ਲੁਧਿਆਣਾ ( ਗੁਰਵਿੰਦਰ ਸਿੱਧੂ ) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੈਰਾ ਟੇਬਲ ਟੈਨਿਸ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਵਧਵਾ ਅਤੇ ਪੈਰਾ ਬੈਡਮਿੰਟਨ ਖਿਡਾਰਨ ਸ਼ਬਨਮ ਦੀ ਖੇਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ।
ਵਧਵਾ ਨੇ ਅੰਤਰਰਾਸ਼ਟਰੀ ਟੇਬਲ ਟੈਨਿਸ ਫੈਡਰੇਸ਼ਨ (ਆਈ.ਟੀ.ਟੀ.ਐਫ.) ਐਫ.ਏ.40 ਥਾਈਲੈਂਡ ਪੈਰਾ ਓਪਨ ਚੈਂਪੀਅਨਸ਼ਿਪ 2024 ਵਿੱਚ ਮਿਕਸਡ ਡਬਲਜ਼ ਵਰਗ ਵਿੱਚ ਸੋਨ ਤਗਮਾ ਜਿੱਤਿਆ, ਜੋ ਕਿ 21 ਤੋਂ 24 ਜੁਲਾਈ ਤੱਕ ਪਤਾਇਆ ਵਿੱਚ ਹੋਈ। ਇਸੇ ਤਰ੍ਹਾਂ ਕੰਪਾਲਾ ਵਿੱਚ ਆਯੋਜਿਤ ਯੂਗਾਂਡਾ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2024 ਵਿੱਚ ਸ਼ਬਨਮ ਨੇ ਦੋ ਵਰਗਾਂ (ਸਿੰਗਲ ਅਤੇ ਡਬਲਜ਼) ਵਿੱਚ ਚਾਂਦੀ ਦੇ ਤਗਮੇ ਜਿੱਤੇ।
ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਸ਼ੁਭਮ ਅਤੇ ਸ਼ਬਨਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਲਈ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਸ਼ੁਭਮ ਅਤੇ ਸ਼ਬਨਮ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਵੀ ਕੀਤੀ। ਰੈੱਡ ਕਰਾਸ ਸੋਸਾਇਟੀ ਨੂੰ ਵੀ ਉਨ੍ਹਾਂ ‘ਤੇ ਮਾਣ ਹੈ ਅਤੇ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ।
ਦੋਵਾਂ ਖਿਡਾਰੀਆਂ ਨੂੰ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਵਿੱਚ ਵੋਟ ਦੇ ਅਧਿਕਾਰ ਬਾਰੇ ਜਾਗਰੂਕਤਾ ਫੈਲਾਉਣ ਲਈ ਦਿਵਿਆਂਗਜਨਾਂ ਦੇ ਜ਼ਿਲ੍ਹਾ ਆਈਕਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਸ਼ੁਭਮ ਅਤੇ ਸ਼ਬਨਮ ਨੇ ਵੀ ਸਨਮਾਨ ਲਈ ਸ਼ਕਰਾਨਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ।
Leave a Reply