ਕਣਕ ਦੀ ਨਿਰਵਿਘਨ ਖਰੀਦ ਲਈ ਪ੍ਰਸ਼ਾਸਨ ਨੇ ਖਿੱਚੀ ਤਿਆਰੀ

ਲੁਧਿਆਣਾ””’ (Harjinder /Rahul Ghai) – ਹਾੜੀ ਸੀਜ਼ਨ 2024-25 ਦੌਰਾਨ ਕਣਕ ਦੀ ਖਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਯੋਜਿਤ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਸਾਨਾਂ ਦੀ ਕਣਕ ਦਾ ਇੱਕ-ਇੱਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧਤਾ ਦੁਹਰਾਈ। ਉਨ੍ਹਾਂ ਜ਼ਿਲ੍ਹੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਆਗਾਮੀ ਖਰੀਦ ਸੀਜ਼ਨ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 2.50 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ 108 ਅਨਾਜ ਮੰਡੀਆਂ ਵਿੱਚ 8.11 ਲੱਖ ਮੀਟਰਕ ਟਨ ਕਣਕ ਆਉਣ ਦੀ ਉਮੀਦ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਜ਼ਿਲ੍ਹੇ ਭਰ ਵਿਚ ਕਣਕ ਦੇ ਖਰੀਦ ਕਾਰਜਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਤਾਂ ਜੋ ਉਨ੍ਹਾਂ ਦੇ ਨਿਰਧਾਰਤ ਹਿੱਸੇ ਅਨੁਸਾਰ ਕਣਕ ਦੀ ਤੁਰੰਤ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸਾਹਨੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਆਪਣੀ ਫ਼ਸਲ ਦੀ ਵਿਕਰੀ ਲਈ ਕਿਸੇ ਕਿਸਮ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ। ਸਬ ਡਵੀਜ਼ਨਲ ਮੈਜਿਸਟਰੇਟ ਆਪਣੇ ਅਧਿਕਾਰ ਖੇਤਰ ਅਧੀਨ ਅਨਾਜ ਮੰਡੀਆਂ ਵਿੱਚ ਨਿਰਵਿਘਨ ਖਰੀਦ ਕਾਰਜਾਂ ਲਈ ਜਵਾਬਦੇਹ ਹੋਣਗੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਨਾਜ ਮੰਡੀਆਂ ਵਿੱਚ ਬਰਸਾਤ ਤੋਂ ਬਚਾਅ ਅਤੇ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ। ਇਸੇ ਤਰ੍ਹਾਂ ਸਾਹਨੀ ਨੇ ਹਰੇਕ ਖਰੀਦ ਕੇਂਦਰ ਵਿੱਚ ਬਿਜਲੀ, ਕਿਸਾਨਾਂ ਲਈ ਸ਼ੈੱਡਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇੱਕ ਪਾਸੇ ਕਣਕ ਦੀ ਨਿਰਵਿਘਨ ਅਤੇ ਜਲਦ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਸਮੇਂ ਸਿਰ ਅਦਾਇਗੀ ਕਰਨ ਵਿੱਚ ਸਹੂਲਤ ਦਿੱਤੀ ਜਾਵੇ।
ਇਸ ਮੌਕੇ ਐਸ.ਡੀ.ਐਮ. ਵਿਕਾਸ ਹੀਰਾ, ਡੀ.ਐਫ.ਐਸ.ਸੀ. ਵੈਸਟ ਸੰਜੇ ਸ਼ਰਮਾ, ਡੀ.ਐਫ.ਐਸ.ਸੀ. ਈਸਟ ਸ਼ੈਫਾਲੀ ਚੋਪੜਾ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published.


*


%d