ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਲਾਵਾਰਸ ਮਰੀਜ਼ਾਂ ਲਈ ਵਾਰਡ ਦਾ ਉਦਘਾਟਨ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅੰਦਰ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੀ 32ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਵਾਰਸ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਸੇਵਾਦਾਰ, ਦਵਾਈਆਂ, ਕੱਪੜੇ ਅਤੇ ਖਾਣ-ਪੀਣ ਤੇ ਹੋਰ ਸਮਾਨ ਨਾਲ ਲੈਸ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ ਕੀਤਾ ਗਿਆ। ਇਸ ਵਾਰਡ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ. ਇੰਦਰਜੀਤ ਕੌਰ ਅਤੇ ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਡਾ. ਕਰਮਜੀਤ ਸਿੰਘ ਮੈਡੀਕਲ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਜੋ ਹਸਪਤਾਲ ਵਿੱਚ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ ਕੀਤਾ ਗਿਆ।
ਉਸ ਵਿੱਚ ਲਵਾਰਸ ਮਰੀਜ਼ਾਂ ਦਾ ਡਾਕਟਰੀ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਦੇ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਵੇਗਾ ਅਤੇ ਮਰੀਜ਼ਾਂ ਦੇ ਖਾਣ-ਪੀਣ, ਸਾਂਭ-ਸੰਭਾਲ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਆਦਿ ਦੀ ਵਿਵਸਥਾ ਪਿੰਗਲਵਾੜਾ ਸੰਸਥਾ ਕਰੇਗੀ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਅਜਿਹੇ ਵਾਰਡ ਸ਼ੁਰੂ ਕਰਨ ਦਾ ਮਕਸਦ ਹੈ ਕਿ ਕੋਈ ਵੀ ਲਵਾਰਸ ਮਰੀਜ਼ ਬਿਨਾਂ ਸਾਂਭ-ਸੰਭਾਲ ਅਤੇ ਇਲਾਜ ਕਾਰਨ ਤੰਗ ਨਾ ਹੋਵੇ। ਉਹਨਾਂ ਨੇ ਪੰਜਾਬ ਸਰਕਾਰ ਅਤੇ ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਡਾ. ਕਰਮਜੀਤ ਸਿੰਘ ਮੈਡੀਕਲ ਸੁਪਰੀਡੈਂਟ, ਡਾ. ਜੇ.ਐੱਸ ਕੁਲਾਰ, ਡਾ. ਰਾਕੇਸ਼ ਕੁਮਾਰ, ਡਾ. ਜੇ.ਪੀ ਅਤਰੀ, ਨਰਸਿੰਗ ਸੁਪਰਡੈਂਟ ਮੈਡਮ ਜਸਵੀਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਨੇ ਬੜੇ ਥੋੜੇ ਸਮੇਂ ਵਿੱਚ ਇਸ ਵਾਰਡ ਨੂੰ ਤਿਆਰ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਉਹਨਾਂ ਨੇ ਕਿਹਾ ਕਿ ਇਹਨਾਂ ਵਾਰਡਾਂ ਵਿੱਚ ਲਾਵਾਰਸ ਮਰੀਜ਼ਾਂ ਦੀ ਸੇਵਾ-ਸੰਭਾਲ ਅਤੇ ਇਲਾਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੋਕੇ ਡਾ. ਰਾਜੀਵ ਦੇਵਗਨ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਬੜੇ ਸਮੇ ਤੋਂ ਗੁਰੂ ਨਾਨਕ ਹਸਪਤਾਲ ਵਿੱਚ ਲਾਵਾਰਸ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਅਸਲ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਲੋੜ ਪੈਣ ਤੇ ਵਾਰਡ ਵਿੱਚ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ। ਅਖੀਰ ਵਿੱਚ ਡਾ. ਇੰਦਰਜੀਤ ਕੌਰ ਵੱਲੋਂ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਟੀਮ ਨੂੰ ਸਨਮਾਨਤਿ ਕੀਤਾ ਗਿਆ। ਇਸ ਮੌਕੇ ਤੇ ਪਿੰਗਲਵਾੜੇ ਦਾ ਸਮੂਹ ਪਰਿਵਾਰ ਹਾਜ਼ਰ ਸੀ।

Leave a Reply

Your email address will not be published.


*