ਲੁਧਿਆਣਾ ( ਜਸਟਿਸ ਨਿਊਜ਼ )
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਲੁਧਿਆਣਾ ਵੱਲੋਂ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਦੇਖ-ਰੇਖ ਹੇਠ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਰਾਹੀਂ ਅਤੇ ਵੈਕਟਰ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਲਈ ਸਰਵੇ ਤੇਜ਼ ਕਰ ਦਿੱਤੇ ਗਏ ਹਨ। ਵਿਭਾਗ ਦੀਆਂ ਟੀਮਾਂ ਹੇਠਲੇ ਇਲਾਕਿਆਂ ਅਤੇ ਹੜ੍ਹ-ਪ੍ਰਭਾਵਿਤ ਮੁਹੱਲਿਆਂ ਵਿੱਚ ਘਰ-ਘਰ ਜਾ ਕੇ ਦਸਤ, ਗੈਸਟ੍ਰੋਇੰਟਰਾਈਟਿਸ, ਪੀਲੀਆ, ਹੈਪੇਟਾਈਟਿਸ, ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਵਰਗੀਆਂ ਬਿਮਾਰੀਆਂ ਬਾਰੇ ਡਾਟਾ ਇਕੱਠਾ ਕਰ ਰਹੀਆਂ ਹਨ।
ਸਿਹਤ ਵਿਭਾਗ ਵੱਲੋਂ ਬੁੱਢਾ ਨਾਲਾ ਨੇੜੇ 7 ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਵੱਲੋਂ ਸਿਹਤ ਜਾਂਚ, ਮੁਫ਼ਤ ਦਵਾਈਆਂ ਦੀ ਵੰਡ ਅਤੇ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਕੈਂਪਾਂ ਦਾ ਮੁੱਖ ਉਦੇਸ਼ ਹੜ੍ਹ ਕਾਰਨ ਪੈਦਾ ਹੋ ਰਹੇ ਸਿਹਤ ਸੰਬੰਧੀ ਖ਼ਤਰੇ ਨੂੰ ਘਟਾਉਣਾ ਅਤੇ ਪ੍ਰਭਾਵਿਤ ਨਾਗਰਿਕਾਂ ਨੂੰ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਨੇ ਚੱਲ ਰਹੀ ਹੜ੍ਹ ਦੀ ਸਥਿਤੀ ਦੌਰਾਨ ਕਿਸੇ ਵੀ ਸਿਹਤ ਸੰਬੰਧੀ ਐਮਰਜੈਂਸੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਮੁਕੰਮਲ ਪ੍ਰਬੰਧ ਕੀਤੇ ਹਨ। ਸਾਰੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲੋੜੀਂਦੀਆਂ ਦਵਾਈਆਂ ਦਾ ਵਾਫ਼ਰ ਸਟਾਕ ਪਹੁੰਚਾਇਆ ਗਿਆ ਹੈ, ਜਦਕਿ ਰੈਪਿਡ ਰਿਸਪਾਂਸ ਟੀਮਾਂ ਹਮੇਸ਼ਾ ਤਿਆਰ ਹਨ। ਜੇ ਲੋੜ ਪਈ ਤਾਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਅਸਥਾਈ ਸਿਹਤ ਕੈਂਪ ਵੀ ਤੁਰੰਤ ਲਗਾਏ ਜਾਣਗੇ।
ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ਼ ਉਬਲਾ ਹੋਇਆ ਸਾਫ਼ ਪਾਣੀ ਪੀਣ, ਪਾਣੀ ਨੂੰ ਢੱਕੇ ਬਰਤਨਾਂ ਵਿੱਚ ਰੱਖਣ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ। ਇਸ ਤੋਂ ਇਲਾਵਾ, ਬਿਨਾਂ ਲੋੜ੍ਹ ਹੜ੍ਹ ਦੇ ਪਾਣੀ ਵਿੱਚ ਨਾ ਉਤਰਣ, ਕਿਉਂਕਿ ਇਹ ਸੰਕਰਮਣ ਦਾ ਵੱਡਾ ਖ਼ਤਰਾ ਰੱਖਦਾ ਹੈ। ਬੁਖ਼ਾਰ, ਉਲਟੀ, ਦਸਤ, ਪੇਟ ਦਰਦ ਜਾਂ ਅੱਖਾਂ ਦੇ ਪੀਲੇ ਹੋਣ ਵਰਗੇ ਲੱਛਣ ਮਿਲਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ।
ਡਾ. ਕੌਰ ਨੇ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ, “ਸਾਡੀਆਂ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਅਤੇ ਸਾਰੇ ਰੋਕਥਾਮੀ ਤੇ ਐਮਰਜੈਂਸੀ ਪ੍ਰਬੰਧ ਤਿਆਰ ਹਨ। ਲੋਕਾਂ ਦਾ ਸਹਿਯੋਗ ਬਿਮਾਰੀ ਫੈਲਣ ਤੋਂ ਰੋਕਣ ਲਈ ਬਹੁਤ ਜ਼ਰੂਰੀ ਹੈ।”
ਕਿਸੇ ਵੀ ਬਿਮਾਰੀ ਜਾਂ ਸਿਹਤ ਸੰਬੰਧੀ ਚਿੰਤਾ ਲਈ ਤੁਰੰਤ ਸਭ ਤੋਂ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੋ ਜਾਂ ਜ਼ਿਲ੍ਹਾ ਸਿਹਤ ਹੈਲਪਲਾਈਨ ‘ਤੇ ਕਾਲ ਕਰੋ: 0161-2444193।
Leave a Reply