ਲੁਧਿਆਣਾ ( ਗੁਰਵਿੰਦਰ ਸਿੱਧੂ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸ਼ਹਿਰ ਦੇ ਨਾਲ ਲੱਗਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਵੇ ਜਾਂ ਫਿਰ ਪੀੜਤ ਕਿਸਾਨਾਂ ਦੇ ਹੱਕਾਂ ਦੀ ਰਾਖੀ ਵੱਲ ਸੇਧਤ ’ਮੋਰਚੇ’ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ।
ਇਥੇ ਗਲਾਡਾ ਦਫਤਰ ਦੇ ਸਾਹਮਣੇ ’’ਜੰਗ ਪੰਜਾਬ ਬਚਾਉਣ ਦੀ’ ਮੁਹਿੰਮ ਤਹਿਤ ਵਿਸ਼ਾਲ ਧਰਨਾ, ਜਿਸ ਵਿਚ ਅਕਾਲੀ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕਿਹਾ ਕਿ ਪਾਰਟੀ ਆਪ ਸਰਕਾਰ ਨੂੰ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗੀ। ਸੁਖਬੀਰ ਬਾਦਲ ਨੇ ਨਾਲ ਹੀ ਕਿਹਾ ਕਿ ਅਸੀਂ ਸਿਰਫ ਆਪ ਪਾਰਟੀ ਦੇ ਖ਼ਜ਼ਾਨੇ ਭਰਨ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਦੀ ਆਪ ਦੀ ਸਾਜ਼ਿਸ਼ ਸਫਲ ਨਹੀਂ ਹੋਣ ਦਿਆਂਗੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਇਹ ਸੰਘਰਸ਼ ਹੋਰ ਸ਼ਹਿਰਾਂ ਵਿਚ ਵੀ ਲੈ ਕੇ ਜਾਵੇਗਾ ਜਿਥੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਬਾਹਰਲਿਆਂ ਤੋਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕੀਤਾ ਹੈ ਤੇ ਅਸੀਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਲਫਟੈਨ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਅਗਵਾਈ ਹੇਠ ਆਪ ਦੀ ਕੇਂਦਰੀ ਲੀਡਰਸ਼ਿਪ ਨੂੰ ਇਸ ਘੁਟਾਲੇ ਨੂੰ ਅੰਜਾਮ ਨਹੀਂ ਦੇਣ ਦਿਆਂਗੇ।
ਉਹਨਾਂ ਕਿਹਾ ਕਿ ਚੇਂਜ ਆਫ ਲੈਂਡ ਯੂਜ਼਼ (ਸੀ ਐਲ ਯੂ) ਦੇ ਸਰਟੀਫਿਕੇਟ 1 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ’ਤੇ ਦਿੱਤੇ ਜਾ ਰਹੇ ਹਨ ਤਾਂ ਜੋ 24000 ਏਕੜ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਤੋਂ ਮਰਜ਼ੀ ਵਾਲੀ ਜ਼ਮੀਨ ਬਾਹਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦੀ ਕੇਂਦਰੀ ਲੀਡਰਸ਼ਿਪ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਹੁਣ ਉਹ ਆਪਣੀ ਕੁਰਸੀ ’ਤੇ ਬਣੇ ਰਹਿਣ ਵਾਸਤੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹਣਾ ਚਾਹੁੰਦੇ ਹਨ।
ਕਿਸਾਨ ਆਗੂ ਸੁਖਪਾਲ ਸਿੰਘ ਜਿਹਨਾਂ ਨੇ ਪੀੜਤ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਆਪ ਸਰਕਾਰ ਵਿਕਾਸ ਦੇ ਨਾਂ ’ਤੇ ਘੁਟਾਲੇ ਕਰ ਰਹੀ ਹੈ। ਜਿਸ ਜ਼ਮੀਨ ਦੀ ਐਕਵਾਇਰ ਕਰਨ ਵਾਸਤੇ ਸ਼ਨਾਖ਼ਤ ਕੀਤੀ ਗਈ ਹੈ, ਉਸਦੇ ਨੇੜੇ ਪ੍ਰਾਈਵੇਟ ਕਲੌਨੀਆਂ ਹਾਲੇ ਤੱਕ ਵਿਕਸਤ ਨਹੀਂ ਹੋਈਆਂ। ਜੇਕਰ ਸਰਕਾਰ ਅਸੀਂ ਦੇ ਦਬਾਅ ਹੇਠ ਆ ਗਏ ਤਾਂ ਸਾਨੂੰ ਲੈਂਡ ਪੂਲਿੰਗ ਸਕੀਮ ਤਹਿਤ ਘੱਟ ਰੇਟਾਂ ’ਤੇ ਦਿੱਤੀ ਜਾਣ ਵਾਲੀ ਜਾਇਦਾਦ ਵੀ ਵੇਚਣ ਵਾਸਤੇ ਮਜਬੂਰ ਕੀਤਾ ਜਾਵੇਗਾ ਕਿਉਂਕਿ ਇਸ ਇਲਾਕੇ ਨੂੰ ਵਿਕਸਤ ਕਰਨ ਵਿਚ ਕਈ ਦਹਾਕੇ ਲੱਗ ਜਾਣਗੇ। ਇਸ ਨਾਲ ਸਾਡੀਆਂ ਭਵਿੱਖੀ ਪੀੜੀਆਂ ਤਬਾਹ ਹੋ ਜਾਣਗੀਆਂ।
ਕਿਸਾਨ-ਮਜ਼ਦੂਰ-ਦੁਕਾਨਦਾਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਦੇ ਵਿਚਾਲੇ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ।
ਯੂਥ ਅਕਾਲੀ ਆਗੂ ਜਸਕਰਨ ਸਿੰਘ ਇਯਾਲੀ ਕਲਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜਿਸ ਨੋਟੀਫਿਕੇਸ਼ਨ ਅਧੀਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸਾਰੀ ਹੀ ਜ਼ਮੀਨ ਐਕਵਾਇਰ ਹੋਵੇਗੀ ਜਿਸਦਾ ਮਤਲਬ ਹੈ ਕਿ ਜਿਹੜੇ ਵੀ ਲੈਂਡ ਪੂਲਿੰਗ ਸਕੀਮ ਨਹੀਂ ਹੋਣਗੇ, ਉਹਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਕੀਤੀਆਂ ਜਾਣਗੀਆਂ। ਉਹਨਾਂ ਨੇ ਸਰਕਾਰ ਦਾ ਇਹ ਦਾਅਵਾ ਵੀ ਲੀਰੋ ਲੀਰ ਕਰ ਦਿੱਤਾ ਕਿ ਸਾਰੀ ਪ੍ਰਕਿਰਿਆ ਸਵੈ ਇੱਛਾ ਨਾਲ ਪੂਰੀ ਕੀਤੀ ਜਾ ਰਹੀ ਹੈ।
ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾੜੀ ਸਾਜ਼ਿਸ਼ ਨੂੰ ਸਫਲ ਹੋਣ ਤੋਂ ਰੋਕਣ ਲਈ ਇਕਜੁੱਟ ਹੋ ਜਾਣ। ਸੀਨੀਅਰ ਅਕਾਲੀ ਆਗੂ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਾਂਗੂ ਅਕਾਲੀ ਦਲ ਕੇਡਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਨਿਰੰਤਰ ਧਰਨਾ ਲਾਉਣ ਲਈ ਤਿਆਰ ਬਰ ਤਿਆਰ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਆਰ ਐਸ ਕਲੇਰ, ਸਰਦਾਰ ਗੁਰਚਰਨ ਸਿੰਘ ਗਰੇਵਾਲ, ਸਰਦਾਰ ਪਰਉਪਕਾਰ ਸਿੰਘ ਘੁੰਮਣ, ਸ੍ਰੀ ਕਮਲ ਚੇਤਲੀ, ਸਰਦਾਰ ਭੁਪਿੰਦਰ ਸਿੰਘ ਭਿੰਦਾ ਅਤੇ ਸਰਦਾਰ ਬੌਬੀ ਗਰਚਾ ਨੇ ਵੀ ਸੰਬੋਧਨ ਕੀਤਾ।
Leave a Reply