ਪਾਇਲ /ਰਾੜਾ ਸਾਹਿਬ 🙁 ਨਰਿੰਦਰ ਸ਼ਾਹਪੁਰ)
ਇਥੋਂ ਨਜ਼ਦੀਕੀ ਕਸਬਾ ਰਾੜਾ ਸਾਹਿਬ ਸੰਪ੍ਰਦਾਇ ਦੇ ਮੁਖੀ ਤੇ ਸਿੱਖ ਪੰਥ ਦੇ ਮਹਾਨ
ਸੰਤ ਬਾਬਾ ਬਲਜਿੰਦਰ ਸਿੰਘ ਜੀ, ਜਿਨ੍ਹਾਂ ਦਾ 25 ਅਗਸਤ ਨੂੰ ਦੇਹਾਂਤ ਹੋ ਗਿਆ ਸੀ, ਨੂੰ ਅੱਜ ਹਰ ਵਰਗ ਦੇ ਲੋਕਾਂ ਨੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਭੋਗ ਅਤੇ ਅੰਤਿਮ ਅਰਦਾਸ ਦੌਰਾਨ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ, ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਆਗੂਆਂ ਨੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੂੰ ਉਨ੍ਹਾਂ ਦੀ ਸਿੱਖ ਕੌਮ ਅਤੇ ਗੁਰਸਿੱਖੀ ਦੇ ਬੂਟੇ ਨੂੰ ਵਧਾਉਣ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੀ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਲਈ ਯਾਦ ਕੀਤਾ।
ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਪੰਜਾਬ, ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾ ਕੇ ਇਸ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਨੂੰ ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ। ਗੁਰਸਿੱਖੀ ਦੇ ਬੂਟੇ ਨੂੰ ਆਪਣੀ ਜ਼ਿੰਦਗੀ, ਪਰਿਵਾਰ ਅਤੇ ਸਮਾਜ ਤੱਕ ਵਧਾਈਏ। ਅੱਜ ਮੈਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਬਲਜਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਾ ਹਾਂ। ਆਸ ਕਰਦਾ ਹਾਂ ਕਿ ਰਾੜਾ ਸਾਹਿਬ ਦੀ ਸੰਪਰਦਾਇ ਇਸੇ ਤਰ੍ਹਾਂ ਸਿੱਖੀ ਦੀ ਸੇਵਾ ਨੂੰ ਕਾਇਮ ਰੱਖੇਗੀ।
ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਦੁਖਦਾਈ ਦਿਨ ਹੈ। ਬਾਬਾ ਬਲਜਿੰਦਰ ਸਿੰਘ ਜੀ ਦਾ ਸਦੀਵੀ ਵਿਛੋੜਾ ਨਾ ਭੁੱਲਣਯੋਗ ਹੈ। ਸੰਗਤ ਜੋ ਇੱਥੇ ਪਹੁੰਚੀ ਹੈ, ਸਭਨਾ ਦੇ ਮਨ ਉਦਾਸ ਹਨ। ਅੱਜ ਇੱਥੇ ਦੂਰੋਂ-ਦੂਰੋ ਚੱਲ ਕੇ ਆਈਆਂ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਇਕੱਠ ਇਹ ਦਰਸਾਉਂਦਾ ਹੈ ਕਿ ਬਾਬਾ ਜੀ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਕਮੀਂ ਨਹੀਂ ਹੈ। 25 ਅਗਸਤ 2025 ਦਾ ਦਿਨ ਸੀ। ਰਾੜਾ ਸਾਹਿਬ ਦੀ ਸੰਗਤ ਨੇ ਮੈਨੂੰ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਜੀ ਵੀ ਚਾਹੁੰਦੇ ਹਨ ਕਿ ਤੁਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ‘ਤੇ ਹਾਜ਼ਰੀ ਭਰੋ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪੂਰੀ ਤਿਆਰੀ ਸੀ ਕਿ ਹਾਜ਼ਰੀ ਲਵਾਉਣੀ ਹੈ ਪਰ ਉਸੇ ਦਿਨ ਭਾਣਾ ਵਰਤ ਗਿਆ। ਮੈਨੂੰ ਲੱਗਦਾ ਹੈ ਕਿ ਮੇਰੇ ਕਰਮਾਂ ‘ਚ ਉਹਨਾਂ ਦੇ ਦਰਸ਼ਨ ਨਹੀਂ ਲਿਖੇ ਸੀ। ਅੱਜ ਮੈਂ ਬਾਬਾ ਅਮਰ ਸਿੰਘ ਵਿੱਚੋਂ ਉਨ੍ਹਾਂ ਦੇ ਦਰਸ਼ਨ ਕਰਦੀ ਹਾਂ। ਵਹਿਗੁਰੂ ਬਾਬਾ ਅਮਰ ਸਿੰਘ ਜੀ ਨੂੰ ਬਲ ਬਖਸ਼ੇ ਕਿ ਇਹ ਉਸੇ ਤਰ੍ਹਾਂ ਕੌਮ ਅਤੇ ਸਿੱਖੀ ਦੀ ਸੇਵਾ ਕਰ ਸਕਣ।
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਰਾੜਾ ਸਾਹਿਬ ਸੰਪਰਦਾਇ ਵੱਲੋਂ ਬਾਬਾ ਈਸ਼ਰ ਸਿੰਘ ਅਤੇ ਬਾਬਾ ਬਲਜਿੰਦਰ ਸਿੰਘ ਜੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਉਚੇਚੇ ਤੌਰ ‘ਤੇ ਕੰਮ ਕੀਤੇ ਹਨ। ਪਿਛਲੇ ਦਿਨੀਂ ਮੈਂ ਕਰਮਸਰ ਕਾਲਜ ਰਾੜਾ ਸਾਹਿਬ ਵਿੱਚ ਆ ਕੇ ਗਈ ਹਾਂ। ਉਥੇ ਸਾਰੀ ਸੇਵਾ ਬਾਬਾ ਬਲਜਿੰਦਰ ਸਿੰਘ ਜੀ ਨੇ ਆਪ ਨਿਭਾਈ ਹੈ। ਇਸ ਕਾਲਜ ਅਤੇ ਸਕੂਲ ਵਿੱਚ ਵੀ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਜੀ ਸਿਹਤ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਸਨ। ਉਨ੍ਹਾਂ ਈਸ਼ਰ ਮਾਈਕਰੋ ਮੀਡੀਆ ਬਣਾਇਆ ਹੈ। ਇਸ ਐਪ ਰਾਹੀਂ ਤੁਸੀਂ ਗੁਰੂ ਦਾ ਗਿਆਨ ਲੈ ਸਕਦੇ ਹੋ। ਸੋ ਬਹੁਤ ਹੀ ਸੇਵਾਵਾਂ ਬਾਬਾ ਜੀ ਨੇ ਨਿਭਾਈਆਂ ਹਨ। ਬਾਬਾ ਜੀ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਬਹੁਤ ਦੁਖਦਾਈ ਹੈ। ਮੈਂ ਸੰਗਤ ਨੂੰ ਵੀ ਬੇਨਤੀ ਕਰਦੀ ਹਾਂ ਅਤੇ ਗੁਰਬਾਣੀ ਦਾ ਵੀ ਫੁਰਮਾਨ ਹੈ ‘ਬਿਰਥੀ ਕਦੇ ਨ ਹੋਵਇ ਜਨ ਕੀ ਅਰਦਾਸਿ’। ਅਸੀਂ ਸਾਰੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਬਾਬਾ ਬਲਜਿੰਦਰ ਸਿੰਘ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਡਾ. ਗੁਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਬਾਬਾ ਅਮਰ ਸਿੰਘ ਜੀ, ਜਿਹਨਾਂ ਨੂੰ ਰਾੜਾ ਸਾਹਿਬ ਸੰਪ੍ਰਦਾਇ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ, ਵਾਹਿਗੁਰੂ ਉਹਨਾਂ ਨੂੰ ਇਸ ਸੇਵਾ ਦੇ ਕਾਰਜ ਨੂੰ ਅੱਗੇ ਵਧਾਉਣ ਦੀ ਸ਼ਕਤੀ ਬਖਸ਼ੇ।
Leave a Reply