ਰਣਜੀਤ ਸਿੰਘ ਮਸੌਣ
ਅਜਨਾਲਾ/ਅੰਮ੍ਰਿਤਸਰ,///////////////ਅੱਜ ਸਵੇਰੇ 9.30 ਵਜ਼ੇ ਐਨ.ਆਰ.ਆਈ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜਨਾਲਾ ਸ਼ਹਿਰ ‘ਚ ਤਹਿਸੀਲ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆਂ ਤਾਂ ਸਿਰਫ਼ ਇੱਕ ਨਾਇਬ ਤਹਿਸੀਲਦਾਰ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖੁਣੋਂ ਤਹਿਸੀਲ ਦਫ਼ਤਰ ਦੇ ਸਮੂਹ ਕਮਰੇ ਖ਼ਾਲੀ ਕੁਰਸੀਆਂ ‘ਚ ਭਾਂ-ਭਾਂ ਕਰ ਰਹੇ ਸਨ ਅਤੇ ਮੰਤਰੀ ਧਾਲੀਵਾਲ ਨੇ ਗ਼ੈਰ ਹਾਜ਼ਿਰ ਪਏ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਕੇ ਵਿਭਾਗੀ ਕਾਰਵਾਈ ਲਈ ਲਿਖ਼ਤੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜ ਦਿੱਤੀ ਹੈ।
ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨਾਂ ਤੋਂ ਉਹਨਾਂ ਨੂੰ ਲੋਕਾਂ ਕੋਲੋ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਤਹਿਸੀਲ ਦਫ਼ਤਰ ‘ਚ ਸਮੇਂ ਸਿਰ ਕੋਈ ਵੀ ਮੁਲਾਜ਼ਮ ਹਾਜ਼ਿਰ ਨਾ ਹੋਣ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਅੱਜ ਸਵੇਰੇ ਸਾਢੇ ਨੌਂ ਵਜੇ ਸ਼ਿਕਾਇਤ ਦੇ ਮੱਦੇਨਜ਼ਰ ਤਹਿਸੀਲ ਦਫ਼ਤਰ ਅਜਨਾਲਾ ‘ਚ ਅਚਨਚੇਤ ਛਾਪਾਮਾਰੀ ਕੀਤੀ ਗਈ ਤਾਂ ਸਿਰਫ਼ ਇੱਕ ਨਾਇਬ ਤਹਿਸੀਲਦਾਰ ਤੋਂ ਇਲਾਵਾ ਬਾਕੀ ਸਾਰਾ ਅਮਲਾ ਗੈਰ ਹਾਜ਼ਿਰ ਸੀ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮਾਲ ਵਿਭਾਗ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹੁਕਮ ਦਿੱਤੇ ਹੋਏ ਹਨ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਹਿਸੀਲ ਦਫ਼ਤਰਾਂ ‘ਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਤੌਰ ਤੇ ਹੋਣੀ ਚਾਹੀਦੀ ਹੈ ਪਰ ਅੱਜ ਸਵੇਰੇ ਛਾਪਾਮਾਰੀ ਦੌਰਾਨ ਮੁਲਾਜ਼ਮਾਂ ਦੀ ਗ਼ੈਰ ਹਾਜ਼ਿਰ ਹੋਣ ਕਾਰਣ ਉਹ ਬੜੇ ਹੈਰਾਨ ਹੋ ਕੇ ਰਹਿ ਗਏ। ਉਹਨਾਂ ਸਪੱਸ਼ਟ ਕੀਤਾ ਕਿ ਦਫ਼ਤਰਾਂ ‘ਚ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਾਜ਼ਰੀ ਯਕੀਨੀ ਹੋਣੀ ਚਾਹੀਦੀ ਹੈ। ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਗ਼ੈਰ ਹਾਜ਼ਰ ਹੋਣ ਕਾਰਨ ਲੋਕਾਂ ਦੀ ਦਫ਼ਤਰਾਂ ‘ਚ ਹੁੰਦੀ ਖੱਜਲ ਖ਼ੁਆਰੀ ਪੰਜਾਬ ਸਰਕਾਰ ਲਈ ਅਸਿਹ ਹੈ। ਡਿਊਟੀ ‘ਚ ਕੁਤਾਹੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਮੁਲਾਜ਼ਮਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ‘ਚ ਕੋਈ ਸਿਫਾਰਸ਼ ਨਹੀਂ ਮੰਨੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਸਮੇਂ-ਸਮੇਂ ਸਿਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਤੋਂ ਇਲਾਵਾ ਭਾਵੇਂ ਕਿਤੋਂ ਵੀ ਪੈਸਿਆਂ ਦਾ ਪ੍ਰਬੰਧ ਕਰਕੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇ ਰਹੀ ਹੈ ਤਾਂ ਫ਼ਿਰ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਨੂੰ ਧਰਮ ਮੰਨਦਿਆਂ ਹੋਇਆ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ‘ਚ ਕੁਤਾਹੀ ਨਹੀਂ ਕਰਨੀ ਚਾਹੀਦੀ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਮਾਨ ਸਰਕਾਰ ਰਾਜ ਦੇ ਲੋਕਾਂ ਵੱਲੋਂ ਚੁਣੀ ਹੋਈ ਲੋਕਪ੍ਰਿਯ ਸਰਕਾਰ ਹੈ ਅਤੇ ਸੂਬਾ ਮਾਨ ਸਰਕਾਰ ਲੋਕਾਂ ਦੀ ਨਾਜਾਇਜ਼ ਖੱਜਲ ਖ਼ੁਆਰੀ ਨੂੰ ਸਹਿਣ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੂੰ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਵੇਲੇ ਤੋਂ ਦਫ਼ਤਰੋਂ ਫਰਲੋ ਤੇ ਰਹਿਣ ਦੀ ਆਦਤ ਪਈ ਹੋਈ ਹੈ, ਉਹ ਸਮੇਂ ਸਿਰ ਦਫ਼ਤਰਾਂ ‘ਚ ਹਾਜ਼ਰ ਰਹਿਕੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਕਰਨ ‘ਚ ਰੁਚੀ ਲੈਣ ਨਹੀਂ ਤਾਂ ਫ਼ਿਰ ਨੌਕਰੀਆਂ ਛੱਡ ਜਾਣ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਜਿਹਾ ਕਦਾਚਿੱਤ ਬਰਦਾਸ਼ਿਤ ਕਰਨ ਵਾਲੀ ਨਹੀਂ। ਉਹਨਾਂ ਨੇ ਸਮੂਹ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਦਫ਼ਤਰਾਂ ‘ਚ ਸਮੇਂ ਸਿਰ ਹਾਜ਼ਿਰ ਰਹਿ ਕੇ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦਾ ਇਮਾਨਦਾਰੀ ਨਾਲ ਹੱਲ ਕਰਨ ‘ਚ ਪਹਿਲ ਕਦਮੀ ਕਰਨ। ਮਿਹਨਤੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਾਨ ਸਰਕਾਰ ਬਰਾਬਰ ਮਾਨ ਸਤਿਕਾਰ ਦਿੰਦੀ ਹੈ।
Leave a Reply