ਸੁਨਾਮ ਊਧਮ ਸਿੰਘ /////////ਸਥਾਨਕ ਸੁਨਾਮ-ਪਟਿਆਲਾ ਰੋਡ ‘ਤੇ ਬਿਸ਼ਨਪੁਰਾ ਪਿੰਡ ਕੋਲ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਨੂੰ ਕੈਂਟਰ ਚਾਲਕ ਨੇ ਕੈਂਟਰ ਹੇਠ ਦਰੜ ਦਿੱਤਾ, ਇਸ ਦੌਰਾਨ ਮੌਕੇ ‘ਤੇ ਹੀ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸ਼ਾਮਿਲ ਹਨ ,ਲੋਕਾਂ ਨੇ ਕੈਂਟਰ ਚਾਲਕ ਦਾ ਪਿੱਛਾ ਕੀਤਾ ਅਤੇ ਉਸਨੂੰ ਘੇਰ ਲਿਆ। ਇਸ ਸਮੇਂ ਮਜ਼ਦੂਰਾਂ ਨੇ ਕਿਹਾ ਕਿ ਉਹ ਅੱਜ ਹੀ ਕੰਮ ‘ਤੇ ਆਏ ਸੀ ਅਤੇ ਅੱਜ ਹੀ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਬਿਸ਼ਨਪੁਰਾ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਮਨਰੇਗਾ ਮਜ਼ਦੂਰਾਂ ਉੱਪਰ ਕੈਂਟਰ ਚਾੜ੍ਹ ਦਿੱਤਾ ਜਿਸ ਵਿਚ ਜਰਨੈਲ ਸਿੰਘ, ਹਰਪਾਲ ਸਿੰਘ, ਛੋਟਾ ਸਿੰਘ ਅਤੇ ਇਕ ਔਰਤ ਗੁਰਦੇਵ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਰੋਸ ਵਜੋਂ ਮਨਰੇਗਾ ਮਜ਼ਦੂਰਾਂ ਵੱਲੋਂ ਸੜਕ ਤੇ ਜਾਮ ਲਗਾ ਦਿੱਤਾ ਗਿਆ।ਇਸ ਸਮੇਂ ਮੌਕੇ ‘ਤੇ ਪੁੱਜੇ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਸਿਟੀ ਪ੍ਰਤੀਕ ਜਿੰਦਲ ਨੇ ਦੱਸਿਆ ਮੇਨ ਰੋਡ ਪਟਿਆਲਾ ਰੋਡ ਬਿਸ਼ਨਪੁਰਾ ਪਿੰਡ ਦੇ ਕੋਲ 15 ਕਰੀਬ ਨਰੇਗਾ ਮਜ਼ਦੂਰ ਕੰਮ ਕਰ ਰਹੇ ਸਨ ਤੇ ਇੱਕ ਕੈਂਟਰ ਜੋ ਹਿਮਾਚਲ ਪ੍ਰਦੇਸ਼ ਤੋਂ ਸੇਬ ਲੈ ਕੇ ਗੁਜਰਾਤ ਵੱਲ ਜਾ ਰਿਹਾ ਸੀ ਘਟਨਾ ਵਾਲੀ ਥਾਂ ਤੇ ਮਜ਼ਦੂਰਾਂ ਉੱਪਰ ਚੜ ਗਿਆ ਇਸ ਦੁਰਘਟਨਾ ਵਿੱਚ ਇੱਕ ਔਰਤ ਸਮੇਤ ਚਾਰ ਮਜਦੂਰਾਂ ਦੀ ਮੌਤ ਹੋ ਗਈ ਹੈ। ।ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕੈਂਟਰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਸੰਗਰੂਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਹ ਸਟੇਟ ਹਾਈਵੇ ਤੇ ਬਿਨਾਂ ਕਿਸੇ ਸੁਰੱਖਿਆਪ੍ਰਬੰਧ ਤੋਂ ਮਨਰੇਗਾ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ ਇਹ ਹਾਦਸਾ ਲਾਪਰਵਾਹੀ ਦਾ ਨਤੀਜਾ ਹੈ ਕਿਉਂਕਿ ਜਿੰਮੇਵਾਰ ਮਹਿਕਮੇ ਦੇ ਅਧਿਕਾਰੀਆਂ ਨੇ ਮਜ਼ਦੂਰਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕ ਮਜ਼ਦੂਰਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇਵੇ। ਉਨਾਂ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਜਦੋਂ ਸੀ ਪੀ ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਤੇ ਭੂਪ ਚੰਦ ਚੰਨੋ ਸੂਬਾ ਸਕੱਤਰੇਤ ਮੈਂਬਰ ਸੀ ਪੀ ਆਈ (ਐਮ) ਨੂੰ ਇਸ ਦੁਰਘਟਨਾ ਦਾ ਪਤਾ ਲੱਗਿਆ ਤਾਂ ਉਸ ਮੌਕੇ ਤੇ ਪੁੱਜੇ, ਉਨ੍ਹਾਂ ਮਰਨ ਵਾਲੇ ਪਰਿਵਾਰਾਂ ਨਾਲ ਹਮਦਰਦੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੇ ਮਰਨ ਵਾਲੇ ਵਰਕਰਾਂ ਨੂੰ ਵਿੱਤੀ ਸਹਾਇਤਾ ਵਜੋਂ ਘੱਟੋ ਘੱਟ 50 ਲੱਖ ਰੁਪਏ ਹਰ ਪਰਿਵਾਰ ਨੂੰ ਦਿੱਤੇ ਜਾਣ ਅਤੇ ਇੱਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਾਰੇ ਮਨਰੇਗਾ ਮਜ਼ਦੂਰਾਂ ਦਾ ਬੀਮਾ ਕਰੇ, ਇਲਾਜ ਦਾ ਪ੍ਰਬੰਧ ਕਰੇ ਅਤੇ ਉਨਾਂ ਦੀ 303 ਰੁਪਈਏ ਰੋਜਾਨਾ ਤੋਂ ਦਿਹਾੜੀ ਵਧਾ ਕੇ ਘੱਟੋ ਘੱਟ 800 ਰੁਪਏ ਕਰੇ ਤਾਂ ਜੋ ਮਜ਼ਦੂਰਾਂ ਦੇ ਘਰੇ ਵੀ ਰੋਟੀ ਪੱਕ ਸਕੇ। ਇਸ ਮੌਕੇ ਉਹਨਾਂ ਦੇ ਨਾਲ ਕਾਮਰੇਡ ਹੰਗੀ ਖਾਨ, ਕਾਮਰੇਡ ਦਰਸ਼ਨ ਸਿੰਘ ਮੱਟੂ, ਜੋਗਿੰਦਰ ਸਿੰਘ ਵਧਣ ਆਦਿ ਹਾਜ਼ਰ ਸਨ।
Leave a Reply