ਕੀ ਸ਼੍ਰੌਮਣੀ ਅਕਾਲੀ ਦਲ ਦਾ ਭੰਗ ਕੀਤਾ ਢਾਂਚਾ ਕਿਸੇ ਨਵੀਂ ਸਿਰਜਨਾ ਨੂੰ ਜਨਮ ਦੇਵੇਗਾ

ਕੀ ਸ਼੍ਰੌਮਣੀ ਅਕਾਲੀ ਦਲ ਦਾ ਭੰਗ ਕੀਤਾ ਢਾਂਚਾ ਕਿਸੇ ਨਵੀਂ ਸਿਰਜਨਾ ਨੂੰ ਜਨਮ ਦੇਵੇਗਾ

ਖਾਨਦਾਨੀ ਕਬਜ਼ਾ ਕਹੀਏ ਜਾਂ ਗੱਦੀ ਨਿਸ਼ਾਨਤਾ ਉਹ ਚੱਲਦੀ ਤਾਂ ਹੈ ਪਰ ਉਹ ਆਪਣੇ ਖਾਸਮਖਾਸਾਂ ਦੇ ਦਿਲਾਂ ਵਿਚੋਂ ਆਪਣਾ ਵਜੂੂਦ ਖਤਮ ਕਰ ਬੈਠਦੀ ਹੈ । ਜੇਕਰ ਰਾਜਨੀਤੀ ਵਿਚ ਇਹੀ ਚਲਨ ਚਲਾਇਆ ਜਾਵੇ ਤਾਂ ਉਸ ਨੂੰ ਪਰਿਵਾਰਵਾਦ ਕਿਹਾ ਜਾਂਦਾ ਹੈ। ਪਰਿਵਾਰਵਾਦ ਦੇ ਕਾਰਨ ਹੀ ਦੇਸ਼ ਵਿਚ ਕਾਂਗਰਸ ਖਤਮ ਹੋ ਰਹੀ ਹੈ ਅਤੇ ਅਜਿਹੇ ਕਾਰਨ ਹੀ ਪੰਜਾਬ ਵਿਚ ਵਾਪਰੇ ਜਿਸ ਦੀ ਵਜ੍ਹਾ ਨਾਲ ਅੱਜ ਖੇਤਰੀ ਪਾਰਟੀਆਂ ਨਕਸ਼ੇ ਤੋਂ ਮਨਫੀ ਹੋ ਗਈਆਂ ਹਨ। ਜਿਸ ਸਦਕਾ ਅੱਜ ਅਕਾਲੀ ਦਲ ਦਾ ਵਜੂਦ ਅਜਿਹਾ ਹੈ ਕਿ ਪੁਰਾਣਿਆਂ ਵਿਚ ਸਭ ਤੋਂ ਜਿਆਦਾ ਇਕ ਬਲਵਿੰਦਰ ਸਿੰਘ ਭੂੰਦੜ ਹੀ ਨਾਲ ਹਨ ਜਦ ਕਿ ਪੁਰਾਣੇ ਸਭ ਅਕਾਲੀ ਦਲ ਦਾ ਸਾਥ ਛੱਡ ਗਏ ਹਨ ਜਾਂ ਫਿਰ ਕਈ ਹੋਰ ਪਾਰਟੀਆਂ ਵਿਚ ਜਾ ਕੇ ਫਿਰ ਵਾਪਸ ਤਾਂ ਆ ਗਏ ਹਨ । ਪਰ ਉਹ ਪਰਿਵਾਰਵਾਦ ਦੇ ਨਾਂ ਤੋਂ ਹਾਲੇ ਵੀ ਦੁਖੀ ਹਨ। ਹੁਣ ਜਦੋਂ 2024 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਤਾਂ ਗੱਠਜੋੜ ਸਦਕਾ ਹੀ ਸਿਰਫ ਦੋ ਸੀਟਾਂ ਹੀ ਲਿਜਾ ਸਕੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਅਕਾਲੀ ਦਲ ਦੇ ਕਿਸੇ ਵੀ ਲਾਰੇ ਵਿੱਚ ਲੋਕ ਨਹੀਂ ਆਏ ਅਤੇ ਸੰਗਰੂਰ ਜਿਮਨੀ ਲੋਕ ਸਭਾ ਚੋਣਾਂ ਵਿਚ ਉਹਨਾਂ ਵਲੋਂ ਬੰਦੀ ਸਿੰਘਾਂ ਦਾ ਖੇਡਿਆ ਗਿਆ ਪੱਤਾ ਵੀ ਕੰਮ ਨਹੀਂ ਆਇਆ ਅਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਵੀ ਕੋਈ ਹੁੰਗਾਰਾ ਨਹੀਂ ਮਿਿਲਆ।

ਹੁਣ ਜਦੋਂ ਸੰਗਰੂਰ ਜਿਮਨੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦੇ ਐਲਾਨ ਨਾਲ ਪਿਛਲੇ ਲੰਮੇ ਸਮੇਂ ਤੋਂ ਘੁੰਮਣਘੇਰੀ ਵਿਚ ਫਸੀ ਪਾਰਟੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਜਾਪਦਾ ਹੈ। ਪੈਦਾ ਹੋਏ ਅੰਦਰੂਨੀ ਵਿਵਾਦ ਦੇ ਹੋਰ ਉਲਝਣ ਦੀ ਸੰਭਾਵਨਾ ਬਣ ਗਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਪਿੱਛੋਂ ਸੰਗਰੂਰ ਲੋਕ ਸਭਾ ਦੀ ਚੋਣ ਵਿਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਅੰਦਰੋਂ ਉੱਠਦੀਆਂ ਆਵਾਜ਼ਾਂ ਨੂੰ ਸਮਝਦੇ ਹੋਏ ਤਤਕਾਲੀ ਲੀਡਰਸ਼ਿਪ ਨੇ ਇਸ ਵਿਗੜੀ ਸਥਿਤੀ ਬਾਰੇ ਸਮੁੱਚੇ ਹਾਲਾਤ ਦਾ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲੈਣ ਲਈ ਸੀਨੀਅਰ ਅਕਾਲੀ ਆਗੂ ਸ. ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਇਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਉਸ ਕਮੇਟੀ ਨੇ ਪੰਜਾਬ ਭਰ ਵਿਚ ਅਕਾਲੀ ਵਰਕਰਾਂ ਨਾਲ ਦਰਜਨਾਂ ਹੀ ਮੀਟਿੰਗਾਂ ਕਰਕੇ ਇਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਸੀ।

ਇਸ ਰਿਪੋਰਟ ਵਿਚ ਇਹ ਵੀ ਵਿਸਥਾਰ ਦਿੱਤਾ ਗਿਆ ਸੀ ਕਿ ਪਾਰਟੀ ਅੰਦਰ ਉੱਪਰ ਤੋਂ ਲੈ ਕੇ ਹੇਠਾਂ ਤੱਕ ਨੀਤੀਆਂ ਅਤੇ ਲੀਡਰਸ਼ਿਪ ਪੱਖੋਂ ਵੱੱਡੀਆਂ ਤਬਦੀਲੀਆਂ ਕੀਤੇ ਜਾਣ ਦੀ ਜ਼ਰੂਰਤ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਕਾਰਕੁੰਨ ਵੀ ਅਜਿਹੀਆਂ ਤਬਦੀਲੀਆਂ ਕੀਤੇ ਜਾਣ ਦੇ ਹੱਕ ਵਿਚ ਹਨ ਅਤੇ ਇਹ ਵੀ ਕਿ ਪਿਛਲੇ ਸਮੇਂ ਵਿਚ ਬਹੁਤੀ ਵਾਰ ਪਾਰਟੀ ਦੀ ਲੀਡਰਸ਼ਿਪ ਆਪਣੇ ਸਿਧਾਂਤਾਂ ਤੋਂ ਥਿੜਕਦੀ ਨਜ਼ਰ ਆਈ। ਉਸ ਨੇ ਆਪਣੇ ਪੰਥਕ ਪ੍ਰਭਾਵ ਨੂੰ ਵੀ ਧੁੰਦਲਾ ਕੀਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਸਾਲ 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ। ਸੁਖਬੀਰ ਸਿੰਘ ਬਾਦਲ ਵੀ ਇਸ ਦੌਰਾਨ ਕਾਫੀ ਸਮਾਂ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹੇ। ਚਾਹੇ ਇਸ ਦੌਰਾਨ ਵੱਡੀ ਪੱਧਰ ‘ਤੇ ਵਿਕਾਸ ਦੇ ਕੰਮ ਜਾਰੀ ਰਹੇ, ਜਿਨ੍ਹਾਂ ਨੂੰ ਗਿਣਨਯੋਗ ਮੰਨਿਆ ਜਾ ਸਕਦਾ ਹੈ ਪਰ ਹਰ ਪੱਧਰ ‘ਤੇ ਹੁੰਦੇ ਭ੍ਰਿਸ਼ਟਾਚਾਰ ਨੇ ਵੀ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ। ਇਸੇ ਹੀ ਸਮੇਂ ਵਿਚ ਪਾਰਟੀ ਆਪਣੀ ਪੰਥਕ ਪਹਿਰੇਦਾਰੀ ਤੋਂ ਵੀ ਥਿੜਕਦੀ ਨਜ਼ਰ ਆਈ। ਚਾਹੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਦਿੱਖ ਸੰਵਾਰਨ ਅਤੇ ਉਸ ਸਮੇਂ ਹੋਏ ਹੋਰ ਵਿਕਾਸ ਦੇ ਕੰਮਾਂ ਦਾ ਸਿਹਰਾ ਸੁਖਬੀਰ ਸਿਘ ਬਾਦਲ ਨੂੰ ਜਾਂਦਾ ਹੈ ਪਰ ਅਖੀਰ ਵਿਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ, ਪਰਿਵਾਰਵਾਦ ਅਤੇ ਹੋਰ ਕਈ ਵੱਡੇ ਵਿਵਾਦਾਂ ਵਿਚ ਘਿਰਨ ਕਾਰਨ ਪਾਰਟੀ ਦੀ ਲੋਕਪ੍ਰਿਅਤਾ ਵਿਚ ਕਾਫੀ ਕਮੀ ਆ ਗਈ। ਬਾਅਦ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਗਿਣਤੀ ‘ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਲਈ ਹੁੰਗਾਰਾ ਭਰਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਹੋਂਦ ਵਿਚ ਆ ਗਈ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਲੋਕਾਂ ਨੂੰ ਨਿਰਾਸ਼ ਹੀ ਕੀਤਾ।

ਅਖ਼ੀਰ ਪੰਜਾਬੀਆਂ ਨੇ ਤੀਸਰੇ ਬਦਲ ਦੀ ਭਾਲ ਵਿਚ ਆਮ ਆਦਮੀ ਪਾਰਟੀ ਨੂੰ ਚੁਣਿਆ। ਇਸੇ ਸਮੇਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਿਰਾਸ਼ ਹੋਏ ਕਈ ਵੱਡੇ ਆਗੂਆਂ ਨੇ ਪਾਰਟੀ ਤੋਂ ਪਿੱਠ ਮੋੜਨੀ ਸ਼ੁਰੂ ਕਰ ਦਿੱਤੀ। ਅਖੀਰ ਪੰਥਕ ਹਿਤੈਸ਼ੀਆਂ ਵਲੋਂ ਪਾਰਟੀ ਦੇ ਪੁਨਰਨਿਰਮਾਣ ਲਈ ਵੱਡੀਆਂ ਤਬਦੀਲੀਆਂ ਕੀਤੇ ਜਾਣ ਦੀ ਮੰਗ ਕੀਤੀ ਜਾਣ ਲੱਗੀ। ਪਾਰਟੀ ਵਿਚ ਏਕਤਾ ਕਰਵਾਉਣ ਦੀ ਮੰਗ ਨੇ ਵੀ ਜ਼ੋਰ ਫੜਿਆ ਅਤੇ ਇਹ ਵੀ ਕਿਹਾ ਜਾਣ ਲੱਗਾ ਕਿ ਇਸ ਨੂੰ ਜੀਵਤ ਰੱਖਣ ਲਈ ਇਸ ਦਾ ਨਵਨਿਰਮਾਣ ਕਰਨਾ ਬੇਹੱਦ ਜ਼ਰੂਰੀ ਹੈ। ਇਸੇ ਲਈ ਹੀ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਚਲੇ ਆਉਂਦੇ ਸੁਖਬੀਰ ਸਿੰਘ ਬਾਦਲ ਨੂੰ ਇਹ ਅਪੀਲਾਂ ਕੀਤੀਆਂ ਜਾਣ ਲੱਗੀਆਂ ਕਿ ਉਹ ਪਾਰਟੀ ਅੰਦਰ ਨਵੀਂ ਲੀਡਰਸ਼ਿਪ ਨੂੰ ਉੱਭਰਨ ਦਾ ਮੌਕਾ ਦੇਣ। ਸ਼ਾਇਦ ਪੈਦਾ ਹੋਈ ਇਸ ਸਥਿਤੀ ਨਾਲ ਨਿਪਟਣ ਲਈ ਹੀ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਗਿਆ ਹੈ। ਪਰ ਇਸ ਤਰ੍ਹਾਂ ਜਥੇਬੰਦਕ ਢਾਂਚਾ ਭੰਗ ਕੀਤੇ ਜਾਣ ਦੇ ਵਿਰੋਧ ਵਿਚ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਪਾਰਟੀ ਦਾ ਸੰਕਟ ਹੋਰ ਵੀ ਵਧਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਪੈਦਾ ਹੋਈ ਇਸ ਨਵੀਂ ਸਥਿਤੀ ਦਾ ਤੁਰੰਤ ਹੀ ਕੋਈ ਹੱਲ ਕੱਢੇ ਜਾਣ ਦੀ ਜ਼ਰੂਰਤ ਹੈ।

ਦੂਜੇ ਪਾਸੇ ਜੇਕਰ ਕਾਂਗਰਸ ਦਾ ਅਕਸ਼ ਦੇਖੀਏ ਤਾਂ ੳੇੁਹ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿਚ ਖਰਾਬ ਨਹੀਂ ਹੋਇਆ। ਜਿੰਨ੍ਹਾ ਕਿ ਚੰਨੀ ਦੀ ਚੰਦ ਮਹੀਨਿਆਂ ਦੀ ਸਰਕਾਰ ਵੇਲੇ ਹੋਇਆ। ਹੁਣ ਜਦੋਂ ਕਾਂਗਰਸ ਦੇ ਮੰਤਰੀ ਭ੍ਰਿਸ਼ਟਚਾਰ ਦੀ ਤਹਿਤ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਹਾਲ ਹੀ ਵਿੱਚ ਲੁਧਿਆਣਾ ਇੰਪਰੂਵਮੈਂਟ ਦੇ ਸਾਬਕਾ ਚੇਅਰਮੈਨ ਸੁਬਰਾਮਨੀਅਮ ਤੇ ਵੀ ਪਰਚਾ ਦਰਜ ਹੋ ਚੁੱਕਾ ਹੈ ਤਾਂ ੳੇੁਸ ਸਮੇਂ ਕਾਂਗਰਸ ਨੂੰ ਲੱਗਾ ਇਹ ਝੱਟਕਾ ਤਾਂ ਥੱਲੇ ਡੇਗ ਹੀ ਸਕਦਾ ਹੈ ਬਲਕਿ ਨਾਲ ਹੀ ਜੇਕਰ ਕਿਸੇ ਹੋਰ ਮੰਤਰੀ ਤੇ ਈ.ਡੀ. ਕੋਈ ਕਾਰਵਾਈ ਕਰਦੀ ਹੈ ਤਾਂ ਕਾਂਗਰਸ ਵੀ ਪੰਜਾਬ ਦੇ ਨਕਸ਼ੇ ਤੋਂ ਇੱਕ ਤਰ੍ਹਾਂ ਨਾਲ ਸੰਪੂਰਨ ਤੌਰ ਤੇ ਖਤਮ ਹੋ ਜਾਵੇਗੀ। ਅਜਿਹੀ ਮੌੌਕੇ ਤੋਂ ਜਦੋਂ ਕਾਂਗਰਸ ਦਾ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਭਾਵੇਂ ਇਕ ਸਾਲ ਲਈ ਹੀ ਜੇਲ੍ਹ ਵਿਚ ਗਿਆ ਹੈ ਤਾਂ ਉਸ ਦੀ ਖਾਮੀ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ। ਇਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਖੁੱਦਮੁਖਤਿਆਰੀ ਅਧਿਕਾਰ ਨਾਲ ਤਾਂ ਕੱੁਝ ਵੀ ਨਹੀਂ ਕੀਤਾ ਜਿਸ ਨਾਲ ਕਿ ਪੰਜਾਬ ਕਾਂਗਰਸ ਵਿਚ ਕੱੁਝ ਜਾਨ ਪੈ ਸਕੇ। ਕਿਉਂਕਿ ਕਾਂਗਰਸ ਨੇ ਤਾਂ ਜੋ ਵੀ ਕਰਨਾ ਹੈ ਉਹ ਹਾਈਕਮਾਨ ਦੇ ਕਹਿਨ ਤੇ ਹੀ ਕਰਨਾ ਹੁੰਦਾ ਹੈ ਅਤੇ ਹਾਈਕਮਾਨ ਤਾਂ ਇਸ ਸਮੇਂ ਆਪ ਹੀ ਬਹੁਤ ਉਲਝਨ ਵਿਚ ਫਸੀ ਪਈ ਹੈ।ਕਿਉਂਕਿ ਈ.ਡੀ. ਨੇ ਉਹਨਾਂ ਨੂੰ ਨੈਸ਼ਨਲ ਹੈਰਾਲਡ ਮਾਮਲੇ ਵਿਚ ਉਲਝਾ ਰੱਖਿਆ ਹੈ ਤੇ ਜਿਸ ਸਦਕਾ ਅੱਜ ਦੇਸ਼ ਭਰ ਵਿੱਚ ਮੁਜਾਹਰੇ ਤਾਂ ਵੱਡੇ ਪੱਧਰ ਤੇ ਹੋ ਰਹੇ ਪਰ ਉਸ ਦਾ ਨਤੀਜਾ ਲੋਕ ਹਮਦਰਦੀ ਹਾਸਲ ਕਰਨ ਵਜੋਂ ਤਾਂ ਨਹੀਂ ਨਿਕਲ ਰਿਹਾ ਬਲਕਿ ਸਗੋਂ ਲੋਕਾਂ ਵਿਚ ਅਕਸ ਖਰਾਬ ਹੋ ਰਿਹਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d