ਈ-ਸਨਦ ਪੋਰਟਲ ਰਾਹੀਂ ਦਸਤਾਵੇਜਾਂ ਦੀ ਤਸਦੀਕ/ਕਾਊਂਟਰਸਾਈਨ ਦੀ ਸ਼ੁਰੂਆਤ

ਲੁਧਿਆਣਾ ( Justice News) – ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਈ ਸਨਦ ਪ੍ਰੋਜੈਕਟ ਦਾ ਆਗਾਜ਼ ਕੀਤਾ ਗਿਆ ਹੈ ਜਿਸਦਾ ਉਦੇਸ਼ ਭਾਰਤੀ ਨਾਗਰਿਕਾਂ, ਪ੍ਰਵਾਸੀ ਭਾਰਤੀਆਂ ਜਿਨ੍ਹਾਂ ਨੇ ਭਾਰਤ ਵਿੱਚ ਦਸਤਾਵੇਜ਼ ਜਾਰੀ ਕਰਨ ਵਾਲੀਆਂ ਅਥਾਰਟੀਆਂ ਤੋਂ ਦਸਤਾਵੇਜ਼ ਪ੍ਰਾਪਤ ਕਰਨੇ ਹਨ, ਲਈ ਕੰਟੈਕਟਲੈੱਸ ਅਤੇ ਕਾਗਜ਼ ਰਹਿਤ ਦਸਤਾਵੇਜ਼ ਵੈਰੀਫਿਕੇਸ਼ਨ/ਤਸਦੀਕ/ਅਪੋਸਟਾਈਲ (ਕਾਨੂੰਨੀ ਮਾਨਤਾ) ਸੇਵਾ ਲਈ ਇੱਕ ਕੇਂਦਰੀ ਪਲੇਟਫਾਰਮ ਪ੍ਰਦਾਨ ਕੀਤਾ ਹੈ।

ਇਸ ਪੋਰਟਲ ਦੀ ਵਰਤੋਂ ਕਰਕੇ ਨਿੱਜੀ, ਵਿਦਿਅਕ ਅਤੇ ਵਪਾਰਕ ਸਮੇਤ ਹਰ ਕਿਸਮ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਹ ਸੇਵਾ ਲੁਧਿਆਣਾ ਅਤੇ ਐਸ.ਏ.ਐਸ.ਨਗਰ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਹੈ ਅਤੇ ਅੰਤ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ। ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਵਿਦੇਸ਼ੀ ਰੁਜ਼ਗਾਰਦਾਤਾ ਅਤੇ ਹੋਰ ਤਸਦੀਕ ਏਜੰਸੀਆਂ ਡਿਜੀਟਲ ਤੌਰ ‘ਤੇ ਪ੍ਰਮਾਣਿਤ ਅਸਲ ਦਸਤਾਵੇਜ਼ ਪ੍ਰਾਪਤ ਕਰਨ।

ਈ-ਸਨਦ ਪੋਰਟਲ ਦੀ ਵਰਤੋਂ ਤਹਿਤ ਬਿਨੈਕਾਰ ਆਪਣੇ ਆਪ ਨੂੰ ਈ-ਸਨਦ ਪੋਰਟਲ URL-https://esanad.nic.in‘ ‘ਤੇ ਰਜਿਸਟਰ ਕਰੇਗਾ ਅਤੇ ਲੌਗਇਨ ਕਰੇਗਾ, ਉਪਰੰਤ ਗੈਰ-ਪ੍ਰੀ-ਪ੍ਰਮਾਣਿਤ ਦਸਤਾਵੇਜ਼ਾਂ ਦੀ ਆਪਸ਼ਨ ਚੁਣੇਗਾ, ਦਸਤਾਵੇਜ਼ ਦੀ ਕਿਸਮ ਨੂੰ ਨਿੱਜੀ ਅਤੇ ਜਾਰੀ ਕਰਨ ਵਾਲੀ ਅਥਾਰਟੀ ਰਾਜ ਨੂੰ ਪੰਜਾਬ ਵਜੋਂ ਚੁਣੇਗਾ। ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਦੀ ਚੋਣ ਕੀਤੀ ਜਾਵੇ, ਜਿਸ ਦੇ ਅਧੀਨ ਉਸ ਦੀ ਰਿਹਾਇਸ਼ ਆਉਂਦੀ ਹੈ, ਉਸ ਤੋਂ ਬਾਅਦ ਲੋੜੀਂਦੇ ਵੇਰਵੇ ਭਰੇ ਜਾਣ ਅਤੇ ਦਸਤਾਵੇਜ਼ ਅਪਲੋਡ ਕੀਤੇ ਜਾਣ, ਫਿਰ ਤਸਦੀਕ/ਅਪੋਸਟਿਲ ਲਈ ਔਨਲਾਈਨ ਭੁਗਤਾਨ ਲਈ ਅੱਗੇ ਵਧੋ, ਈ-ਸਨਦ ਪੋਰਟਲ ਸਫਲ ਭੁਗਤਾਨ ਤੋਂ ਬਾਅਦ ਇਸਦੀ ਪ੍ਰਾਪਤੀ ਰਸੀਦ ਤਿਆਰ ਕਰੇਗਾ। ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ ਲਈ, https://esanad.nic.in/checkStatus ‘ਤੇ ਜਾਣਾ ਪਵੇਗਾ।

ਵਧੀਕ ਡਿਪਟੀ ਕਮਿਸ਼ਨਰ ਮੇਜਰ ਸਰੀਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਫੇਸ-ਰਹਿਤ, ਨਕਦੀ ਰਹਿਤ, ਕਾਗਜ਼ ਰਹਿਤ ਅਤੇ ਸਮਾਂ ਬਚਾਉਣ ਵਾਲੀ ਹੈ। ਇਸ ਤੋਂ ਇਲਾਵਾ, ਬਿਨੈਕਾਰ ਐਸ.ਐਮ.ਐਸ. ਅਤੇ ਈਮੇਲਾਂ ਰਾਹੀਂ ਆਪਣੀ ਅਰਜ਼ੀ ਦੀ ਪ੍ਰਕਿਰਿਆ ਦੇ ਹਰੇਕ ਪੜਾਅ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Leave a Reply

Your email address will not be published.


*