ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਡੀ.ਟੀ.ਐੱਫ.5  ਸਤੰਬਰ ਨੂੰ ਦੇਵੇਗਾ ਜ਼ਿਲ੍ਹਾ ਪੱਧਰੀ ਰੋਸ ਧਰਨਾ

ਸੰਗਰੂਰ    ( ਪੱਤਰਕਾਰ )ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 5 ਸਤੰਬਰ ਨੂੰ ਰਾਸ਼ਟਰੀ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਡੀ.ਈ.ਓ.(ਐ.ਸਿੱ.) ਸੰਗਰੂਰ ਦੇ ਦਫ਼ਤਰ ਅੱਗੇ ਦਿੱਤਾ ਜਾਵੇਗਾ।
ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਅਧਿਆਪਕਾਂ ਦੇ ਲੰਮੇ ਸਮੇਂ ਤੋਂ ਲਟਕਦੇ ਅਨੇਕਾਂ ਮੰਗਾਂ-ਮਸਲਿਆਂ ਜਿਵੇਂ 2018 ਦੇ ਸਰਵਿਸ ਨਿਯਮਾਂ ਵਿੱਚ ਕੀਤੀਆਂ ਅਧਿਆਪਕ ਵਿਰੋਧੀ ਸੋਧਾਂ ਨੂੰ ਵਾਪਸ ਲੈਣ,ਕੱਚੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਵਿਭਾਗ ਵਿੱਚ ਰੈਗੂਲਰ ਕਰਨ, 16 ਫਰਵਰੀ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ,ਤਨਖਾਹ ਕਮਿਸ਼ਨ ਦਾ 2016 ਤੋਂ 2021 ਤੱਕ ਦਾ ਬਕਾਇਆ ਜਾਰੀ ਕਰਨ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਦੁਬਾਰਾ ਚਾਲੂ ਕਰਨ, ਏ.ਸੀ.ਪੀ. ਸਕੀਮ ਦੁਬਾਰਾ ਸ਼ੁਰੂ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਅਨੇਕਾਂ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਉਹਨਾਂ ਵਿੱਚੋਂ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ।
ਸੀਨੀਅਰ ਆਗੂ ਜਗਦੇਵ ਕੁਮਾਰ ਨੇ ਕਿਹਾ ਕਿ ਇਸ ਧਰਨੇ ਉਪਰੰਤ ਡੀ.ਈ.ਓ.(ਐ.ਸਿੱ.) ਸੰਗਰੂਰ ਦੀ ਅਰਥੀ ਵੀ ਸਾੜੀ ਜਾਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਬਤੌਰ ਹੈੱਡ ਟੀਚਰ ਤਰੱਕੀਆਂ ਕਰਨ ਸਮੇਤ ਹੋਰ ਕਈ ਮਸਲਿਆਂ ਨੂੰ ਲੈ ਕੇ ਉਕਤ ਡੀ.ਈ.ਓ. ਵੱਲੋਂ ਜਥੇਬੰਦੀ ਦੀ ਸੁਣਵਾਈ ਨਾ ਕਰਨ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ 6505 ਅਧਿਆਪਕ ਜਥੇਬੰਦੀ ਦੇ ਭਰਾਤਰੀ ਸਹਿਯੋਗ ਨਾਲ ਇਸ ਅਧਿਕਾਰੀ ਦੇ ਦਫ਼ਤਰ ਦੇ ਬਾਹਰ ਬੀਤੀ 21 ਅਗਸਤ ਨੂੰ ਧਰਨਾ ਦਿੱਤਾ ਗਿਆ ਸੀ ਪ੍ਰੰਤੂ ਉਸ ਧਰਨੇ ਤੋਂ ਬਾਅਦ ਅੱਜ ਤੱਕ ਇਸ ਅਧਿਕਾਰੀ ਵੱਲੋਂ ਜਥੇਬੰਦੀ ਨਾਲ ਤਾਲਮੇਲ  ਕਰਨਾ ਵੀ ਵਾਜ਼ਿਬ ਨਹੀਂ ਸਮਝਿਆ ਜਿਸ ਦੇ ਸਿੱਟੇ ਵਜੋਂ ਜਥੇਬੰਦੀ ਵੱਲੋਂ ਧਰਨੇ ਉਪਰੰਤ ਕੀਤੇ ਐਲਾਨ ਅਨੁਸਾਰ ਇਸ ਅਧਿਕਾਰੀ ਦੀ ਅਰਥੀ ਇਸ ਦੇ ਦਫ਼ਤਰ ਦੇ ਬਾਹਰ ਫੂਕੀ ਜਾਵੇਗੀ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਬਲਾਕ ਆਗੂ ਮਹਿੰਦਰ ਪ੍ਰਤਾਪ, ਸੁਖਪਾਲ ਧੂਰੀ,ਰਾਜਵੀਰ ਨਾਗਰਾ ਅਤੇ ਜਰਨੈਲ ਸਿੰਘ ਸ਼ਾਮਲ ਹੋਏ।

Leave a Reply

Your email address will not be published.


*