ਮੋਗਾ (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਜਾਰੀ ਰੱਖਣ, ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਆਦਿ ਦਾ ਜਾਇਜਾ ਲੈਣ ਲਈ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਉਹ ਝੋਨੇ ਦੇ ਖਰੀਦ ਪ੍ਰਬੰਧਾਂ ਤੇ 24 ਘੰਟੇ ਨਿਗਾਹ ਰੱਖਣ ਤਾਂ ਜੋ ਮੰਡੀ ਵਿੱਚ ਕਿਸਾਨਾਂ, ਆੜਤੀਆਂ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਸਬੰਧਤ ਅਧਿਕਾਰੀਆਂ ਨੂੰ ਉਹਨਾਂ ਆਦੇਸ਼ ਜਾਰੀ ਕੀਤੇ ਕਿ ਮੰਡੀਆਂ ਵਿੱਚ ਆਈ ਨਿਯਮਤ ਨਮੀ ਵਾਲੀ ਫਸਲ ਨੂੰ ਘੱਟ ਤੋਂ ਘੱਟ ਸਮੇਂ ਅੰਦਰ ਖਰੀਦਣਾ ਯਕੀਨੀ ਬਣਾਇਆ ਜਾਵੇ। ਓਹਨਾਂ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਫਸਲ ਦੀ ਲੋਡਿੰਗ ਅਨਲੋਡਿੰਗ ਵਿੱਚ ਲੱਗੀ ਮਸੀਨਰੀ ਦਾ ਵੱਧ ਤੋਂ ਵੱਧ ਪ੍ਰਯੋਗ ਕੀਤਾ ਜਾਵੇ ਤਾਂ ਕਿ ਮੰਡੀਆਂ ਵਿੱਚ ਗਲੱਟ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਉਣ , ਤਾਂ ਜੋ ਮੰਡੀ ਵਿੱਚ ਖਰੀਦ ਲਈ ਇੰਤਜ਼ਾਰ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵੱਲੋਂ ਪੈਦਾ ਕੀਤਾ ਗਿਆ ਇੱਕ ਇੱਕ ਦਾਣਾ ਖਰੀਦੇਗੀ ਇਸ ਲਈ ਕੋਈ ਕਾਹਲੀ ਦੀ ਲੋੜ ਨਹੀਂ, ਬਲਕਿ ਫਸਲ ਨੂੰ ਸੁਕਾ ਕੇ ਕੱਟੋ ਤਾਂ ਜੋ ਸਰਕਾਰੀ ਖਰੀਦ ਏਜੰਸੀਆਂ ਬਿਨਾਂ ਕਿਸੇ ਰੁਕਾਵਟ ਦੇ ਖਰੀਦ ਜਾਰੀ ਰੱਖ ਸਕਣ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚੀ 52323 ਮੀਟ੍ਰਿਕ ਟਨ ਝੋਨੇ ਦੀ ਫਸਲ ਵਿੱਚੋਂ 43577 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਕੱਲ੍ਹ ਸ਼ਾਮ ਤੱਕ ਪਨਗ੍ਰੇਨ ਵਲੋਂ 19620 ਮੀਟ੍ਰਿਕ ਟਨ, ਮਾਰਕਫੈਡ ਵਲੋਂ 12013 ਮੀਟ੍ਰਿਕ ਟਨ, ਪਨਸਪ ਵੱਲੋਂ 6430ਮੀਟ੍ਰਿਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 5514 ਮੀਟ੍ਰਿਕ ਟਨ ਝੋਨਾ ਖਰੀਦਿਆ ਹੈ।
Leave a Reply