ਅਜਨਾਲਾ ( ਰਣਜੀਤ ਸਿੰਘ ਮਸੌਣ/ ਕਾਲਾ ਸਲਵਾਨ) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਜ਼ਿਲੇ ਦੇ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਦਿੱਤੀ ਗਈ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਹੀਦ ਕਿਸਾਨ ਪਰਿਵਾਰਾਂ ਦੀ ਬਾਂਹ ਫੜਨਾ ਸਾਡਾ ਮੁੱਢਲਾ ਫਰਜ਼ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜੋ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਉਸੇ ਹਦਾਇਤ ਤਹਿਤ ਅੱਜ ਅੱਠ ਕਿਸਾਨਾਂ ਦੇ ਪਰਿਵਾਰਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਹਰੇਕ ਸ਼ਹੀਦ ਕਿਸਾਨ ਦੇ ਪਰਿਵਾਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤਾਂ ਜੋ ਉਸ ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਹੋ ਸਕੇ । ਮੰਤਰੀ ਧਾਲੀਵਾਲ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਨੇ ਕੇਵਲ ਪੰਜਾਬ ਦੀ ਨਹੀਂ ਬਲਕਿ ਸਮੁੱਚੀ ਭਾਰਤ ਦੀ ਕਿਰਸਾਨੀ ਦੀ ਲੜਾਈ ਲੜਦੇ ਹੋਏ ਆਪਣਾ ਆਪ ਵਾਰਿਆ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੀਏ। ਉਹਨਾਂ ਕਿਹਾ ਕਿ ਹੋਰ ਵੀ ਜਿਹੜੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੌਕਰੀ ਤੋਂ ਰਹਿ ਗਏ ਹਨ, ਉਹਨਾਂ ਨੂੰ ਵੀ ਭਵਿੱਖ ਵਿੱਚ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ।
ਇਸ ਮੌਕੇ ਜ਼ਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਿੰਦਰ ਸਿੰਘ, ਡੀਡੀਓ ਡਾ. ਰਮਨ ਕੁਮਾਰ, ਨਾਇਬ ਤਹਿਸੀਲਦਾਰ ਅਜਨਾਲਾ, ਏਈਓ ਡਾ. ਪ੍ਰਭਦੀਪ ਸਿੰਘ ਗਿੱਲ, ਸੁਪਰਡੈਂਟ ਦਵਿੰਦਰ ਕੌਰ, ਸੀਨੀਅਰ ਸਹਾਇਕ ਸੰਦੀਪ ਸਿੰਘ ਅਦਿ ਹਾਜ਼ਰ ਸਨ।
Leave a Reply