ਲੁਧਿਆਣਾ ( ਜਸਟਿਸ ਨਿਊਜ਼ ) – ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਪਿੰਡ ਵਿਖੇ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰੁਚੀ ਕੌਰ ਬਾਵਾ, ਮੈਂਬਰ ਚਾਈਲਡ ਵੈਲਫੇਅਰ ਕਮੇਟੀ ਪੰਜਾਬ ਸਰਕਾਰ ਅਤੇ ਨਿਰਦੇਸ਼ਕ-ਸੰਚਾਲਕ ‘ਆਸ ਅਹਿਸਾਸ’ ਐਨ. ਜੀ.ਓ., ਨੇ ਸ਼ਿਰਕਤ ਕੀਤੀ, ਜਦੋਂ ਕਿ ਸੀਨੀਅਰ ਜਰਨਲਿਸਟ ਅਸ਼ਵਨੀ ਜੇਤਲੀ ਅਤੇ ਪੱਤਰਕਾਰ ਤੇ ਲੇਖਕ ਸੁਖਦੇਵ ਸਲੇਮਪੁਰੀ ਵਿਸ਼ੇਸ਼ ਬੁਲਾਰਿਆਂ ਵਜੋਂ ਹਾਜ਼ਰ ਰਹੇ। ਸਭ ਤੋਂ ਪਹਿਲਾਂ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਜਸਕਿਰਨ ਕੌਰ ਅਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ: ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨ ਰੁੱਚੀ ਕੌਰ ਬਾਵਾ ਅਤੇ ਬੁਲਾਰਿਆਂ ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦੀ ਵਧਾਈ ਦਿੰਦਿਆਂ ਅਕੈਡਮੀ ਵੱਲੋਂ ਸਮੇਂ-ਸਮੇਂ ਕਰਵਾਈਆਂ ਜਾਂਦੀਆਂ ਵਿਸ਼ੇਸ਼ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਪ੍ਰੈੱਸ ਦੀ ਆਜ਼ਾਦੀ ਤੇ ਇਸਦੀ ਵਰਤਮਾਨ ਸਮੇਂ ਵਿਚ ਦਿਸ਼ਾ ਅਤੇ ਦਸ਼ਾ ਸੰਬੰਧੀ ਲੇਖ ਲਿਖਣ ਅਤੇ ਪੋਸਟਰ ਬਨਾਉਣ ਦੇ ਮੁਕਾਬਲੇ ਵਿਚ ਭਾਗ ਲੈਂਦੇ ਹੋਏ ਲੇਖ ਲਿਖੇ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਪੋਸਟਰ ਬਣਾਏ ਗਏ ।
ਇਸ ਮੌਕੇ ਵਿਦਿਆਰਥੀਆਂ ਨੇ “ਅਜੋਕੇ ਦੌਰ ਵਿਚ ਪ੍ਰੈੱਸ ਦੀ ਆਜ਼ਾਦੀ ਦਾ ਨੌਜਵਾਨ ਪੀੜ੍ਹੀ ਲਈ ਮਹੱਤਵ” ਵਿਸ਼ੇ ਉਪਰ ਇਕ ਬੇਹੱਦ ਦਿਲਚਸਪ ਅਤੇ ਪ੍ਰਭਾਵੀ ਪੈਨਲ ਡਿਸਕਸ਼ਨ ਵਿਚ ਭਾਗ ਲੈਂਦਿਆਂ ਪ੍ਰੈੱਸ ਦੇ ਮਹੱਤਵ, ਇਸਦੀ ਸਾਰਥਿਕਤਾ ਅਤੇ ਦਰਪੇਸ਼ ਚੁਨੌਤੀਆਂ ਉਪਰ ਬੇਬਾਕ ਟਿੱਪਣੀਆਂ ਕਰਦਿਆਂ
ਚਰਚਾ ਨੂੰ ਨਤੀਜਾਕੁੰਨ ਆਯਾਮ ਦਿੱਤਾ।
ਮੁੱਖ ਮਹਿਮਾਨ ਸ੍ਰੀਮਤੀ ਰੁਚੀ ਕੌਰ ਬਾਵਾ ਨੇ ਆਪਣੇ ਸੰਖੇਪ ਪਰ ਵਿਚਾਰਉਤੇਜਕ ਭਾਸ਼ਣ ਦੌਰਾਨ ਬੱਚਿਆਂ ਨੂੰ ਡਿਜੀਟਲ ਮੀਡੀਆ ਦਾ ਅਨੁਸਰਣ ਕਰਦਿਆਂ ਇਸ ਵੱਲੋਂ ਦਰਸ਼ਕਾਂ ਅੱਗੇ ਪ੍ਰਸਤੁਤ ਜਾਣਕਾਰੀਆਂ ਅਤੇ ਗਿਆਨ ਨੂੰ ਨਿਰਖ ਪਰਖ ਕੇ ਹੀ ਜੀਵਨ ਵਿਚ ਵਰਤਣ ਦਾ ਵਡਮੁੱਲਾ ਤੇ ਸਾਰਥਕ ਸੁਝਾਅ ਦਿੱਤਾ। ਮੈਡਮ ਬਾਵਾ ਨੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਪ੍ਰੈੱਸ ਦੀ ਆਜ਼ਾਦੀ ਦੇ ਹਾਮੀ ਬਣਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੈੱਸ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੱਤਰਕਾਰਿਤਾ ਨੂੰ ਸਕੂਲੀ ਪੱਧਰ ਤੋਂ ਹੀ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ।
ਮੁੱਖ ਬੁਲਾਰੇ ਅਸ਼ਵਨੀ ਜੇਤਲੀ ਨੇ ਪ੍ਰੈਸ ਦੀ ਆਜ਼ਾਦੀ ਬਾਰੇ ਵਿਚਾਰਾਂ ਨੂੰ ਸਿਰਫ਼ ਇਕ ਵਿਸ਼ੇਸ਼ ਦਿਨ ਉਪਰ ਮਹੱਤਵ ਦੇਣ ਦੀ ਥਾਂ ਹਮੇਸ਼ਾ ਹੀ ਵਿਚਾਰਾਂ ਦੀ ਆਜ਼ਾਦੀ ਉਪਰ ਪਹਿਰਾ ਦੇਣ ਦੀ ਗੱਲ ਕਹੀ। ਉਨ੍ਹਾਂ ਭਵਿੱਖ ਵਿਚ ਪੱਤਰਕਾਰਿਤਾ ਨੂੰ ਕਿੱਤੇ ਵਜੋਂ ਅਪਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਮਾਜ ਦੀ ਭਲਾਈ ਵੱਲ ਕੇਂਦ੍ਰਿਤ ਅਤੇ ਨਿਰਪੱਖ ਪੱਤਰਕਾਰੀ ਨੂੰ ਅਪਣਾ ਕੇ ਦੇਸ਼ ਦੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਅਧਿਆਪਕ ਤੇ ਪੱਤਰਕਾਰ ਸੁਖਦੇਵ ਸਲੇਮਪੁਰੀ ਨੇ ਮੌਜੂਦਾ ਸਮਿਆਂ ਵਿਚ ਪ੍ਰੈਸ, ਪੁਲਿਸ, ਪਾਲੀਟੀਸ਼ੀਅਨ ਅਤੇ ਪ੍ਰਸ਼ਾਸਨ ਉਪਰ ਪੈਸੇ ਦੇ ਗਲਬੇ ਨੂੰ ਤੋੜਣ ਲਈ, ਇੰਨ੍ਹਾਂ “ਪੰਜਾਂ ਪੱਪਿਆਂ” ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਨ ਲਈ ਸੁਚੇਤ ਰੂਪ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ ।
ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਮੈਡਮ ਰੁਚੀ ਬਾਵਾ ਨੇ ਪੋਸਟਰ ਅਤੇ ਲੇਖ ਲਿਖਣ ਮੁਕਾਬਲਿਆਂ ਦੇ ਜੇਤੂਆਂ ਅਤੇ ਪੈਨਲ ਚਰਚਾ ਦੇ ਪ੍ਰਤੀਭਾਗੀਆਂ ਨੂੰ ਆਪਣੀ ਐਨਜੀਓ ਵੱਲੋਂ ਸਨਮਾਨਿਤ ਕੀਤਾ ਜਦੋਂਕਿ ਪ੍ਰਿੰ: ਜਸਕਿਰਨ ਕੌਰ ਅਤੇ ਸ: ਹਰਮਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ-ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ
Leave a Reply