ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਨੌਜਵਾਨ 22 ਸਾਲ ਦਾ ਸੀ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਲੁਧਿਆਣਾ ਨੇੜਲੇ ਪਿੰਡ ਅਬੂਵਾਲ ਦੇ ਇੱਕ 22 ਸਾਲਾ ਨੌਜਵਾਨ ਨੇ ਕੈਨੇਡਾ ਵਿੱਚ ਖੁਦਕੁਸ਼ੀ ਕਰ ਲਈ। ਉਸਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਦਿੱਤੀ। ਪੁਲਸ ਨੂੰ ਕਰੀਬ ਇਕ ਹਫਤੇ ਬਾਅਦ ਉਸ ਦੀ ਲਾਸ਼ ਮਿਲੀ। ਇਸ ਤੋਂ ਪਹਿਲਾਂ ਵੀ ਨਿਆਗਰਾ ਫਾਲਸ ‘ਚ ਕਈ ਲਾਸ਼ਾਂ ਪਈਆਂ ਹਨ, ਜਿਸ ਕਾਰਨ ਪੁਲਸ ਲਈ ਨੌਜਵਾਨ ਦੀ ਪਛਾਣ ਕਰਨਾ ਕਾਫੀ ਮੁਸ਼ਕਿਲ ਸੀ। ਇਸ ਕਾਰਨ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਹੈ।ਮਰਨ ਤੋਂ ਪਹਿਲਾਂ ਨੌਜਵਾਨ ਆਪਣਾ ਮੋਬਾਈਲ ਨਿਆਗਰਾ ਫਾਲਜ਼ ਕੋਲ ਛੱਡ ਗਿਆ ਸੀ। ਮ੍ਰਿਤਕ ਦੀ ਪਛਾਣ ਚਰਨਦੀਪ ਸਿੰਘ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਉੱਥੇ ਉਹ ਓਨਟਾਰੀਓ ਦੇ ਬਰੈਂਪਟਨ ਵਿੱਚ ਆਪਣੇ ਦੋਸਤਾਂ ਨਾਲ ਇੱਕ ਘਰ ਦੇ ਬੇਸਮੈਂਟ ਵਿੱਚ ਰਹਿ ਰਿਹਾ ਸੀ। ਉਹ ਇੱਕ ਹਫ਼ਤੇ ਤੋਂ ਅਚਾਨਕ ਲਾਪਤਾ ਹੋ ਗਿਆ ਸੀ।ਜਦੋਂ ਚਰਨਦੀਪ ਸਿੰਘ ਕਈ ਦਿਨਾਂ ਤੋਂ ਕੰਮ ਤੋਂ ਵਾਪਸ ਨਹੀਂ ਆਇਆ ਤਾਂ ਉਸ ਦਾ ਮੋਬਾਈਲ ਫੋਨ ਵੀ ਸਵਿਚ ਆਫ ਆਉਣ ਲੱਗਾ। ਉਸ ਦੇ ਨਾਲ ਰਹਿਣ ਵਾਲੇ ਉਸ ਦੇ ਦੋਸਤਾਂ ਨੇ ਉਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਇਹੀ ਪੋਸਟ ਪੰਜਾਬ ਵਿੱਚ ਚਰਨਦੀਪ ਸਿੰਘ ਦੇ ਪਰਿਵਾਰ ਤੱਕ ਪਹੁੰਚ ਗਈ।
ਚਰਨਦੀਪ ਸਿੰਘ ਦਾ ਚਾਚਾ ਸੁਖਵਿੰਦਰ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਹੈ ਅਤੇ 8 ਜੂਨ ਨੂੰ ਹੀ ਪੰਜਾਬ ਆਇਆ ਸੀ। ਉਸ ਨੇ ਇਸ ਦੀ ਸੂਚਨਾ ਕੈਨੇਡੀਅਨ ਪੁਲਿਸ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੈਨੇਡੀਅਨ ਪੁਲਿਸ ਨੇ ਉਸਨੂੰ ਫੋਨ ਕਰਕੇ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਜਦੋਂ ਕੈਨੇਡੀਅਨ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਚਰਨਦੀਪ ਨੂੰ ਨਿਆਗਰਾ ਫਾਲਜ਼ ਵਿੱਚ ਛਾਲ ਮਾਰਦਿਆਂ ਦੇਖਿਆ ਗਿਆ। ਉਸ ਦੀ ਲਾਸ਼ ਕਈ ਦਿਨਾਂ ਤੱਕ ਪਾਣੀ ‘ਚ ਪਈ ਰਹੀ ਇਸ ਲਈ ਤੁਰੰਤ ਪਛਾਣ ਨਹੀਂ ਹੋ ਸਕੀ।ਪੁਲਿਸ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੇਗੀ।

Leave a Reply

Your email address will not be published.


*