ਮੋਗਾ, ( Gurjeet sandhu)) – ਜ਼ਿਲ੍ਹਾ ਮੋਗਾ ਵਿੱਚ ਨੀਤੀ ਆਯੋਗ ਵੱਲੋਂ ਪ੍ਰਾਪਤ ਹੋਈ ਗਰਾਂਟ ਦੇ ਨਾਲ ਲਗਾਏ ਗਏ ਪ੍ਰੋਜੈਕਟ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੱਡੀ ਮਦਦ ਮਿਲੀ ਹੈ। ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਨੀਤੀ ਆਯੋਗ ਤੋਂ ਪ੍ਰਾਪਤ ਫੰਡਾਂ ਨਾਲ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਮੋਗਾ ਜਿਲ੍ਹੇ ਦੇ ਪੰਜ ਪਿੰਡ ਖੋਸਾ ਪਾਂਡੋ, ਧੱਲੇਕੇ, ਮੌੜ ਨੌ ਆਬਾਦ, ਪੱਤੋ ਜਵਾਹਰ ਸਿੰਘ ਅਤੇ ਨੂਰਪੁਰ ਹਕੀਮਾਂ ਦੇ ਛੱਪੜਾਂ ਦੇ ਪਾਣੀ ਦੀ ਵਰਤੋਂ ਸਿੰਚਾਈ ਲਈ ਕਰਨ ਵਾਸਤੇ 1.08 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਲਗਾਕੇ 10 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਗਈ ਹੈ।
ਇਸ ਪ੍ਰੋਜੈਕਟ ਦਾ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਜਾਇਜ਼ਾ ਲਿਆ ਅਤੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪੰਜੇ ਬਲਾਕ ਸੈਂਟਰਲ ਗਰਾਊਂਡ ਵਾਟਰ ਬੋਰਡ ਅਨੁਸਾਰ ਡਾਰਕ ਬਲਾਕ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਔਸਤਨ 49 ਸੈਂਟੀਮੀਟਰ ਦੀ ਰਫ਼ਤਾਰ ਨਾਲ ਡਿੱਗ ਰਿਹਾ ਹੈ ਜੋ ਕਿ ਇੱਕ ਗੰਭੀਰ ਮਸਲਾ ਹੈ ਅਤੇ ਇਸ ਡਿੱਗਦੇ ਪਾਣੀ ਦੇ ਪੱਧਰ ਨੂੰ ਠੱਲ ਪਾਉਣੀ ਬਹੁਤ ਜਰੂਰੀ ਹੈ। ਇਸ ਲਈ ਜਿੱਥੇ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਹੋਰ ਉਪਲੱਬਧ ਪਾਣੀ ਦੇ ਸਰੋਤਾਂ ਨੂੰ ਸਿੰਚਾਈ ਲਈ ਵਰਤਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਹਨਾਂ ਪਿੰਡਾਂ ਦੇ 565 ਏਕੜ ਰਕਬੇ ਨੂੰ ਇੱਕ ਵਾਧੂ ਸਿੰਚਾਈ ਦਾ ਸੋਮਾ ਮਿਲ ਗਿਆ ਹੈ। ਛੱਪੜਾਂ ਦੇ ਪਾਣੀ ਵਿੱਚ ਕਈ ਤਰ੍ਹਾਂ ਦੇ ਖੇਤੀ ਲਈ ਲਾਹੇਵੰਦ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਖਾਦਾਂ ਦੀ ਵਰਤੋ ਵੀ ਘੱਟਦੀ ਹੈ ਅਤੇ ਖਰਚੇ ਘਟਣ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਮਿਲਦਾ ਹੈ। ਪਹਿਲਾਂ ਇਹਨਾਂ ਛੱਪੜਾਂ ਦਾ ਪਾਣੀ ਓਵਰ ਫਲੋ ਹੋ ਕੇ ਪਿੰਡਾਂ ਦੀਆਂ ਸੜਕਾਂ ਉੱਤੇ ਪਹੁੰਚ ਜਾਂਦਾ ਸੀ ਅਤੇ ਨਾਲ ਲੱਗਦੇ ਘਰਾਂ ਵਿੱਚ ਚਲਾ ਜਾਂਦਾ ਸੀ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਪਰ ਹੁਣ ਇਹਨਾਂ ਪ੍ਰੋਜੈਕਟਾਂ ਦੇ ਲੱਗਣ ਤੋਂ ਬਾਅਦ ਛੱਪੜ ਦੇ ਪਾਣੀ ਦੀ ਨਿਕਾਸੀ ਵੀ ਹੋ ਰਹੀ ਹੈ ਅਤੇ ਖੇਤਾਂ ਨੂੰ ਵਾਧੂ ਪਾਣੀ ਮਿਲਣ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਵੀ ਬਚ ਰਿਹਾ ਹੈ।
ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਝੋਨੇ ਦੀ ਬਿਜਾਈ ਤੋਂ ਲੈ ਕੇ ਹੁਣ ਤੱਕ (15 ਦਿਨਾਂ ਵਿੱਚ)ਅੰਦਾਜਨ 34 ਲੱਖ ਲੀਟਰ ਛੱਪੜਾਂ ਦਾ ਪਾਣੀ ਸਿੰਚਾਈ ਲਈ ਵਰਤਿਆ ਜਾ ਚੁੱਕਾ ਹੈ। ਪਿੰਡ ਵਾਸੀਆਂ ਨੂੰ ਇਹਨਾਂ ਪ੍ਰੋਜੈਕਟਾਂ ਦਾ ਬਹੁਤ ਫਾਇਦਾ ਹੋਇਆ ਹੈ। ਇਹਨਾਂ ਪ੍ਰੋਜੈਕਟਾਂ ਨੂੰ ਜਲ ਸ਼ਕਤੀ ਅਭਿਆਨ ਦੀ ਕੇਂਦਰੀ ਟੀਮ ਵੱਲੋਂ ਵੀ ਵਿਜ਼ਿਟ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਬਾਕੀ ਦੇ ਪਿੰਡਾਂ ਵਿੱਚ ਵੀ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਐੱਸ ਡੀ ਓ ਸ੍ਰ ਸੁਖਦਰਸ਼ਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
Leave a Reply