ਲੁਧਿਆਣਾ / ਵਿਜੇ ਭਾਂਬਰੀ
– ਸ਼੍ਰੋਮਣੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕਾਰਜਕਰਨੀ ਮੈਂਬਰ ਰਾਜੀਵ ਕੁਮਾਰ ਲਵਲੀ ਨੇ ਤਰਨ ਤਾਰਨ ਵਿਧਾਨ ਸਭਾ ਸੀਟ ਦੀਆਂ ਜਿਮਨੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹਾਰ ਹੁੰਦੀ ਦੇਖ ਕੇ ਬੁਖਲਾਹਟ ਵਿੱਚ ਬਗੈਰ ਸੋਚੇ ਸਮਝੇ ਬਿਆਨਬਾਜ਼ੀ ਕਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਿਸ਼ਾਨੇ ਤੇ ਲਿਆ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਲਵਲੀ ਨੇ ਕਿਹਾ ਕਿ ਵੜਿੰਗ ਸੂਬੇ ਦੇ ਮੰਤਰੀ ਵੀ ਰਹੇ ਹਨ। ਇਸ ਤੋਂ ਇਲਾਵਾ, ਇਹ ਮੈਂਬਰ ਪਾਰਲੀਮੈਂਟ ਵੀ ਹਨ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਸੰਵਿਧਾਨ ਵਿੱਚ ਕਿਥੇ ਵੀ ਹਿੰਦੁਸਤਾਨ ਜਾਂ ਖਾਲਿਸਤਾਨ ਦਾ ਜ਼ਿਕਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲੀ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ਤੇ ਵੰਡਿਆ ਹੈ। ਹੁਣ ਫਿਰ ਤੋਂ ਇਹ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਵੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਲਵਲੀ ਨੇ ਵੜਿੰਗ ਨੂੰ ਲੋਕਾਂ ਸਾਹਮਣੇ ਸਪਸ਼ਟ ਕਰਨ ਲਈ ਕਿਹਾ ਕਿ ਖਾਲਿਸਤਾਨ ਦੀ ਮੰਗ ਕਿਸਨੇ ਕੀਤੀ ਹੈ? ਕੌਣ ਫਿਰੌਤੀ ਮੰਗ ਰਿਹਾ ਹੈ? ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅੱਜ ਤੱਕ ਪੰਜਾਬ ਦਾ ਕਦੇ ਵੀ ਭਲਾ ਨਹੀਂ ਕੀਤਾ। ਹੁਣ ਇੱਕ ਵਾਰ ਫਿਰ ਤੋਂ ਇਹ ਪੰਜਾਬ ਨੂੰ ਕਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਭਾਜਪਾ ਦੀ ਤਰ੍ਹਾਂ ਲੋਕਾਂ ਨੂੰ ਵੰਡ ਰਹੇ ਹਨ।
ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਸ਼ੁਰੂ ਤੋਂ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਹੈ। ਫਿਰ ਭਾਵੇਂ 1947 ਅਤੇ ਫਿਰ 1966 ਵਿੱਚ ਪੰਜਾਬ ਦੇ ਟੁਕੜੇ ਕਰਨਾ ਹੋਵੇ, ਜਾਂ ਫਿਰ 1984 ਵਿੱਚ ਦਿੱਲੀ ਚ ਹੋਇਆ ਸਿੱਖ ਕਤਲੇਆਮ ਹੋਵੇ। ਇੱਥੋਂ ਤੱਕ ਕਿ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਵੀ ਸਵੀਕਾਰ ਕੀਤਾ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਸਿੱਖ ਕਤਲੇਆਮ ਕਰਵਾਇਆ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ।
ਉਹਨਾਂ ਨੇ ਖੁਲਾਸਾ ਕੀਤਾ ਕਿ ਜਦ ਇੱਕ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ, ਤਾਂ ਪਾਰਟੀ ਵਿੱਚ ਮੌਜੂਦ ਕੁਝ ਆਗੂਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਲਵਲੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਾਲੇ ਤਾਂ ਜਿਮਨੀ ਚੋਣਾਂ ਲਈ ਨਾਮਜ਼ਦਗੀਆਂ ਹੀ ਭਰੀਆਂ ਜਾ ਰਹੀਆਂ ਹਨ ਤੇ ਕਾਂਗਰਸ ਪਾਰਟੀ ਦੀ ਬੁਖਲਾਹਟ ਖੁੱਲ ਕੇ ਸਾਹਮਣੇ ਆਉਣ ਲੱਗੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਤਰਨ ਤਾਰਨ ਜਿਮਨੀ ਚੋਣਾਂ ਅਤੇ ਉਸ ਤੋਂ ਬਾਅਦ 2027 ਦੀਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਦੇ ਪੈਰਾ ਹੈਟੋ ਜਮੀਨ ਖਿਸਕ ਰਹੀ ਹੈ।
Leave a Reply