ਮੋਗਾ ///// ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਮੋਗਾ ਦੇ ਸਮੂਹ ਮਾਲ ਵਿਭਾਗ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦਾ ਰੀਵਿਊ ਕੀਤਾ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਸ਼੍ਰੀਮਤੀ ਸਵਾਤੀ ਅਤੇ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ (ਦੋਵੇਂ ਐੱਸ ਡੀ ਐੱਮ), ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਲਕਸ਼ੇ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲ ਵਿਭਾਗ ਦਫ਼ਤਰਾਂ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਉਹ ਅਗਲੇ ਹਫ਼ਤੇ ਤੋਂ ਖੁਦ ਇੰਸਪੈਕਸ਼ਨ ਕਰਨਗੇ। ਉਹਨਾਂ ਐੱਸ ਡੀ ਐੱਮਜ਼ ਅਤੇ ਤਹਿਸੀਲਦਾਰਾਂ ਨੂੰ ਵੀ ਕਿਹਾ ਕਿ ਉਹ ਆਪਣੇ ਹੇਠਲੇ ਦਫ਼ਤਰਾਂ ਦੀ ਇੰਸਪੈਕਸ਼ਨ ਕਰਨੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਮਾਲ ਅਦਾਲਤਾਂ ਨਾਲ ਸੰਬੰਧਤ ਕੇਸਾਂ ਨੂੰ ਨਿਪਟਾਉਣ ਲਈ ਯਤਨ ਤੇਜ਼ ਕੀਤੇ ਜਾਣ। ਦੋ ਸਾਲ ਤੋਂ ਵਧੇਰੇ ਕੇਸਾਂ ਨੂੰ ਪਹਿਲ ਦੇ ਅਧਾਰ ਉੱਤੇ ਨਿਪਟਾਇਆ ਜਾਵੇ।
ਉਹਨਾਂ ਕਿਹਾ ਕਿ ਅਗਲੇ 2 ਮਹੀਨੇ ਵਿੱਚ ਇੰਤਕਾਲਾਂ ਦੀ 100 ਫੀਸਦੀ ਪੈਂਡੇਂਸੀ ਖਤਮ ਕੀਤੀ ਜਾਵੇ। ਜ਼ਿਲ੍ਹਾ ਮਾਲ ਅਫ਼ਸਰ ਨੂੰ ਕਿਹਾ ਗਿਆ ਕਿ ਜਿਸ ਤਹਿਸੀਲ ਵਿੱਚ ਵਾਧੂ ਸਟਾਫ਼ ਦੀ ਲੋੜ੍ਹ ਹੈ ਉਹ ਲਗਾ ਦਿੱਤਾ ਜਾਵੇ। ਰਿਕਵਰੀ ਕੇਸਾਂ ਬਾਰੇ ਪੁੱਛੇ ਜਾਣ ਉੱਤੇ ਪਤਾ ਲੱਗਾ ਕਿ 10 ਕਰੋੜ ਰੁਪਏ ਤੋਂ ਵਧੇਰੇ ਦੀ ਰਿਕਵਰੀ ਬਕਾਇਆ ਹੈ, ਜਿਸ ਬਾਰੇ ਡਿਪਟੀ ਕਮਿਸ਼ਨਰ ਨੇ ਸਮੂਹ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਡਿਫਾਲਟਰ ਵਿਅਕਤੀਆਂ ਦੀਆਂ ਜਮਾਬੰਦੀਆਂ ਉੱਤੇ ਦਰਜ ਕਰਨ ਅਤੇ ਇਸ ਬਾਬਤ ਸਰਟੀਫਿਕੇਟ ਜ਼ਿਲ੍ਹਾ ਕੁਲੈਕਟਰ ਨੂੰ ਭੇਜਣ।
ਸ਼ਾਮਲਾਤ ਜ਼ਮੀਨਾਂ ਉੱਤੇ ਨਜ਼ਾਇਜ ਕਬਜ਼ਿਆਂ ਬਾਰੇ ਉਹਨਾਂ ਕਿਹਾ ਕਿ ਨਜ਼ਾਇਜ ਕਾਬਜ਼ਕਾਰਾਂ ਦੇ ਵੇਰਵੇ ਇਕੱਤਰ ਕਰਕੇ ਉਹਨਾਂ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲ ਅਫ਼ਸਰ ਇਹ ਯਕੀਨੀ ਬਣਾਉਣ ਕਿ ਜ਼ਿਲ੍ਹਾ ਮੋਗਾ ਵਿੱਚ ਕੋਈ ਵੀ ਖੁੱਲ੍ਹਾ ਹੋਇਆ ਬੋਰਵੈਲ ਨਾ ਹੋਵੇ।
ਉਹਨਾਂ ਕਿਹਾ ਕਿ ਕੁਲੈਕਟਰ/ਸਰਕਲ ਰੇਟਾਂ ਨੂੰ ਜਲਦ ਹੀ ਤਰਕਸੰਗਤ ਬਣਾਇਆ ਜਾਵੇਗਾ, ਇਸ ਲਈ ਮਾਲ ਅਧਿਕਾਰੀਆਂ ਨਾਲ ਖਰੜਾ ਸਾਂਝਾ ਕਰਕੇ ਉਸ ਬਾਰੇ ਵਿਚਾਰ ਦੇਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਸੋਧੇ ਹੋਏ ਰੇਟ ਜਲਦ ਹੀ ਜ਼ਿਲ੍ਹੇ ਵਿੱਚ ਲਾਗੂ ਕਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਲਸਰ ਅਤੇ ਅਜੀਤਵਾਲ ਸਬ ਤਹਿਸੀਲ ਇਮਾਰਤਾਂ ਦਾ ਉਸਾਰੀ ਕਾਰਜ ਜਲਦ ਸ਼ੁਰੂ ਹੋਵੇਗਾ।
Leave a Reply