*ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੇ ਸੌਦਾ ਸਾਧ ਵਲੋਂ ਰਚਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੇ ਫੇਰ ਉਸਨੂੰ ਮੁਆਫੀ ਦੇਣ, ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਬਾਦਲ ਪਰਿਵਾਰ ਵਲੋਂ ਆਪਣੇ ਚੰਡੀਗੜ੍ਹ ਦੇ ਵਿੱਚ ਤਲਬ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਸਭ ਕੁੱਝ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੇ ਤਾਕਤ ਦੇ ਨਸ਼ੇ ਵਿਚ ਟੁੰਨ ਹੋ ਕੇ ਸਭ ਕੁੱਝ ਸੱਤਾ ਬਰਕਰਾਰ ਰੱਖਣ ਲਈ ਕੀਤੀ ਸੀ।
ਉਸਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਨ, ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਾਮ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਨ। ਉਸ ਵੇਲੇ ਹੀ ਬੇਅਦਬੀਆਂ ਹੋਈਆਂ। ਇਨਸਾਫ਼ ਮੰਗ ਰਹੀਆਂ ਸਿੱਖ ਸੰਗਤਾਂ ਉੱਤੇ ਗੋਲੀਆਂ ਚਲਾਈਆਂ ਗਈਆਂ। ਇਹ ਸਭ ਕੁੱਝ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉਤੇ ਹੀ ਹੋਇਆ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਗਲ ਅੰਗੂਠਾ ਦੇ ਕੇ ਸਿੱਖ ਧਰਮ ਦਾ ਸਭ ਤੋਂ ਵੱਡਾ ਪੁਰਸਕਾਰ ਪੰਥ ਰਤਨ ਹਾਸਲ ਕੀਤਾ ਸੀ। ਉਦੋਂ ਇਹ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਉੱਤੇ ਵੱਡੇ ਪੱਧਰ ਉਤੇ ਵਿਰੋਧ ਹੋਇਆ ਸੀ।
ਉਸ ਵੇਲੇ ਤਾਕਤ ਬਾਦਲਾਂ ਦੇ ਕੋਲ ਸੀ। ਸਰਕਾਰ ਉਹਨਾਂ ਦੀ ਸੀ, ਵਿਰੋਧ ਕਰਨ ਵਾਲਿਆਂ ਉਪਰ ਪੁਲਿਸ ਰਾਹੀਂ ਦਬਾਅ ਪਾਇਆ ਹੋਇਆ ਸੀ। ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਹੁਣ ਬਾਦਲ ਪਰਿਵਾਰ ਕੋਲ ਕੋਈ ਤਾਕਤ ਨਹੀਂ। ਉਹ ਲਗਾਤਾਰ ਕਈ ਚੋਣਾਂ ਹਾਰ ਗਏ ਹਨ। ਬਾਦਲ ਦਲ ਵਿੱਚ ਵੀ ਦੋਫਾੜ ਪੈ ਗਿਆ ਹੈ। ਇਕ ਦੂਜੇ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਤੇ ਗੰਭੀਰ ਦੋਸ਼ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸ ਸਮੇਂ ਬਾਦਲ ਪਰਿਵਾਰ ਬੁਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਉਲਝਦਾ ਜਾ ਰਿਹਾ ਹੈ। ਉਹਨਾਂ ਨੇ ਆਪਣੇ ਹਿਮਾਇਤੀਆਂ ਤੋਂ ਉਹਨਾਂ ਬਾਗੀਆਂ ਖਿਲਾਫ ਬਿਆਨਬਾਜ਼ੀ ਕਰਵਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਪਰ ਅਕਾਲੀ ਦਲ ਬਾਦਲ ਆਪਣੇ ਬਣਾਏ ਜਾਲ ਵਿੱਚ ਲਗਾਤਾਰ ਫਸਦਾ ਜਾ ਰਿਹਾ ਹੈ। ਇਸ ਮੌਕੇ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘਵੀਰ ਸਿੰਘ ਉਪਰ ਦਬਾਅ ਪਾਉਣ ਕਿ ਪੰਥ ਦੋਖੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਵਾਪਸ ਲੈਣ। ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਵਿੱਚ ਬੱਜਰ ਗੁਨਾਹ ਕੀਤੇ ਹਨ। ਜਿਹਨਾਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਕੀ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਇਹ ਕਰਨ ਦੀ ਹਿੰਮਤ ਕਰਨਗੇ?*
ਪੰਜਾਬੀ ਬਹੁਤ ਭੁਲੱਕੜ ਹਨ!
*ਪੰਜਾਬੀਆਂ ਨੂੰ ਭੁੱਲਣ ਦੀ ਬੀਮਾਰੀ ਬਹੁਤ ਪੁਰਾਣੀ ਹੈ। ਉਝ ਵੀ ਅਸੀਂ ਸੰਤਾਲੀ ਤੋਂ ਬਾਅਦ ਗਾਂਧੀ ਦੇ ਭਗਤ ਹੋ ਗਏ। ਅਸੀਂ ਦੇਖਣਾ, ਬੋਲਣਾ ਤੇ ਸੁਣਨਾ ਬੰਦ ਕਰ ਦਿੱਤਾ ਹੈ। ਅਸੀਂ ਦੁੰਬ ਦਬਾ ਕੇ ਪਰਵਾਰਾਂ ਸਮੇਤ ਭੱਜਣ ਲੱਗੇ ਹੋਏ ਹਨ । ਪੰਜਾਬ ਦੇ ਪਿੰਡਾਂ ਦੇ ਪਿੰਡ ਪੰਜਾਬੀਆਂ ਤੋਂ ਸੱਖਨੇ ਹੋ ਰਹੇ ਹਨ। ਵੱਡੇ ਘਰਾਂ ਨੂੰ ਜਿੰਦੇ ਲੱਗ ਰਹੇ ਹਨ। ਹਾਲਤ ਚੀਨ ਵਰਗੀ ਬਣ ਰਹੀ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਹਰ ਸਾਲ ਕਰੋੜਾਂ ਰੁਪਈਆ ਵਿਦੇਸ਼ਾਂ ਨੂੰ ਜਾ ਰਿਹਾ ਹੈ । ਪੰਜਾਬ ਦੇ ਬੱਚੇ ਪਲੱਸ ਟੂ ਕਰਕੇ ਵਿਦੇਸ਼ਾਂ ਨੂੰ ਜਾਣ ਲਈ ਆਈਲੈਟਸ ਕਰ ਰਹੇ । ਵੱਡੇ ਸ਼ਹਿਰਾਂ ਤੋਂ ਲੈ ਕਸਬਿਆਂ ਤੱਕ ਆਈਲੈਟਸ ਕਰਵਾਉਣ ਵਾਲੀਆਂ ਦੁਕਾਨਾਂ ਖੁਲ੍ਹ ਗਈਆਂ ਹਨ । ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ, ਸਿੱਖਿਆ ਸ਼ਾਸਤਰੀਆਂ, ਲੇਖਕਾਂ ਤੇ ਬੁੱਧੀਜੀਵੀਆਂ ਦਾ ਵੱਡਾ ਯੋਗਦਾਨ ਹੈ ।
ਇਨ੍ਹਾਂ ਨੇ ਆਪਣੇ ਫਰਜ਼ ਨਹੀਂ ਨਿਭਾਏ ਸਗੋਂ ਮੌਕਾਪ੍ਰਸ਼ਤੀ ਵਰਤੀ ਹੈ । ਹੁਣ ਤਾਂ ਪੰਜਾਬ ਸਰਕਾਰ ਵੀ ਵੈਟੀਲੇਟਰ ਉਤੇ ਪੁਜ ਗਈ ਹੈ। ਆਮ ਲੋਕਾਂ ਦੀ ਤਾਂ ਕੀ ਸੁਰੱਖਿਆ ਹੋਣੀ ਪੰਜਾਬ ਦਾ ਮੁੱਖ ਮੰਤਰੀ ਸੁਰੱਖਿਆ ਵਿੱਚ ਨਹੀਂ। ਭਗਵੰਤ ਸਿੰਘ ਮਾਨ ਦੀ ਬੀਮਾਰੀ ਚਰਚਾ ਦਾ ਵਿਸ਼ਾ ਬਣ ਗਈ ਹੈ । ਦਿੱਲੀ ਦਾ ਸਿਹਤ ਮਾਡਲ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਨ, ਉਸਦਾ ਜਲੂਸ ਨਿਕਲਿਆ ਦੁਨੀਆਂ ਨੇ ਦੇਖਿਆ ਹੈ । ਹਿਟਲਰ ਨੀਤੀਆਂ ਦਾ ਚੌਵੀ ਘੰਟੇ ਪ੍ਰਚਾਰ ਕੀਤਾ ਜਾ ਰਿਹਾ ਹੈ । ਪੰਜਾਬ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਪੰਜਾਬੀਆਂ ਵੱਲੋਂ ਰੋਲਿਆ ਜਾ ਰਿਹਾ ਹੈ। ਅਖੌਤੀ ਦੇਸ਼ ਭਗਤ ਉਸਨੂੰ ਸਿੱਖ ਨਾ ਹੋਣ ਦੇ ਫਤਵੇ ਦੇ ਰਹੇ । ਇਸਦੇ ਸਿੱਟਾ ਕੀ ਨਿਕਲਦਾ ਹੈ ? ਇਹ ਤਾਂ ਭਵਿੱਖ ਦੇ ਵਿੱਚ ਸਾਹਮਣੇ ਆਵੇਗਾ ਪਰ ਪੰਜਾਬ ਨੂੰ ਫੇਰ ਬਲਦੀ ਦੇ ਬੂਹੇ ਵੱਲ ਧੱਕਿਆ ਜਾ ਰਿਹਾ ਹੈ ।
ਪੰਜਾਬੀ ਤਮਾਸ਼ਾ ਦੇਖ ਰਹੇ ਹਨ। ਸੋਸ਼ਲ ਮੀਡੀਆ ਦੇ ਉਪਰ ਲੋਕ ਹੱਕ ਤੇ ਵਿਰੋਧ ਵਿੱਚ ਲੋਕ ਬੇਲੋੜੀ ਫਜ਼ੂਲ ਦੀ ਬਹਿਸ ਵਿੱਚ ਲੱਗੇ ਹਨ। ਕੀ ਬਣੂਗਾ ਤੇ ਕੀ ਹੋਵੇਗਾ ਪੰਜਾਬ ਦੇ ਭਵਿੱਖ ਦਾ ਉਹੀ ਜਾਣਦੇ ਹਨ, ਜਿਹਨਾਂ ਨੇ ਇਹ ਖੇਡ ਸ਼ੁਰੂ ਕੀਤੀ ਹੈ। ਪੰਜਾਬ ਦੇ ਬੁੱਧੀਜੀਵੀਆਂ ਤੇ ਦਾਰਸ਼ਨਿਕਾਂ ਨੂੰ ਹੁਣ ਜਰੂਰ ਸੱਚ ਤੇ ਝੂਠ ਦਾ ਨਿਤਾਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਗਵਾ ਹੀ ਰਹੇ ਹਾਂ। ਇਤਿਹਾਸਕਾਰਾਂ ਨੇ ਇਨ੍ਹਾਂ ਚੁੱਪ ਕੀਤਿਆਂ ਨੂੰ ਮੁਆਫ਼ ਨਹੀਂ ਕਰਨਾ। ਹੁਣ ਚੁੱਪ ਤੋੜਨ ਦਾ ਸਮਾਂ ਵੀ ਹੱਥੋਂ ਜਾ ਰਿਹਾ ਹੈ। ਆਓ ਪੰਜਾਬੀਓ ਡੁੱਲੇ ਬੇਰ ਇਕੱਠੇ ਕਰੀਏ ?*
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨੀਲੋਂ ਨਹਿਰ ਕਿਨਾਰੇ
9464370823
Leave a Reply