘ ਵਾਲਾ ਵਿੱਚ 4, ਧਰਮਕੋਟ ਵਿੱਚ 6, ਬਾਘਾਪੁਰਾਣਾ ਵਿੱਚ 6 ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ।
ਉਹਨਾਂ ਆਮ ਲੋਕਾਂ ਨੂੰ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਪਤਾ ਲੱਗਣ ਉਤੇ ਪ੍ਰਸ਼ਾਸ਼ਨ ਨੂੰ ਸੂਚਨਾ ਦੇ ਸਕਦੇ ਹਨ, ਜਿਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂਕਿ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਨੂੰ ਹਲੇ ਇਕ ਮਹੀਨੇ ਦਾ ਸਮਾਂ ਪਿਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਹੁਣੇ ਤੋਂ ਹੀ ਯਤਨ ਆਰੰਭ ਦਿੱਤੇ ਹਨ। ਇਹਨਾਂ ਕਲੱਸਟਰ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਹਿਲ ਦੇ ਅਧਾਰ ਉਤੇ ਉਹਨਾਂ ਕਿਸਾਨਾਂ ਤੱਕ ਸਿੱਧਾ ਰਾਬਤਾ ਕਾਇਮ ਕਰਨ ਜਿਹਨਾਂ ਨੇ ਪਿਛਲੇ ਸਾਲਾਂ ਦੌਰਾਨ ਕਣਕ ਜਾਂ ਝੋਨੇ ਦੀ ਰਹਿੰਦ ਖੂਹੰਦ ਨੂੰ ਲੱਗ ਲਗਾਈ ਸੀ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜਿਹੇ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ।
ਇਹ ਅਧਿਕਾਰੀ ਇਹਨਾਂ ਕਿਸਾਨਾਂ ਦੇ ਦਰਾਂ ਤੱਕ ਖੁਦ ਪਹੁੰਚ ਕਰਨਗੇ। ਜਾਗਰੂਕਤਾ ਦੇ ਨਾਲ ਨਾਲ ਕਿਸਾਨਾਂ ਨੂੰ ਪਰਾਲੀ ਦੇ ਉਚਿਤ ਪ੍ਰਬੰਧਨ ਲਈ ਜ਼ਿਲ੍ਹਾ ਮੋਗਾ ਵਿੱਚ ਉਪਲਬਧ ਮਸੀਨਰੀ ਬਾਰੇ ਵੀ ਦੱਸਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 7300 ਤੋਂ ਵਧੇਰੇ ਖੇਤੀ ਮਸ਼ੀਨਰੀ ਉਪਲਬਧ ਹੈ। ਜੇਕਰ ਹੋਰ ਜਰੂਰਤ ਪਈ ਤਾਂ ਉਹ ਵੀ ਮੁਹਈਆ ਕਰਵਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਅਧਿਕਾਰੀਆਂ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।
Leave a Reply