ਕੋਹਾੜਾ /ਸਾਹਨੇਵਾਲ (ਬੂਟਾ ਕੋਹਾੜਾ )
– ਸਾਹਨੇਵਾਲ ਹਲਕੇ ਦੇ ਪਿੰਡ ਚੌਂਤੇ ਦੀ ਪੰਚਾਇਤੀ ਜ਼ਮੀਨ ‘ਤੇ ਰੇਤ ਮਾਫੀਆ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਗੁੱਜਰਵਾਲ ਦੇ ਸ਼ਮਸ਼ਾਨਘਾਟ ਨੇੜੇ ਪੰਚਾਇਤੀ ਜਗ੍ਹਾ ਤੋਂ ਧੜੱਲੇ ਨਾਲ ਮਿੱਟੀ ਅਤੇ ਰੇਤ ਕੱਢੀ ਜਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਜ਼ਮੀਨ ਬਰਬਾਦ ਹੋ ਰਹੀ ਹੈ, ਸਗੋਂ ਇਲਾਕੇ ਦੇ ਕੁਦਰਤੀ ਸੰਤੁਲਨ ਨੂੰ ਵੀ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ। ਪਿੰਡ ਮੰਡ ਚੌਂਤਾ ਦੇ ਸਰਪੰਚ ਮਨੋਹਰ ਲਾਲ ਤੇ ਪੰਚਾਇਤ ਮੈਂਬਰ ਨਾਜਰ ਸਿੰਘ, ਜੈ ਸਿੰਘ, ਗਗਨਦੀਪ ਸਿੰਘ ਅਤੇ ਨਰਿੰਦਰ ਚੰਦ ਘੇੜਾ ਨੇ ਦੱਸਿਆ ਕਿ ਜਿਵੇਂ ਹੀ ਗੈਰ-ਕਾਨੂੰਨੀ ਮਾਈਨਿੰਗ ਦੀ ਜਾਣਕਾਰੀ ਮਿਲੀ, ਪੰਚਾਇਤ ਵੱਲੋਂ ਤੁਰੰਤ ਸੰਬੰਧਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪੰਚਾਇਤ ਮੈਂਬਰਾਂ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਪਿੰਡ ਦੀ ਜਨਤਕ ਜਾਇਦਾਦ ਨੂੰ ਲੁੱਟਣ ਦੀ ਕਿਸੇ ਵੀ ਹਾਲਤ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।ਇਸ ਸਬੰਧੀ ਜਦੋਂ ਥਾਣਾ ਇੰਚਾਰਜ (ਐਸਐਚਓ) ਨਾਲ ਗੱਲ ਕੀਤੀ ਗਈ ਤਾਂ ਉਹ ਹਮੇਸ਼ਾਂ ਦੀ ਤਰ੍ਹਾਂ ਅਣਜਾਣ ਬਣਦੇ ਨਜ਼ਰ ਆਏ। ਹਾਲਾਂਕਿ ਉਹਨਾਂ ਦੇ ਹੀ ਅਧੀਨ ਜਾਂਚ ਅਧਿਕਾਰੀ ਮੌਕੇ ‘ਤੇ ਜਾ ਚੁੱਕਾ ਸੀ, ਫਿਰ ਵੀ ਐਸਐਚਓ ਨੇ ਲਾਪਰਵਾਹੀ ਦਿਖਾਉਂਦਿਆਂ ਕਿਹਾ – “ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।”
ਇਸ ਤੋਂ ਇਲਾਵਾ, ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫ਼ੋਨ ਚੁੱਕਣਾ ਵੀ ਜ਼ਰੂਰੀ ਨਾ ਸਮਝਿਆ।ਇਲਾਕੇ ਦੇ ਲੋਕਾਂ ਵਿੱਚ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਦੀ ਚੁੱਪੀ ਨੂੰ ਲੈ ਕੇ ਗੰਭੀਰ ਸਵਾਲ ਉਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਪੰਚਾਇਤੀ ਜ਼ਮੀਨ ਦੀ ਹੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਆਮ ਲੋਕਾਂ ਦੀ ਜ਼ਮੀਨ ਅਤੇ ਹੱਕਾਂ ਦੀ ਰੱਖਿਆ ਕਿਵੇਂ ਹੋਵੇਗੀ?
Leave a Reply