ਅੰਮ੍ਰਿਤਸਰ ( ਪੱਤਰ ਪ੍ਰੇਰਕ )
ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਨੇ ਅਮਰੀਕਾ ਅਧਾਰਿਤ “ਸਿੱਖ ਫੋਰ ਜਸਟਿਸ” ਦੇ ਬਦਨਾਮ ਕਾਰਕੁਨ ਗੁਰ ਪਤਵੰਤ ਸਿੰਘ ਪੰਨੂ ਵੱਲੋਂ ਆਈ.ਐੱਸ.ਆਈ. ਸੰਚਾਲਿਤ ਯੂ ਟਿਊਬ ਚੈਨਲ ‘ਤੇ ਭਾਰਤ-ਵਿਰੋਧੀ ਉਕਸਾਵਾਂ, ਘ੍ਰਿਣਾ ਅਤੇ ਹਿੰਸਾ ਨੂੰ ਪ੍ਰੋਤਸਾਹਿਤ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਸਪਸ਼ਟ ਕੀਤਾ ਕਿ ਸਿੱਖ ਕੌਮ ਕਿਸੇ ਵੀ ਵਿਦੇਸ਼ੀ ਏਜੰਸੀ ਵੱਲੋਂ ਚਲਾਏ ਜਾ ਰਹੇ ਕਾਲਪਨਿਕ ਖ਼ਾਲਿਸਤਾਨ ਨੈਰੇਟਿਵ ਦਾ ਹਿੱਸਾ ਨਹੀਂ। ਪ੍ਰੋ. ਖ਼ਿਆਲਾ ਨੇ ਕਿਹਾ ਕਿ ਪੰਨੂ ਵੱਲੋਂ ਵਜਾਈ ਜਾ ਰਹੀ ਪੁੰਗੀ ਖ਼ਾਸ ਕਰਕੇ “ਹਿੰਦੁਸਤਾਨ ਨੂੰ ਨਕਸ਼ੇ ਤੋਂ ਮਿਟਾਉਣ” ਅਤੇ ਪਾਕਿਸਤਾਨ ਨੂੰ “ਭਾਰਤ ’ਤੇ ਹਥਿਆਰਬੰਦ ਹਮਲੇ ਕਰਨ” ਵਰਗੇ ਸੱਦੇ ਸਿਰਫ਼ ਭਾਰਤ ਵਿਰੋਧੀ ਹੀ ਨਹੀਂ ਸਗੋਂ ਸਿੱਖ ਧਰਮ ਦੇ ਅਸੂਲਾਂ, ਗੁਰੂ ਸਾਹਿਬਾਨ ਦੀ ਬਾਣੀ ਅਤੇ ਦੇਸ਼ ਨੂੰ ਅਜ਼ਾਦੀ ਦਿਵਾਉਣ ’ਚ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਸ਼ਹਾਦਤ ਦਾ ਸਿੱਧਾ ਅਪਮਾਨ ਵੀ ਹਨ।
ਪ੍ਰੋ. ਖ਼ਿਆਲਾ ਨੇ ਪੰਨੂ ਵੱਲੋਂ ’ਪਾਕਿਸਤਾਨ ਟੀਵੀ ਡਿਜੀਟਲ’ ’ਤੇ ਤਾਜ਼ਾ ਇੰਟਰਵਿਊ ’ਚ ਖ਼ਾਲਸੇ ਦੇ ਨਾਂ ’ਤੇ ਵਿਦੇਸ਼ੀ ਤਾਕਤਾਂ ਲਈ ਦਲਾਲੀ ਕਰਨ ਦਾ ਫ਼ੈਸਲਾ ਕੀਤਾ, ਉਹ ਕਿਸੇ ਵੀ ਹਾਲਤ ਵਿੱਚ ਸਿੱਖ ਕੌਮ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ। ਪੰਨੂ ਵਰਗੇ ਲੋਕ ਸਿੱਖਾਂ ਦੀ ਛਵੀ ਨੂੰ ਬਦਨਾਮ ਕਰ ਰਹੇ ਹਨ। ਇੱਕ ਸੱਚਾ ਸਿੱਖ ਹਮੇਸ਼ਾ ਦੇਸ਼ ਦੀ ਸੁਰੱਖਿਆ ਲਈ ਖੜ੍ਹਾ ਹੁੰਦਾ ਹੈ ਅਤੇ ਕਿਸੇ ਵੀ ਵਿਦੇਸ਼ੀ ਖ਼ੁਫ਼ੀਆ ਏਜੰਸੀ ਦੀ ਸਕ੍ਰਿਪਟ ’ਤੇ ਨਹੀਂ ਚੱਲਦਾ। 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੇ ਭਾਰਤ ਦੀ ਰੱਖਿਆ ਲਈ ਆਪਣਾ ਲਹੂ ਵਹਾਇਆ ਹੈ। ਸੱਚੇ ਸਿੱਖਾਂ ਲਈ ਪੰਜਾਬ, ਸਿੱਖ ਕੌਮ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਸਦਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।ਪ੍ਰੋ. ਖ਼ਿਆਲਾ ਨੇ ਜ਼ੋਰ ਦਿੱਤਾ ਕਿ ਪੰਨੂ ਵਰਗੇ ਲੋਕਾਂ ਦੀ ਸੋਚ ਦਾ ਸਿੱਖ ਪਰੰਪਰਾ ਜਾਂ ਸਿੱਖ ਸਿਧਾਂਤਾਂ ਨਾਲ ਕੋਈ ਸੰਬੰਧ ਤੇ ਸਰੋਕਾਰ ਨਹੀਂ। ਉਹ ਸਿੱਖ ਧਰਮ ਦੇ ਸ਼ਾਂਤੀ, ਸੇਵਾ, ਨਿਰਭਉਤਾ ਅਤੇ ਨਿਰਵੈਰਤਾ ਦੇ ਮੂਲ ਸਿਧਾਂਤਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ। ਸਿੱਖ ਧਰਮ ਸਿਖਾਉਂਦਾ ਹੈ ਕਿ ਤਲਵਾਰ ਸਿਰਫ਼ ਨਿਆਂ ਅਤੇ ਦੇਸ਼ ਦੀ ਸੇਵਾ ਲਈ ਕੱਢਣੀ ਚਾਹੀਦੀ ਹੈ, ਬੇਵਜ੍ਹਾ ਨਹੀਂ। ਇਸ ਲਈ ਪੰਨੂ ਦੀ ਪਾਕਿਸਤਾਨ-ਪੱਖੀ ਭਾਸ਼ਾ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ।
ਉਨ੍ਹਾਂ ਨੇ ਕਿਹਾ ਕਿ ਪੰਨੂ ਦੇ ਬਿਆਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੀ ਲੜਾਈ ਨਹੀਂ, ਸਗੋਂ ਪਾਕਿਸਤਾਨ ਦੀ ਲੜਾਈ ਲੜ ਰਿਹਾ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੁਆਰਾ ਚਲਾਏ ਜਾ ਰਹੇ ਚੈਨਲਾਂ ’ਤੇ ਬੈਠ ਕੇ ਭਾਰਤ ਵਿਰੋਧੀ ਜ਼ਹਿਰ ਫੈਲਾਉਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਹ ਕੋਈ ਲੋਕ-ਹਿਤ ਮੁਹਿੰਮ ਨਹੀਂ, ਸਗੋਂ ਇੱਕ ਵਿਦੇਸ਼ੀ ਸੈਨਾ ਦੁਆਰਾ ਚਲਾਈ ਜਾ ਰਹੀ ਭ੍ਰਮਜਾਲੀ ਰਣਨੀਤੀ ਹੈ, ਜਿਸ ਦਾ ਮਕਸਦ ਸਿੱਖਾਂ ਨੂੰ ਫਸਾਉਣਾ ਅਤੇ ਪੰਜਾਬ ਵਿੱਚ ਹਿੰਸਾ ਉਤਪੰਨ ਕਰਨਾ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਵਧਾਉਣਾ ਹੈ। ਪੰਜਾਬ ਦੀ ਧਰਤੀ ਸ਼ਹਾਦਤਾਂ ਨਾਲ ਮਹਿਕਦੀ ਹੈ ਪਰ ਕਦੇ ਵੀ ਕਿਸੇ ਵਿਦੇਸ਼ੀ ਏਜੰਸੀ ਦੇ ਇਸ਼ਾਰੇ ’ਤੇ ਨਹੀਂ ਨੱਚਦੀ।
ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਚੇਤਾਵਨੀ ਦਿੱਤੀ ਕਿ ਭਾਰਤ ਵਿਰੋਧੀ ਪ੍ਰਚਾਰ ਅਤੇ ਵੱਖਵਾਦ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ। ਅੱਜ ਪੰਜਾਬ ਦਾ ਨੌਜਵਾਨ ਤਰੱਕੀ, ਸਿੱਖਿਆ ਅਤੇ ਰੋਜ਼ਗਾਰ ਦੀ ਗੱਲ ਕਰ ਰਿਹਾ ਹੈ, ਨਾ ਕਿ ISI ਦੇ ਯੁੱਧ .ਏਜੰਡੇ ਦੀ। ਪ੍ਰੋ. ਖ਼ਿਆਲਾ ਨੇ ਸਪਸ਼ਟ ਕੀਤਾ ਕਿ ਪੰਜਾਬ ਭਾਰਤ ਦਾ ਅਟੁੱਟ ਹਿੱਸਾ ਹੈ। ਸਿੱਖ ਕੌਮ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਪ੍ਰੌਕਸੀ ਲੜਾਈ ਦਾ ਹਿੱਸਾ ਨਹੀਂ ਬਣੇਗੀ। ਸਿੱਖ ਕੌਮ ਦੀ ਇੱਜ਼ਤ ਕੋਈ ਖੇਡ ਨਹੀਂ, ਜਿੱਥੇ ਪੰਨੂ ਵਰਗੇ ਲੋਕਾਂ ਦੇ ਹਰ ਬਿਆਨ ਨਾਲ ਗੁਰੂਆਂ ਦੀ ਮਰਿਆਦਾ ਨੂੰ ਨੁਕਸਾਨ ਪਹੁੰਚੇ।ਉਨ੍ਹਾਂ ਨੇ ਕਿਹਾ ਕਿ ਪੰਨੂ ਸਿੱਖ ਕੌਮ ਦਾ ਨਹੀਂ, ਸਗੋਂ ਪਾਕਿਸਤਾਨ ਦੀ ਰਣਨੀਤੀ ਦਾ ਪੋਪਟ ਹੈ, ਜੋ ਇਹ ਨਹੀਂ ਜਾਣਦਾ ਕਿ ਸਿੱਖ ਕੌਮ ਨੇ ਭਾਰਤ ਦੀ ਏਕਤਾ, ਸੁਰੱਖਿਆ ਅਤੇ ਰਾਜਨੀਤਿਕ ਅਖੰਡਤਾ ਲਈ ਬੇਮਿਸਾਲ ਸ਼ਹਾਦਤਾਂ ਦਿੱਤੀਆਂ ਹਨ। ਪ੍ਰੋ. ਖ਼ਿਆਲਾ ਨੇ ਪੰਨੂ ਦੇ ਇੰਟਰਵਿਊ ਅਤੇ ਇਸ ISI-ਫ਼ੰਡ ਕੀਤੀ ਡਿਜੀਟਲ ਪ੍ਰੌਕਸੀ ਵਾਰ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਅਪੀਲ ਕੀਤੀ। ਖ਼ਾਲਿਸਤਾਨ ਦਾ ਹਿੰਸਕ, ਪਾਕਿਸਤਾਨ-ਪ੍ਰੋਤਸਾਹਿਤ ਏਜੰਡਾ ਸਿੱਖ ਧਰਮ ਜਾਂ ਸਹੀ ਕਾਰਜ ਨਹੀਂ ਹੈ। ਪੰਜਾਬ, ਸਿੱਖ ਕੌਮ ਅਤੇ ਭਾਰਤ ਦੀ ਏਕਤਾ ਇੱਕ ਦੂਜੇ ਦੀ ਤਾਕਤ ਹਨ; ਕਿਸੇ ਨੂੰ ਵੀ ਇਸ ਨੂੰ ਤੋੜਨਾ ਮੁਮਕਿਨ ਨਹੀਂ। ਅੰਤ ਵਿੱਚ, ਪ੍ਰੋ. ਖ਼ਿਆਲਾ ਨੇ ਕੇਂਦਰ ਸਰਕਾਰ ਅਤੇ ਹੋਮ ਮਿਨਿਸਟਰੀ ਤੋਂ ਪੰਨੂ ਦੇ ਬਿਆਨਾਂ ’ਤੇ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਅੰਤਰਰਾਸ਼ਟਰੀ ਮੰਚ ’ਤੇ ਪੰਨੂ ਦੀਆਂ ਪ੍ਰਚਾਰਕ ਸਰਗਰਮੀਆਂ ਨੂੰ ਰੋਕਣ ਲਈ ਕਦਮ ਚੁੱਕਣ ਲਈ ਅਪੀਲ ਕੀਤੀ। ਪੰਨੂ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਬੈਠ ਕੇ ‘ਸਿੱਖੀ ਦੀ ਰਾਜਨੀਤੀ’ ਨਹੀਂ ਕਰ ਸਕਦਾ।
Leave a Reply