ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਤੇ ਵਿਸ਼ੇਸ਼ 

————–ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੂੰ 29 ਦਸੰਬਰ 1604 ਈਸਵੀ ਵਿੱਚ ਸੰਪੰਨ ਕਰਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਨੂੰ ਲਿਖਣ ਦੀ ਸੇਵਾ ਗੁਰੂ ਘਰ ਦੇ ਅਨਿਨ ਸੇਵਕ ਅਤੇ ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਨੂੰ ਸੌਂਪੀ।‌ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਨ ਦੀ ਪਹਿਲੀ ਸੇਵਾ ਬਾਬਾ ਬੁੱਢਾ ਜੀ ਨੇ ਨਿਭਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ 1430‌ ਅੰਗਾਂ ਵਿੱਚ ਸੁਸ਼ੋਭਿਤ ਹੈ । ਇਸ ਵਿੱਚ ਛੇ ਗੁਰੂ ਸਾਹਿਬਾਨਾਂ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਉਚਾਰੀ ਗੁਰਬਾਣੀ ਸਮੇਤ 15 ਭਗਤਾਂ 11 ਭੱਠਾ ਅਤੇ ਤਿੰਨ ਗੁਰੂ ਘਰ ਦੇ ਅਨਿਨ ਸੇਵਕਾਂ ਦੀ ਬਾਣੀ ਦਰਜ ਕੀਤੀ ਗਈ ਹੈ ।‌
ਗੁਰਬਾਣੀ ਵਿੱਚ ਇੱਕ ਅੰਗ ਤੋਂ 7 ਅੰਗਾਂ ਤੱਕ ਜਪੁਜੀ ਸਾਹਿਬ ਅਤੇ ਕੀਰਤਨ ਸੋਹਿਲੇ ਦੇ ਪਾਠ, 14 ਤੋਂ 1352 ਤੱਕ ਰਾਗਾਂ ਅਤੇ ਉਪ ਰਾਗਾਂ ਵਿੱਚ ਅਤੇ ਅੰਤਲੇ 1352 ਤੋਂ 1430 ਅੰਗਾਂ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਗਤ ਕਬੀਰ ਜੀ , ਬਾਬਾ ਸ਼ੇਖ ਫਰੀਦ ਜੀ ਵਲੋਂ ਉਚਾਰੇ ਪਾਵਨ ਸ਼ਲੋਕ,ਸਵੱਯੇ,ਰਾਗ ਮਾਲਾ ਦੀ ਗੁਰਬਾਣੀ ਦਰਜ ਕੀਤੀ ਗਈ ਹੈ । ਸੰਪੂਰਨ ਗੁਰਬਾਣੀ ਨੂੰ 8‌ ਅੰਗ ਤੋਂ 1351 ਅੰਗਾਂ ਤੱਕ 31 ਰਾਗਾਂ ਅਤੇ 34 ਉਪ ਰਾਗਾਂ ਦੀ ਲੜੀ ਵਿੱਚ ਬੜੀ ਸੂਝਬੂਝ ਨਾਲ ਪਰੋਇਆ ਗਿਆ ਹੈ। ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ  ਨੇ ਤਲਵੰਡੀ ਸਾਬੋ ਵਿਖੇ 1705 ਈਸਵੀ ਵਿੱਚ ਹਿੰਦ ਦੀ ਚਾਦਰ  ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਬਖਸ਼ਿਸ਼ ਕੀਤੀ ਗੁਰਬਾਣੀ ਭਾਈ ਮਨੀ ਸਿੰਘ ਤੋਂ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦੀ  ਕਿਰਪਾ ਕੀਤੀ।
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਮਰਤਾ ਸਹਿਤ ਗਿਆਰ੍ਹਵੇਂ ਗੁਰੂ ਜੀ ਵਜੋਂ ਗੁਰਗੱਦੀ ਤੇ ਬਿਰਾਜਮਾਨ ਕਰ ਕੇ ਸਿਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਦਾ ਇਲਾਹੀ ਫੁਰਮਾਨ ਜਾਰੀ ਕਰ ਦਿੱਤਾ ਅਤੇ ਉਚਾਰਨ ਕੀਤਾ ਕਿ ” ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ” । ਇਸ ਇਲਾਹੀ ਹੁਕਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਖਾਂ ਦੇ ਮਨਾਂ ਵਿੱਚ  ਗਿਆਰਵੇਂ ਗੁਰੂ ਵਜੋਂ ਅਮਰ ਹੋ ਗਏ । ਰਹਿੰਦੀ ਦੁਨੀਆਂ ਤੱਕ ਭੁਲੇ ਭੱਟਕੀ ਲੁਕਾਈ ਗੁਰਬਾਣੀ ਤੋਂ ਸੇਧ ਲੈ‌ ਸਕੇਗੀ ਅਤੇ ਨਿਮਾਣੇ, ਨਿਤਾਣੇ,ਨਿਓਟੇ ਅਤੇ ਮਾਨਸਿਕ ਤੌਰ ਤੇ ਪੀੜਤ ਗੁਰਬਾਣੀ ਦੇ ਸਿਮਰਨ ਨਾਲ ਆਪਣੇ ਜੀਵਨ ਦਾ ਆਨੰਦ ਮਾਣ ਸਕਣਗੇ।
ਗੁਰਬਾਣੀ ਸਮੁੰਦਰ ਹੈ ਅਤੇ ਇਸ ਵਿੱਚ ਸੰਸਾਰ ਦੇ ਸਰਵਪੱਖੀ ਗਿਆਨ ਦਾ  ਅਥਾਹ ਭੰਡਾਰ ਸਮੋਇਆ ਹੋਇਆ ਹੈ।
ਗੁਰਬਾਣੀ ਦੇ  ਸ਼ਬਦ ਵਿਚੋਂ ਬਿਮਾਰੀ ਸਮੇਤ ਸਮੂਹ ਦੁਨਿਆਵੀ ਸਮਸਿਆਵਾਂ ਅਤੇ ਭਰਮਾਂ ਵਹਿਮਾਂ ਨੂੰ ਦੂਰ ਕਰਨ ਅਤੇ ਵਧੀਆ ਜੀਵਨ ਜਿਉਣ ਦੇ ਢੰਗ ਤਰੀਕਿਆਂ ਦੀ ਸੋਝੀ ਖ਼ੋਜੀ ਜਾ ਸਕਦੀ ਹੈ ” ਸਰਬ ਰੋਗ ਕਾ ਅਉਖਦੁ ਨਾਮੁ। ਕਲਿਆਣ ਰੂਪ ਮੰਗਲ ਗੁਣ ਗਾਮ।।” ਦਾ ਉਪਦੇਸ਼ ਇਸ ਦੀ ਗਵਾਹੀ ਭਰਦਾ‌ ਹੈ। ਇਸ ਨਾਲ ਅਗਿਆਨੀ ਮਨੁਖ ਦੀ ਅਗਿਆਨਤਾ ਨੂੰ ਦੂਰ ਕਰਦੇ ਹੋਏ ਦਸਿਆ ਗਿਆ ਹੈ ਕਿ ਇਕ ਮਨ ਇਕ ਚਿਤ ਹੋ ਕੇ ਕੀਤੇ ਸਿਮਰਨ ਨਾਲ ਸਾਰੇ ਸਰੀਰਿਕ ਰੋਗ ਖ਼ਤਮ ਹੋ ਜਾਂਦੇ ਹਨ ਅਤੇ ਜੀਵਨ ਦੇ ਵਧੀਆ ਸੁਖ ਹਾਸਲ ਕੀਤੇ ਜਾ ਸਕਦੇ ਹਨ। ਗੁਰਬਾਣੀ ਵਿੱਚ ਕੁਦਰਤ ਦੇ ਜੁਗਾਂ ਜੁਗਾਂਤਰਾਂ ਤੋਂ ਲੁਕੇ ਭੇਦਾਂ ਨੂੰ ਪਲਾਂ ਵਿਚ ਉਜਾਗਰ ਕਰਦਿਆਂ ਵੱਡੇ ਵੱਡੇ ਸਾਇੰਸਦਾਨਾਂ ਨੂੰ  ਹੈਰਾਨ ਕਰਨ ਵਾਲੀ ਸਿਖਿਆ ਮੁਫ਼ਤ ਵਿੱਚ ਦਿੱਤੀ ਹੈ ਅਤੇ ਇਸ ਮੁਫ਼ਤ ਸਿੱਖਿਆ ਵਿੱਚ ” ਲੱਖ ਆਕਾਸਾ ਆਕਾਸ ਗ੍ਰੰਥ ਪਾਤਾਲਾਂ ਪਾਤਾਲ ਓੜਕ ਓੜਕ ਭਾਲ ਥਕੇ ਵੇਦ ਕਹਣ ਇਕ ਵਾਤ “। ਪੜਤਾਲੀਆ ਸ਼ਲੋਕ ਇਸ ਦੀ ਹਾਮੀ ਭਰਦਾ ਹੈ।
ਸਦੀਆਂ ਪਹਿਲਾਂ ਗੁਰਬਾਣੀ ਨੇ ਇਸ ਭੇਦ ਦਾ ਰਾਜ਼ ਖੋਲ ਕੇ ਧਰਮਾਂ ਦੇ ਫਰੇਬੀ ਠੇਕੇਦਾਰਾਂ ਵਲੋਂ ਬੁਣੇ ਅੰਧਵਿਸ਼ਵਾਸ ਦੇ ਮੱਕੜ ਜਾਲ ਵਿੱਚ ਫਸੀ ਲੁਕਾਈ ਨੂੰ ਦਿੱਤੀ ਹੈ ਕਿ ਧਰਤੀ ਤੇ ਪਤਾਲ ਸਿਰਫ ਇਕ ਨਹੀਂ ਸਗੋਂ ਅਨੇਕਾਂ ਹਨ। ਸਰਵਵਿਆਪੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੇਕਰ ਹੋਰ ਧਰਮਾਂ ਦੇ ਗ੍ਰੰਥਾਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਿੱਖਿਆਵਾਂ ਅਤੇ ਉਪਦੇਸ਼ ਦਰਜ ਹਨ ਉਸਦੇ ਮੁਕਾਬਲੇ ਹੋਰਨਾਂ ਧਰਮਾਂ ਦੇ ਗ੍ਰੰਥਾਂ ਵਿੱਚ ਇਹ ਸਿੱਖਿਆਵਾਂ ਤੇ ਉਪਦੇਸ਼   ਨਾਂਮਾਤਰ ਹਨ ਜਿਨ੍ਹਾਂ ਦੀ ਅੱਜ ਦੇ ਯੁਗ ਵਿੱਚ ਮਨੁੱਖ ਨੂੰ ਜੀਵਨ ਦੇ ਹੱਰ ਪਲ ਤੇ ਲੋੜ ਹੈ। ਸੰਸਾਰ ਭਰ ਵਿੱਚ ਲੋਕ ਸੁਖੀਆ ਪਰਲੋਕ ਸੁਹੇਲਾ ਕਰਨ ਵਾਲੇ ਗੁਣਾਂ ਦੀ ਸੌਗਾਤ ਦਾ ਖਜ਼ਾਨਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ ।  ਬਹੁਤ ਵਿਦਵਾਨ ਸਾਇੰਸਦਾਨ ਅਤੇ ਬੁੱਧੀਜੀਵੀ ਲੋਕ ਅਮ੍ਰਿਤ ਗੁਰਬਾਣੀ ਦੇ ਸੌਗਾਤਾਂ ਭਰਪੂਰ ਸਾਗਰ ਵਿਚੋਂ ਖੋਜਾਂ ਕਰਕੇ ਸੰਸਾਰ ਨੂੰ ਸਹੀ ਰਸਤਿਆਂ ਦੀ ਰੌਸ਼ਨੀ ਵੰਡ ਰਹੇ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਰਵ ਸਾਂਝੀ ਗੁਰਬਾਣੀ ਨੂੰ ਕਿਣਕਾ ਮਾਤਰ ਵੀ ਸੱਚੇ ਮਨ ਵਿਚ ਵਸਾ ਲਵੇ ਤਾਂ ਉਹ ਸੰਸਾਰ ਦੇ ਸੱਭ ਸੁਖ ਹਾਸਲ ਕਰ ਸਕਦਾ ਹੈ ਅਤੇ ਵਿਸੇ ਵਿਕਾਰਾਂ ਸਮੇਤ ਸੰਸਾਰਿਕ ਅਲਾਮਤਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਸਬੰਧੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਗਿਆਨ ਦਿੱਤਾ ਹੈ ਕਿ ” ਕਿਣਕਾ ਏਕ ਜਿਸ ਜੀਅ ਬਸਾਵੈ ਤਾਕੀ ਮਹਿਮਾਂ ਗਣੀ ਨਾ ਜਾਵੈ ” । ਮਨੁਖੀ ਜੀਵਨ ਦੀਆਂ ਦੁਰਲੱਭ ਸੌਗਾਤਾਂ ਨਾਲ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 29 ਅਗਸਤ ਨੂੰ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਧੂਮਧਾਮ,ਸ਼ਰਧਾ ਅਤੇ ਸਤਿਕਾਰ ਨਾਲ ਗੁਰਪੁਰਬ ਦੇ ਰੂਪ ਵਿੱਚ ਮਨਾਇਆ ਹੈ। ਆਓ ਆਪਾਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨ ਅਤੇ ਇਲਹੀ ਗੁਰਬਾਣੀ ਦੇ ਵਡਮੁੱਲੇ ਗੁਣਾਂ ਦੇ ਖ਼ਜ਼ਾਨੇ ਨੂੰ ਪਾਉਣ ਲਈ ਇਸ ਗੁਰਪੁਰਬ ਵਿਚ ਆਪਣਾ ਯੋਗਦਾਨ ਪਾਈਏ ਅਤੇ ” ਗੁਰੂ ਮਾਨਿਓ ਗ੍ਰੰਥ ” ਦਾ ਪ੍ਰਣ ਕਰ ਕੇ ਆਪਣਾ ਲੋਕ ਸੁਖੀਆ ਪਰਲੋਕ ਸੁਹੇਲਾ ਕਰੀਏ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*