ਬੰਦੂਕ ਦੀ ਨੋਕ ਤੇ ਵਿਦਿਆਰਥੀ ਨੂੰ ਲੁੱਟ ਕੇ ਲੁਟੇਰੇ ਫਰਾਰ 

ਪਰਮਜੀਤ ਸਿੰਘ, ਜਲੰਧਰ
ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਜਲੰਧਰ ਅੰਮ੍ਰਿਤਸਰ ਮਾਰਗ ਤੇ ਸਥਿਤ ਐਨ ਆਈਟੀ ਕਾਲਜ ’ਚ ਐਮ ਟੈਕ ਬਾਇਓ ਟੈਕਨੋਲੋਜੀ ਦੀ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੂੰ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਲੁੱਟ ਖੋਹ ਦਾ ਸ਼ਿਕਾਰ ਹੋਏ ਅੰਕੁਸ਼ ਪੁੱਤਰ ਸਰੇਸ਼ ਕੁਮਾਰ ਵਾਸੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਬਿਧੀਪੁਰ ’ਚ ਕਿਰਾਏ ਤੇ ਰਹੇ ਨੇ ਦੱਸਿਆ ਕਿ ਉਹ ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਕਾਲਜ ਵਿੱਚੋਂ ਆਪਣਾ ਪ੍ਰੈਕਟੀਕਲ ਸਮਾਪਤ ਕਰਕੇ ਆਪਣੇ ਕਮਰੇ ਵਿੱਚ ਪੈਦਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਿਨਾਂ ਨੰਬਰੀ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਨੇ ਉਸਨੂੰ ਘੇਰ ਕੇ ਉਸ ਤੇ ਬੰਦੂਕ ਤਾਣ ਦਿੱਤੀ ਅਤੇ ਉਸ ਕੋਲ ਜੋ ਵੀ ਮੌਜੂਦ ਹੈ ਉਹ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ ਗਿਆ।
ਉਸਨੇ ਦੱਸਿਆ ਕਿ ਭਾਵੇਂ ਉਹ ਬੰਦੂਕ ਵੇਖ ਕੇ ਘਬਰਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਰੌਲਾ ਤਾ ਪਾਇਆ ਪਰ ਕਿਸੇ ਵੀ ਰਾਹਗੀਰ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਬੇਖੌਫ ਲੁਟੇਰੇ ਉਸ ਦੇ ਗਲੇ ਵਿੱਚ ਪਾਈ ਹੋਈ ਚਾਂਦੀ ਦੀ ਚੇਨ, ਸਮਾਰਟ ਫੋਨ ਅਤੇ ਉਸਦਾ ਪਰਸ ਜਿਸ ਵਿੱਚ ਨਕਦੀ, ਆਧਾਰ ਕਾਰਡ, ਡਰਾਇੰਗ ਲਾਇਸੰਸ, ਪੈਨ ਕਾਰਡ ਆਦਿ ਮੌਜੂਦ ਸਨ ਖੋਹ ਕੇ ਕਰਤਾਰਪੁਰ ਵਾਲੇ ਪਾਸੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਇਸੇ ਤਰ੍ਹਾਂ ਦੋ ਮਹੀਨੇ ਪਹਿਲਾਂ ਵੀ ਇੱਕ ਵਿਦਿਆਰਥੀ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਮਾਰ ਕੁਟਰਾਈ ਕਰਕੇ ਉਸਨੂੰ ਲੁੱਟ ਕੇ ਫਰਾਰ ਹੋ ਗਏ ਸਨ।
ਜਿਸ ਦੀ ਕਿਸੇ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਸੀ ਪਰ ਕਿਸੇ ਵੱਲੋਂ ਵੀ ਉਸ ਨੂੰ ਵੀ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਵਿਦਿਆਰਥੀ ਨੇ ਦੱਸਿਆ ਕਿ ਉਸਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਲਈ ਹਾਈਵੇ ਤੇ ਲੱਗੇ ਹੋਏ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published.


*