ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਮਹਾਂਰਾਸ਼ਟਰ ਸਰਕਾਰ ਵੱਲੋਂ ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਇੱਕ ਡਾਕ ਟਿਕਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜ ਭਰ ਵਿੱਚ ਕਈ ਜਾਗਰੂਕਤਾਂ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਲ ਮਲਕੀਤ ਸਿੰਘ ਚੇਅਰਮੈਨ ਮਹਾਂਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਨੇ ਦੱਸਿਆਂ ਕਿ ਮਿਤੀ 7 ਦਸੰਬਰ, 2025 ਨੂੰ ਨਾਗਪੁਰ ਵਿੱਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਮੌਜ਼ੂਦਗੀ ਵਿੱਚ ਇੱਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਵਾਲੀ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 7 ਦਸੰਬਰ ਨੂੰ ਨਾਗਪੁਰ ਦੇ ਨਾਰਾ ਵਿੱਚ ਸੁਰੇਸ਼ ਚੰਦਰ ਸੂਰੀ ਮੈਦਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਹੋਵੇਗਾ, ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੰਬਈ ਵਿੱਚ ਰਾਜ-ਪੱਧਰੀ ਪ੍ਰਦਰਸ਼ਨੀ ਕਮੇਟੀ ਦੀ ਇੱਕ ਮੀਟਿੰਗ ਹੋਈ।
ਇਸ ਮੌਕੇ ਯੋਜਨਾਬੰਦੀ ‘ਤੇ ਚਰਚਾ ਕੀਤੀ ਗਈ ਅਤੇ ਪ੍ਰਦਰਸ਼ਨੀ ਦੀ ਪੇਸ਼ਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਕੋਂਕਣ ਭਵਨ ਦੇ ਵਧੀਕ ਜ਼ਿਲ੍ਹਾ ਕੁਲੈਕਟਰ, ਮਹਾਂਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ, ਕਮੇਟੀ ਮੈਂਬਰ ਰਵਿੰਦਰ ਪਵਾਰ, ਕੋਆਰਡੀਨੇਟਰ ਤੇ ਕਾਰਜਕਾਰੀ ਅਧਿਕਾਰੀ ਡਾ. ਜਗਦੀਸ਼ ਸਕਵਾਨ, ਕਮੇਟੀ ਮੈਂਬਰ ਲੱਧਾਰਾਮ ਨਾਗਵਾਨੀ, ਡਾ. ਕੁਲਤਾਰ ਸਿੰਘ ਚੀਮਾ, ਜੈਰਾਮ ਪਵਾਰ, ਸ੍ਰੀ ਨਿਵਾਸ ਪੁਲੇਆ, ਰਵਿੰਦਰ ਰਾਠੌੜ, ਵਿਕਾਸ ਵਿਭਾਗ ਦੇ ਸਕੱਤਰ, ਵਿਸ਼ਾਖਾ ਅਧਵ ਸਮੇਤ ਸੂਬਾ ਪੱਧਰੀ ਤਾਲਮੇਲ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਸਮਾਗਮ ਵਿੱਚ ਸਿੰਧੀ ਅਤੇ ਪੰਜਾਬੀ ਸਮਾਜ ਦੇ ਇਤਿਹਾਸ ਨੂੰ ਦਰਸਾਉਂਦੇ ਇਤਿਹਾਸਕ ਹਥਿਆਰਾਂ ਦੀ ਪ੍ਰਦਰਸ਼ਨੀ ਹੋਵੇਗੀ। ਇਹ ਸਮਾਗਮ ਤਿੰਨ ਦਿਨ ਚੱਲੇਗਾ। ਪ੍ਰਦਰਸ਼ਨੀਆਂ ਵਿੱਚ ਸੰਤਾਂ ਦੇ ਇਤਿਹਾਸ, ਕਾਰਜ ਅਤੇ ਦੇਸ਼ ਪ੍ਰਤੀ ਸੇਵਾ ਬਾਰੇ ਜਾਣਕਾਰੀ ਵੀ ਹੋਵੇਗੀ। ਸਿੱਖ, ਸਿਕਲੀਗਰ, ਬੰਜਾਰਾ, ਲੁਬਾਣਾ, ਮੋਹਿਆਲ, ਵਾਲਮੀਕੀ ਅਤੇ ਸਿੰਧੀ ਭਾਈਚਾਰੇ ਸਾਂਝੇ ਤੌਰ ‘ਤੇ ਇਸ ਇਤਿਹਾਸਕ ਇਕੱਠ ਦਾ ਆਯੋਜਨ ਕਰਨਗੇ। ਸੰਤਾਂ ਦੇ ਸਾਹਿਤ ਅਤੇ ਕਿਤਾਬਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਹਨਾਂ ਦੱਸਿਆਂ ਕਿ ਇਸ ਸ਼ਤਾਬਦੀ ਸਮਾਰੋਹ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਧਾਰਮਿਕ ਸੁਰੱਖਿਆ, ਸਹਿਣਸ਼ੀਲਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਮਹਾਂਰਾਸ਼ਟਰ ਦੇ ਹਰ ਘਰ ਤੱਕ ਪਹੁੰਚਾਉਣਾ ਹੈ।
Leave a Reply