ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਵੱਲੋਂ ਸਮਾਗਮ ਦੀਆਂ ਤਿਆਰੀਆਂ ਲਈ ਵਿਉਂਤਬੰਦੀ ਮੀਟਿੰਗ 

ਮਹਿਲਕਲਾਂ (ਪੱਤਰ ਪ੍ਰੇਰਕ ) ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੀ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੀ ਠੋਸ ਵਿਉਂਤਬੰਦੀ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਸਾਰੀਆਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਰਗਰਮ ਕਾਰਕੁਨਾਂ ਦੀ ਵਧਵੀਂ ਮੀਟਿੰਗ ਹੋਈ।
ਇਸ ਵਧਵੀਂ ਮੀਟਿੰਗ ਵਿੱਚ ਵਿਚਾਰ ਪੇਸ਼ ਕਰਦਿਆਂ ਯਾਦਗਾਰ ਕਮੇਟੀ ਦੇ ਕਨਵੀਨਰ ਨਰਾਇਣ ਦੱਤ, ਮੈਂਬਰਾਨ ਮਨਜੀਤ ਧਨੇਰ, ਮਲਕੀਤ ਸਿੰਘ ਵਜੀਦਕੇ,  ਜਗਰਾਜ ਸਿੰਘ ਹਰਦਾਸਪੁਰਾ, ਨੌਜਵਾਨ ਆਗੂ ਹਰਪ੍ਰੀਤ, ਨਿਰਮਲ ਸਿੰਘ ਚੁਹਾਣ ਕੇ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਡਾ. ਅਮਰਜੀਤ ਸਿੰਘ, ਗੁਰਮੇਲ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੈਂਕੜੇ ਜੁਝਾਰੂ ਕਾਫ਼ਲੇ ਆਪਣੇ ਹੱਥੀਂ ਸਿਰਜੇ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੇ ਚਾਨਣ ਮੁਨਾਰੇ ਇਤਿਹਾਸ ਦੀ ਚਰਚਾ ਕਰਨਗੇ।
ਭਵਿੱਖ ਦੀਆਂ ਚੁਣੌਤੀਆਂ ਅਤੇ ਔਰਤਾਂ ਦੀ ਮੁਕੰਮਲ ਮੁਕਤੀ ਲਈ ਨਵਾਂ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਲੋੜ ਨੂੰ ਵੀ ਉਭਾਰਨਗੇ। ਇਸ ਯਾਦਗਾਰੀ ਸਮਾਗਮ ਵਿੱਚ ਔਰਤ ਕਾਰਕੁਨਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ। ਵਧਵੀਂ ਮੀਟਿੰਗ ਦੌਰਾਨ 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜਣ ਦਾ ਸੁਨੇਹਾ ਦਿੰਦਾ ਯਾਦਗਾਰੀ ਸਮਾਗਮ ਦਾ ਵੰਡ ਅਕਾਰੀ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਇਸ ਵਾਰ ਯਾਦਗਾਰ ਸਮਾਗਮ ਲਈ ਔਰਤ ਬੁਲਾਰਿਆਂ ਸੀਨੀਅਰ ਜਰਨਲਿਸਟ ਭਾਸ਼ਾ ਸਿੰਘ ਅਤੇ ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ਰੈਆ ਘੋਸ਼ ਆ ਰਹੇ ਹਨ।
ਇਨਕਲਾਬੀ ਜਮਹੂਰੀ ਜਨਤਕ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁਨਾਂ ਵਿੱਚੋਂ ਪ੍ਰਮੁੱਖ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਕੁਲਵੀਰ ਸਿੰਘ ਔਲਖ, ਸੁਖਵਿੰਦਰ ਠੀਕਰੀਵਾਲਾ, ਡਾ. ਮੇਜਰ ਸਿੰਘ ਛਾਪਾ, ਰਜਿੰਦਰ ਸਿੰਘ ਖਿਆਲੀ, ਅਮਰਜੀਤ ਕੌਰ, ਬਲਜਿੰਦਰ ਪ੍ਰਭੂ, ਜਗਮੀਤ ਆਦਿ ਆਗੂਆਂ ਨੇ 1 ਅਗਸਤ ਤੋਂ 11 ਅਗਸਤ ਤੱਕ ਦੀ ਠੋਸ ਵਿਉਂਤਬੰਦੀ ਬਣਾਈ‌। ਹਰ ਰੋਜ਼ ਦੋ ਪਿੰਡਾਂ ਵਿੱਚ ਸਵੇਰੇ ਸ਼ਾਮ ਜੁਝਾਰੂ ਕਿਸਾਨ-ਮਜ਼ਦੂਰ ਮਰਦਰ-ਔਰਤਾਂ ਦੀਆਂ ਵੱਡੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਜਾਇਆ ਕਰਨਗੀਆਂ। ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਲੋਕ ਦੇ ਆਪਣੇ ਹੱਥੀਂ ਸਿਰਜੇ ਚਾਨਣ ਮੁਨਾਰੇ ਇਤਿਹਾਸ ਨੂੰ ਅਧਿਆਪਕ ਆਗੂ ਸੰਬੋਧਿਤ ਹੋਣਗੇ।
ਅੱਜ ਦੀ ਵਧਵੀਂ ਮੀਟਿੰਗ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਰਗਰਮ ਆਗੂ ਕਾਰਕੁੰਨ ਪੂਰੇ ਇਨਕਲਾਬੀ ਜੋਸ਼ ਨਾਲ ਹਾਜ਼ਰ ਹੋਏ। ਇਸ ਵਾਰ 27ਵਾਂ ਯਾਦਗਾਰੀ ਸਮਾਗਮ ਔਰਤਾਂ ਉੱਪਰ ਹੁੰਦੇ ਘਿਨਾਉਣੇ ਜਬਰ ਸੰਘਰਸ਼ ਰਾਹੀਂ ਟਾਕਰਾ ਕਰਕੇ ਅੱਗੇ ਵਧਣ ਤੋਂ ਨਵਾਂ ਸਮਾਜ ਬਰਾਬਰਤਾ ਵਾਲਾ ਸਿਰਜਣ ਦਾ ਸੁਨੇਹਾ ਦੇਣ ਵੱਲ ਸੇਧਤ ਹੋਵੇਗਾ। ਨੌਜਵਾਨ ਮੁੰਡੇ ਕੁੜੀਆਂ ਇਸ ਵਾਰ ਦੇ ਯਾਦਗਾਰੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਇਸ ਸਮੇਂ ਯਾਦਗਾਰ ਕਮੇਟੀ ਵੱਲੋਂ ਪੂਰੇ ਪ੍ਰੋਗਰਾਮ ਦੀ ਸਫਲਤਾ ਲਈ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਨਿਰਮਲ ਸਿੰਘ ਚੁਹਾਣਕੇ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਪਾਲ ਕੌਰ, ਅਮਰਜੀਤ ਕੌਰ, ਸ਼ੇਰ ਸਿੰਘ ਮਹਿਲਕਲਾਂ ਸਹਿਯੋਗੀ ਕਮੇਟੀ ਦਾ ਗਠਨ ਕੀਤਾ ਗਿਆ।

Leave a Reply

Your email address will not be published.


*