ਜ਼ਿੰਦਗੀ ਦੇ ਰਿਸ਼ਤਿਆਂ ਵਿਚ ਰੁੱਸਣਾ ਕੋਈ ਨਵੀਂ ਗੱਲ ਨਹੀਂ। ਬੱਚੇ ਵੀ ਰੁੱਸਦੇ ਨੇ, ਵੱਡੇ ਵੀ। ਬੱਚਿਆਂ ਦੇ ਰੁੱਸਣ ਨੂੰ ਅਸੀਂ ਮਿੱਠਾ ਮੰਨ ਲੈਂਦੇ ਹਾਂ, ਪਰ ਵੱਡਿਆਂ ਦਾ ਰੁੱਸਣਾ ਸਾਨੂੰ ਚੁੱਭਦਾ ਹੈ—ਕਿਉਂਕਿ ਵੱਡੇ ਆਪਣੀ ਮਾਸੂਮੀਅਤ ਨੂੰ ਚੁੱਪ ਚਾਪ ਓੜ ਲੈਂਦੇ ਹਨ।
ਬੱਚੇ ਘਰ ਤੋਂ ਬਾਹਰ ਜਾ ਬੈਠਦੇ ਹਨ, ਵੱਡੇ ਰਿਸ਼ਤਿਆਂ ਤੋਂ। ਪਰ ਉਡੀਕ ਦੋਹਾਂ ਦੀ ਇੱਕੋ ਹੁੰਦੀ ਹੈ—
“ਕੋਈ ਆ ਕੇ ਮੈਨੂੰ ਬੁਲਾ ਲਵੇ।”
ਬੱਚਿਆਂ ਦੀਆਂ ਨਜ਼ਰਾਂ ਵਾਰੀ-ਵਾਰੀ ਘਰ ਵੱਲ ਹੁੰਦੀਆਂ ਹਨ, ਵੱਡਿਆਂ ਦੀਆਂ ਨਜ਼ਰਾਂ ਫ਼ੋਨ ਦੇ ਸਕ੍ਰੀਨ ‘ਤੇ। ਬੱਚੇ ਉਮੀਦ ਕਰਦੇ ਨੇ ਕਿ ਮਾਂ ਪਿੱਛੇ ਆਵੇਗੀ, ਵੱਡੇ ਸੋਚਦੇ ਨੇ ਕਿ ਇੱਕ ਕਾਲ, ਇੱਕ ਮੈਸੇਜ, ਇੱਕ ਕਮੈਂਟ ਤਾਂ ਆਵੇਗਾ। ਦਿਲ ਦੇ ਕਿਸੇ ਕੋਨੇ ਵਿੱਚ ਇੱਕ ਛੋਟੀ ਜਿਹੀ ਤਾਂਘ ਦੱਬੀ ਪਈ ਹੁੰਦੀ ਹੈ—”ਮੇਰੀ ਕਦਰ ਹੁੰਦੀ ਤਾਂ ਕੋਈ ਰੋਕ ਲੈਂਦਾ।”
ਜਦ ਉਡੀਕ ਲੰਮੀ ਹੋ ਜਾਂਦੀ ਹੈ, ਤਾਂ ਮਨ ਦੇ ਵਿਚਕਾਰੋਂ ਇੱਕ ਹੌਲਾ ਜਿਹਾ ਸੁਆਲ ਉੱਠਦਾ ਹੈ—
“ਕੀ ਮੈਂ ਹੀ ਮਨਾਵਾਂ?”
ਪਰ ਤੁਰੰਤ ਈਗੋ ਹੱਥ ਫੜਕੇ ਖਿੱਚ ਲੈਂਦੀ ਹੈ—
“ਕਿਉਂ? ਪਹਿਲਾਂ ਉਸਨੇ ਸੋਚਿਆ ਕੀਤਾ?”**
ਬੱਚਿਆਂ ਦੇ ਮੁੰਹੋਂ ਤਾਂ ਇਹ ਗੱਲ ਨਹੀਂ ਨਿਕਲਦੀ, ਪਰ ਵੱਡਿਆਂ ਦੇ ਮਨ ਵਿਚ ਇਹ ਝਗੜਾ ਬੜਾ ਤੇਜ ਚੱਲਦਾ ਹੈ।
ਕਈ ਵਾਰੀ ਤਾਂ ਬੱਚਾ ਜਿੱਥੇ ਬੈਠਿਆ ਹੁੰਦਾ ਹੈ, ਉਧਰੋਂ ਕੋਈ ਘਰੋਂ ਨਿਕਲਦਾ ਦਿੱਸ ਜਾਵੇ ਤਾਂ ਉਹ ਹੋਰ ਦੂਰ ਦੌੜ ਜਾਂਦਾ ਹੈ। ਕਿਸੇ ਨੇ ਕੁਝ ਕਿਹਾ ਵੀ ਨਹੀਂ ਹੁੰਦਾ, ਪਰ ਆਕੜ ਆਪ ਹੀ ਜਾਗ ਪੈਂਦੀ ਹੈ—
“ਵੇਖੀਂ! ਮੈਂ ਤਾਂ ਬੜਾ ਰੁੱਸਿਆ ਹੋਇਆ ਹਾਂ!”
ਇਹ ਹਾਲਤ ਵੱਡਿਆਂ ਵਿੱਚ ਵੀ ਆਉਂਦੀ ਹੈ।
ਕੋਈ ਫ਼ੋਨ ਕਰੇ ਅਤੇ ਜੇਕਰ ਫ਼ੋਨ ਸਿਰਫ਼ ਕੰਮ ਦਾ ਹੋਵੇ ਤਾਂ ਦਿਲ ਵਿੱਚ ਚੁੱਭਦੀ ਹੈ—
“ਅੱਛਾ! ਮੈਨੂੰ ਨਹੀਂ, ਕੰਮ ਨੂੰ ਯਾਦ ਕੀਤਾ?”
ਤੇ ਹਰਖ ਵਿੱਚ ਅਨਫ੍ਰੈਂਡ, ਬਲਾਕ… ਜਿਵੇਂ ਰਿਸ਼ਤੇ ਨੰਬਰਾਂ ਨਾਲ ਨਾਪੇ ਜਾਂਦੇ ਹੋਣ।
ਦਿੱਲ ਤਾਂ ਕਹਿੰਦਾ ਹੈ,
“ਇੱਕ ਵਾਰ ਪੁੱਛ ਲੈਂਦਾ ਕਿ ਕਿਵੇਂ ਹੋ?”
ਪਰ ਅਸੀਂ ਚਾਹੁੰਦੇ ਹਾਂ ਕਿ ਇਹ ਇੱਛਾ ਦੂਜਾ ਸਮਝੇ।
ਇਹ ਜਿੱਥੇ-ਤੱਥੇ ਦੀ ਖਾਮੋਸ਼ੀ ਦੋਹਾਂ ਪਾਸਿਆਂ ਤੋਂ ਵਧਦੀ ਜਾਂਦੀ ਹੈ।
ਬੱਚੇ ਚੀਜ਼ਾਂ ਸੁੱਟਦੇ ਹਨ, ਦਰਵਾਜ਼ੇ ਪਟਕਦੇ ਹਨ, ਤਾਕਿ ਮਾਂ-ਬਾਪ ਨੂੰ ਪਤਾ ਲੱਗੇ ਕਿ ਉਨ੍ਹਾਂ ਦਾ ਬੱਚਾ ਰੁੱਸਿਆ ਹੋਇਆ ਹੈ।
ਵੱਡੇ ਵੀ ਇਹੀ ਕਰਦੇ ਹਨ—ਪਰ ਉਹ ਫੇਸਬੁੱਕ ‘ਤੇ ਪੋਸਟਾਂ ਪਾਉਂਦੇ ਹਨ, ਵਟਸਐਪ ‘ਤੇ ਸਟੇਟਸ ਲਾਉਂਦੇ ਹਨ, ਅਧੂਰੇ ਸ਼ਬਦਾਂ ਵਿੱਚ ਦਰਦ ਲਿਖਦੇ ਹਨ—ਇਹ ਵੀ ਇੱਕ ਗੁੱਝਾ ਸਿਗਨਲ ਹੁੰਦਾ ਹੈ,
“ਇੱਕ ਵਾਰ ਆ ਕੇ ਪੁੱਛ ਲਓ, ਮੈਂ ਠੀਕ ਹਾਂ ਜਾਂ ਨਹੀਂ।”
ਰੁੱਸਣਾ ਅਸਲ ਵਿੱਚ ਪਿਆਰ ਦੀ ਗੁਜ਼ਾਰਸ਼ ਹੁੰਦੀ ਹੈ—ਗੁੱਸੇ ਦੀ ਸ਼ਕਲ ਵਿੱਚ।
ਕੋਈ ਵੀ ਇਨਸਾਨ ਰੁੱਸਦਾ ਤਾਂ ਉਸਦੇ ਨਾਲੇ ਰਿਸ਼ਤੇ ਦੀ ਕੀਮਤ ਹੈ। ਜਿਸ ਨੂੰ ਫ਼ਰਕ ਨਹੀਂ ਪੈਂਦਾ, ਉਹ ਕਦੇ ਰੁੱਸਦਾ ਹੀ ਨਹੀਂ।
ਜ਼ਿੰਦਗੀ ਦੇ ਰਿਸ਼ਤਿਆਂ ਵਿੱਚ ਬਹੁਤ ਵਾਰੀ ਅਸੀਂ ਇਹ ਗਲਤੀ ਕਰ ਬੈਠਦੇ ਹਾਂ ਕਿ ਰੁੱਸਣ ਨੂੰ ਦੂਰ ਜਾਣਾ ਸਮਝ ਲੈਂਦੇ ਹਾਂ, ਜਦਕਿ ਰੁੱਸਣਾ ਤਾਂ ਦਿਲ ਦੇ ਨੇੜੇ ਹੋਣ ਦੀ ਨਿਸ਼ਾਨੀ ਹੁੰਦਾ ਹੈ।
ਇੱਕੋ ਗੱਲ ਦੋਹਾਂ ਦੇ ਦਿਲਾਂ ਵਿੱਚ ਹੁੰਦੀ ਹੈ—
“ਮੈਨੂੰ ਮਨਾਉਣ ਆ ਜਾ।”
ਪਰ ਦੋਹਾਂ ਦੇ ਪੈਰ ਜਮ ਜਾਂਦੇ ਹਨ।
ਰਿਸ਼ਤੇ ਚੁੱਪੀ ਵਿੱਚ ਟੁੱਟਦੇ ਹਨ, ਗੱਲਬਾਤ ਵਿੱਚ ਨਹੀਂ।
ਬੱਚੇ ਰੋ ਕੇ ਦੱਸ ਦਿੰਦੇ ਹਨ ਕਿ ਉਹ ਟੁੱਟ ਰਹੇ ਹਨ।
ਵੱਡੇ ਚੁੱਪ ਰਹਿ ਕੇ ਵੀ ਰੋ ਰਹੇ ਹੁੰਦੇ ਹਨ।
ਦੋਵੇਂ ਨਰਮ ਹੁੰਦੇ ਹਨ—ਫ਼ਰਕ ਸਿਰਫ਼ ਇਹ ਹੈ ਕਿ ਬੱਚਿਆਂ ਨੂੰ ਮਾਸੂਮੀਅਤ ਦੀ ਇਜਾਜ਼ਤ ਹੈ, ਵੱਡੇ ਉਸਨੂੰ ਲੁਕਾ ਕੇ ਰੱਖਦੇ ਹਨ।
ਇਸ ਲਈ ਕਦੇ-ਕਦੇ ਪਹਿਲ ਕਰ ਲੈਣੀ ਚਾਹੀਦੀ ਹੈ।
ਪਹਿਲ ਕਰਨਾ ਝੁਕਣਾ ਨਹੀਂ ਹੁੰਦਾ—ਪਹਿਲ ਕਰਨਾ ਰਿਸ਼ਤਾ ਬਚਾਉਣ ਦੀ ਹਿੰਮਤ ਹੁੰਦੀ ਹੈ।
ਜਿਸ ਦਿਨ ਅਸੀਂ ਇਹ ਸਮਝ ਲੈਂਦੇ ਹਾਂ, ਉਸ ਦਿਨ ਰੁੱਸਣ ਦੇ ਪਿੱਛੇ ਲੁਕੇ ਪਿਆਰ ਨੂੰ ਅਸੀਂ ਸਹੀ ਤਰ੍ਹਾਂ ਪਛਾਣ ਲੈਂਦੇ ਹਾਂ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਸਸਸਸ ਹਾਕੂਵਾਲਾ
ਸ੍ਰੀ ਮੁਕਤਸਰ ਸਾਹਿਬ
79860-27454
Leave a Reply