ਭਾਰਤ ਤੇ ਆਸਟ੍ਰੇਲੀਆ ਦੀ ਆਰਥਿਕਤਾ ਤੇ ਝਾਤ – ਲੜੀ 2

ਭਾਰਤ ਤੇ ਆਸਟ੍ਰੇਲੀਆ ਦੀ ਆਰਥਿਕਤਾ ਦੀ ਪੜਚੋਲ ਕੀਤਿਆਂ ਕਈ ਕੌੜੇ ਸੱਚ ਸਾਹਮਣੇ ਆਏ ਹਨ।  ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ ਵਿਕਸਤ ਦੇਸ਼ਾਂ ਦਾ ਮੋਹਰੀ ਹੋਣ ਕਾਰਨ ਏਥੋਂ ਦੇ ਖੁਸ਼ਹਾਲ ਜੀਵਨ ਦੀਆਂ ਬਹੁਤ ਦਿਲ ਲੁਭਾਊ ਕਹਾਣੀਆਂ ਪ੍ਰਚੱਲਤ ਹੋ ਚੁਕੀਆਂ ਹਨ। ਇਸ ਲਈ ਬਹੁਤ ਸਾਰੇ ਨੌਜਵਾਨ ਝੁਗਾ ਫੂਕ ਕੇ ਆਸਟ੍ਰੇਲੀਆ ਜਾਣ ਲਈ ਤਰਲੋ ਮੱਛੀ ਹਨ। ਇਨ੍ਹਾਂ ਨੂੰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚਣ ਸਾਰ ਨਾਨੀ ਚੇਤੇ ਆ ਜਾਂਦੀ ਹੈ। ਪਹਿਲਾਂ ਅਸੀਂ ਆਸਟ੍ਰੇਲੀਆ ਦੇ ਪੱਕੇ ਵਸਨੀਕਾਂ ਦੀ ਕਮਾਈ ਤੇ ਖ਼ਰਚ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਆਸਟ੍ਰੇਲੀਆ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਕਾਮਿਆਂ ਨੂੰ ਹਫਤੇ ਦੇ 7 ਦਿਨਾਂ ਵਿਚ ਵਿੱਚੋਂ ਸਿਰਫ਼ 5 ਦਿਨ 40 ਘੰਟੇ ਕੰਮ ਕਰਨ ਦੀ ਆਗਿਆ ਹੈ। ਹੱਰ ਇਕ ਸ਼ਨਿਚਰਵਾਰ ਤੇ ਐਤਵਾਰ ਦੀ ਸਰਕਾਰੀ ਛੁੱਟੀ ਹੁੰਦੀ ਹੈ। ਛੁੱਟੀ ਵਾਲੇ ਦਿਨ ਸਿਰਫ਼ ਜ਼ਰੂਰੀ ਸੇਵਾਵਾਂ ਅਤੇ ਸਟੋਰ ਆਦਿ ਹੀ ਖੋਲਣ ਦੀ ਆਗਿਆ ਹੁੰਦੀ ਹੈ। ਦੁਪਹਿਰ ਨੂੰ 8 ਘੰਟੇ ਵਿਚੋਂ ਅੱਧਾ ਘੰਟਾ ਰੋਟੀ ਖਾਣ ਦੇ ਸਮੇਂ ਕਟੌਤੀ ਕਰ ਕੇ
ਸਿਰਫ ਸਾਢੇ ਸੱਤ ਘੰਟੇ ਦੀ ਤਨਖਾਹ ਦਿੱਤੀ ਜਾਂਦੀ ਹੈ।  ਇਸ ਤਰ੍ਹਾਂ ਹੱਰ ਇਕ ਵਰਕਰ ਦੇ ਹਫਤੇ ਦੇ 40 ਚੋਂ ਦੋ ਘੰਟੇ ਕੱਟ ਕੇ 38 ਘੰਟੇ ਪੇਡ ਬਚਦੇ ਹਨ। ਇਸ ਤਰ੍ਹਾਂ ਹੱਰ ਇਕ ਮਹੀਨੇ ਵਿਚ ਹੱਰ ਵਰਕਰ ਦੇ ਵੱਧ ਤੋਂ ਵੱਧ 152 ਘੰਟੇ ਪੇਡ ਬਣਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਦਾ ਓਵਰ ਟਾਈਮ ਲਾਉਣ ਦਾ ਦਾਅ ਲਗ ਜਾਵੇ ਉਹ ਵਖਰਾ ਹੈ। ਆਸਟ੍ਰੇਲੀਆ ਵਿੱਚ ਔਸਤਨ ਤਨਖਾਹ ਦਰ 35 ਡਾਲਰ ਪ੍ਰਤੀ ਘੰਟਾ ਹੈ। ਇਸ ਤਰ੍ਹਾਂ 15% ਟੈਕਸ ਕੱਟ ਕੇ 30 ਡਾਲਰ ਅੰਦਾਜਣ ਪ੍ਰਤੀ ਘੰਟਾ ਪੱਲੇ ਪੈਂਦੇ ਹਨ। ਜੋ ਲਗਭਗ 4560‌ ਡਾਲਰ ਪ੍ਰਤੀ ਮਹੀਨਾ ਬਣਦਾ ਹੈ। ਇਹ ਆਮਦਨ ਉਸ ਵਰਕਰ ਦੀ ਹੈ ਜੋ ਮਹੀਨੇ ਵਿਚ ਕੋਈ ਛੁੱਟੀ ਨਾ ਕਰੇ। ਪਤੀ ਪਤਨੀ ਅਤੇ ਦੋ ਜਾਂ ਤਿੰਨ ਬੱਚਿਆਂ ਦੇ ਛੋਟੇ ਪ੍ਰਵਾਰ ਦੇ ਪਤੀ ਪਤਨੀ ਦੇ ਪੂਰਾ ਸਮਾਂ ਕੰਮ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਚਲਦਾ।  ਬੱਚਿਆਂ ਦੇ ਦਸ ਸਾਲ ਤੋਂ ਘੱਟ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਸਕੂਲ ਛੱਡਣ ਅਤੇ ਸਕੂਲ ਤੋਂ ਲਿਆਉਣ ਲਈ ਕਿਸੇ ਜ਼ੁਮੇਵਾਰ ਵਿਅਕਤੀ ਦੀ ਘਰ ਵਿੱਚ ਮੌਜੂਦ ਹੋਣਾ ਲਾਜ਼ਮੀ ਹੈ। ਕਿਉਂ ਕਿ ਘਰ ਵਿੱਚ ਇਕਲੇ ਬਚਿਆਂ ਦੀ ਮੌਜੂਦਗੀ ਮਾਪਿਆਂ ਲਈ ਸਜ਼ਾਯੋਗ ਕਨੂੰਨੀ ਅਪਰਾਧ ਹੈ। ਇਸ ਲਈ ਬੱਚਿਆਂ ਦੀ ਸਾਂਭ ਸੰਭਾਲ ਲਈ ਕਿਸੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਮਜਬੂਰੀ‌ਵਸ ਬਲਾਉਣਾ ਪੈਂਦਾ ਹੈ।
ਅਜੇਹਾ ਸਾਰਾ ਪ੍ਰਬੰਧ ਕਰਨ ਉਪਰੰਤ ਦੋਵੇਂ ਪਤੀ ਪਤਨੀ ਮਹੀਨੇ ਵਿਚ ਰਾਤਾਂ ਦੀਆਂ ਸ਼ਿਫਟਾਂ ਲਾਕੇ ਅਤੇ ਤਣਾਅ ਪੂਰਨ ਭੱਜ ਨੱਸ ਕਰ ਕੇ ਲਗਭਗ 9000 ਡਾਲਰ ਪ੍ਰਤੀ ਮਹੀਨਾ ਕਮਾ ਸਕਦੇ ਹਨ। ਮਹੀਨੇ ਦੇ ਨਾ ਟਾਲਣ‌ਯੋਗ ਮੋਟੇ ਮੋਟੇ ਖ਼ਰਚੇ ਵਿੱਚ ਕੋਈ 3000 ਡਾਲਰ ਘਰ ,ਕਾਰ ਅਤੇ ਹੋਰ ਘਰੇਲੂ ਸਮਾਨ ਦੇ ਕਰਜ਼ੇ ਦੀਆਂ ਕਿਸ਼ਤਾਂ । ਰਸੋਈ ਦੇ ਸਮਾਨ, ਸਾਬਣ ਤੇਲ, ਕੱਪੜੇ, ਪੈਟਰੌਲ ਡੀਜਲ, ਮੋਟਰਾਂ ਤੇ ਰੇਲਾਂ ਦਾ ਕਿਰਾਇਆ ਭਾੜਾ ਅਤੇ ਮੋਬਾਇਲਾਂ ਦੀ ਚਰਜਿਂਗ ਤੇ ਲੱਗਭਗ 2500 ਦਾ ਘਟ ਤੋਂ ਘਟ ਖ਼ਰਚ । ਬਿਜਲੀ, ਪਾਣੀ, ਗੈਸ, ਸੀਵਰੇਜ ਅਤੇ ਕੂੜੇ ਦਾਨਾ ਦੀ ਚੁਕਾਈ ਦਾ ਬਿਲ 1800 ਦੇ ਆਸ ਪਾਸ ਭਰਨਾ ਪੈਂਦਾ ਹੈ। ਏਥੇ ਹੀ ਬਸ ਨਹੀਂ ਜੀਵਨ, ਘਰ, ਗੱਡੀਆਂ ਅਤੇ ਘਰੇਲੂ ਸਮਾਨ ਦੇ ਬੀਮੇ ਦੇ ਬਿਲ ਲਗਭਗ 1000 ਡਾਲਰ  ਹਨ। ਜਿਸ ਦਾ ਮੋਟਾ ਮੋਟਾ ਜੋੜ 8200-8300 ਡਾਲਰ ਬਣਦਾ ਹੈ ਇਸ ਤਰ੍ਹਾਂ ਸਾਰਾ ਮਹੀਨਾ ਤਨਾਓ ਵਿਚ ਰਾਤ ਦਿਨ ਭੱਜ ਨੱਠ ਕਰਕੇ ਕੋਈ 700-800 ਡਾਲਰ ਹੀ ਬਚਦੇ ਹਨ
।ਜਿਸ ਵਿੱਚੋਂ ਦਵਾਈ ਦਾਰੂ ਆਦਿ ਦਾ ਖਰਚ ਹੀ ਮਸਾਂ ਪੂਰਾ ਹੁੰਦਾ ਹੈ। ਇਹ ਹੈ ਪੱਕੇ ਆਸਟ੍ਰੇਲੀਆ ਨਿਵਾਸੀਆਂ ਦੀ ਆਰਥਿਕ ਤਸਵੀਰ।ਇਸ ਦੇ ਨਾਲ ਹੀ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਵਾਲਿਆਂ ਦੀ ਆਰਥਿਕ ਹਕੀਕਤ ਵੀ ਤਰਸਯੋਗ ਹੈ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਹਫਤੇ ਵਿੱਚ 24 ਘੰਟੇ ਹਫਤਾ ਜਾਣੀ ਕਿ 96 ਘੰਟੇ ਮਹੀਨਾ ਕੰਮ ਕਰਨ ਦੀ ਆਗਿਆ ਹੈ। ਜਦਕਿ ਕਿਸੇ ਵਿਦਿਆਰਥੀ ਨੂੰ ਵੀ ਹਫਤੇ ਵਿੱਚ 15 -16 ਘੰਟੇ ਤੋਂ ਵੱਧ ਕਮ ਨਹੀਂ ਮਿਲਦਾ ਜਿਸ ਨਾਲ ਹੱਰ ਇਕ ਵਿਦਿਆਰਥੀ ਮਹੀਨੇ ਵਿੱਚ ਮਸਾਂ 60- 62 ਘੰਟੇ ਹੀ ਕੰਮ ਕਰ ਸਕਦਾ ਹੈ ਅਤੇ ਵਿਦਿਆਰਥੀਆਂ ਦੀ ਪੇ ਟੈਕਸ ਕੱਟ ਕੇ ਵੱਧ ਤੋਂ ਵੱਧ 20 ਡਾਲਰ ਪ੍ਰਤੀ ਘੰਟਾ ਹੋਣ ਕਾਰਨ ਕੋਈ ਮਹੀਨੇ ਦੀ ਕਮਾਈ ਕੋਈ 1200 ਡਾਲਰ ਹੈ। ਇਸ ਕਮਾਈ ਵਿਚੋਂ ਲਗਭਗ 800 ਡਾਲਰ ਨਾ ਟਾਲਣਯੋਗ ਪ੍ਰਤੀ ਮਹੀਨਾ ਕਮਰੇ ਦਾ ਕਿਰਾਇਆ। ਬਾਕੀ ਬਚੇ 400 ਵਿਚੋਂ ਰੋਟੀ ਪਾਣੀ,ਮੁਬਾਇਲ ਚਾਰਜ ਅਤੇ ਰੇਲਾਂ ਤੇ ਬੱਸਾਂ ਦਾ ਕਿਰਾਇਆ ਭਰ ਕੇ ਬੇਬਸ ਨੌਜਵਾਨ ਅਨਾਥਾਂ ਦਾ ਜੀਵਨ ਜਿਊਣ ਲਈ ਭਟਕਦੇ ਫਿਰਦੇ ਹਨ ਅਤੇ ਲਗਭਗ ਛਮਾਹੀ ਫ਼ੀਸ ਚਾਰ -‌ਪੰਜ ਹਜ਼ਾਰ ਦੇ ਬੰਦੋਬਸਤ ਲਈ ਦਿਨ ਰਾਤ ਨੀਂਦ ਨਹੀਂ ਆਉਂਦੀ।‌
ਕੁਝ ਇਕ ਵਿਦਿਆਰਥੀਆਂ ਤੋਂ ਪੁੱਛ ਪੜਤਾਲ ਕਰਨ ਤੇ ਅਜੀਬ ਜਾਣਕਾਰੀ ਸਾਹਮਣੇ ਆਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਆਈ ਲੈਟਸ ਦੀ ਕੋਚਿੰਗ ਸਮੇਂ ਆਪਣੇ ਆਪ ਨੂੰ ਹੋਰਨਾਂ ਤੋਂ ਵਧੀਆ ਸਮਝਣਾ ਛੁਰੂ ਕਰ ਦਿੱਤਾ। ਆਸਟ੍ਰੇਲੀਆ ਦੇ ਵਿਦਿਅਕ ਅਦਾਰੇ ਵਿਚ ਦਾਖ਼ਲਾ ਲੈਣ ਪਿੱਛੋਂ ਵੀਜ਼ਾਂ ਹਾਸਲ ਕਰ ਕੇ ਜੇਤੂ ਜਰਨੈਲ ਦਾ ਅਹਿਸਾਸ ਹੋਣ ਲੱਗਾ। ਦੋਸਤਾਂ, ਮਿਤਰਾਂ ਸਨੇਹੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ ਅਤੇ ਪਾਰਟੀਆਂ ਦੇ ਦੌਰ ਆਰੰਭ ਹੋ ਗਏ। ਲੀੜੇ ਕਪੜੇ ਅਤੇ ਜ਼ਰੂਰੀ ਵਸਤਾਂ ਦੀ ਦਿਲ ਖੋਲ ਕੇ ਖ਼ਰੀਦੋ ਫਰੋਖਤ ਹੋਈ ਤੇ ਹਵਾਈ ਜਹਾਜ਼ ਦੀ ਟਿਕਟ ਖਰੀਦੀ ਗਈ।ਜੰਨ ਚੜ੍ਹਨ ਦੀ ਖੁਸ਼ੀ ਤੋਂ ਵੀ ਵੱਧ ਚਾਵਾਂ ਨਾਲ ਤਿਆਰੀਆਂ ਕਰ ਕੇ ਪ੍ਰਵਾਰ,ਚਾਚੇ ਤਾਏ, ਭੂਆ ਫੁਫੀਆਂ ਮਾਮੇ ਮਾਮੀਆਂ ਤੇ ਮਾਸੀਆਂ ਆਦਿ ਨੇ ਰਵਾਨਾ ਕੀਤਾ । ਵੱਡੀਆਂ ਆਸਾਂ ਨਾਲ ਜੇਤੂ ਜਰਨੈਲ ਦੇ ਤੌਰ ਤੇ ਜਹਾਜ਼ ਚੜ੍ਹ ਕੇ ਜਦੋਂ ਆਸਟ੍ਰੇਲੀਆ ਹਵਾਈ ਅੱਡੇ ਤੋਂ ਬਾਹਰ ਆ ਕੇ ਵੇਖਿਆ ਤਾਂ ਜਰਨੈਲੀ ਦਾ ਅਖੌਤੀ ਬੁਖਾਰ ਉਤਰ ਕੇ ਪਹਲੇ ਹੀ ਦਿਨ ਨਾਨੀ ਚੇਤੇ ਆ ਗਈ। ਵਿਚਾਰੇ ਨੌਜਵਾਨ ਔਕੜਾਂ ਭਰਿਆ ਜੀਵਨ ਬਤੀਤ ਕਰਨ ਦੇ ਬਾਵਜੂਦ ਮਾਪਿਆਂ ਨਾਲ ਟੈਲੀਫੋਨ ਤੇ ਗਲ ਕਰਨ ਸਮੇਂ ਆਸਟ੍ਰੇਲੀਆ ਦੇ ਖੁਆਬ ਦੀ ਫੁਕਰਾਪੰਥੀ ਕਾਰਨ ਮਾੜਾ ਹਾਲ ਕਹਿਣ ਦੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਇਹ ਹੈ ਹਕੀਕਤ ਆਸਟ੍ਰੇਲੀਆ ਦੇ ਜਨੂੰਨੀ ਵਿਦਿਆਰਥੀਆਂ ਦੀ ਹਕੀਕਤ।
ਗੁਰਦੇਵ ਸਿੰਘ ਪੀ ਆਰ ਓ
9888378393

Leave a Reply

Your email address will not be published.


*