ਖਾਦ ਦੀ ਬਲੈਕ ਜਾਂ ਵਾਧੂ ਸਮਾਨ ਮੜ੍ਹਨ ਵਾਲੇ ਡੀਲਰ ਵਿਰੁੱਧ ਹੋਵੇਗਾ ਪਰਚਾ ਦਰਜ- ਡਾ. ਬਰਾੜ

ਮੋਗਾ ( ਮਨਪ੍ਰੀਤ ਸਿੰਘ )
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਕਿਸਾਨਾਂ ਨੂੰ ਮਿਆਰੀ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨਾਂ ਨੂੰ ਮਿਆਰੀ ਵਸਤਾਂ ਦੇਣ ਲਈ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸੰਦਰਭ ਵਿਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।

ਡਾ. ਜਸਵਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਪਿੰਡ ਖੋਸਾ ਕੋਟਲਾ ਦੇ ਅਗਾਂਹਵਧੂ ਕਿਸਾਨ  ਪਿਆਰਾ ਸਿੰਘ ਅਤੇ ਹੋਰ ਕਿਸਾਂਨਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਕਿਸਾਨ ਸਾਉਣੀ ਦੀਆਂ ਫ਼ਸਲਾਂ ਵਿਚ ਪੀ.ਏ.ਯੂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦਾਂ ਦੀ ਵਰਤੋਂ ਨਿਸ਼ਚਿਤ ਸਮੇਂ ਤੇ ਕਰਨ। ਜ਼ਿਆਦਾ ਮਾਤਰਾ ਵਿਚ ਅਤੇ ਸਮੇਂ ਤੋਂ ਬਾਅਦ ਕੀਤੀ ਗਈ ਯੂਰੀਆ ਖਾਦ ਦੀ ਵਰਤੋਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਨੂੰ ਜਨਮ ਦੇਵੇਗੀ ਜਿਸ ਕਾਰਨ ਕੀੜੇਮਾਰ ਦਵਾਈਆਂ ਦੀ ਖਪਤ ਵਧਣ ਕਰਕੇ ਕਿਸਾਨਾਂ ਤੇ ਆਰਥਿਕ ਬੋਝ ਪਵੇਗਾ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਾਉਣੀ ਸੀਜ਼ਨ ਲਈ 70 ਹਜ਼ਾਰ ਮੀਟ੍ਰਿਕ ਟਨ ਯੂਰੀਆ ਖਾਦ ਦੀ ਲੋੜ ਹੈ ਅਤੇ ਹੁਣ ਤੱਕ 55 ਹਜ਼ਾਰ ਮੀਟ੍ਰਿਕ ਟਨ ਦੀ ਆਮਦ ਹੋ ਗਈ ਹੈ। ਖਾਦ ਦੀ ਸਪਲਾਈ ਲਗਾਤਾਰ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਆਉਣ ਵਾਲੇ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ. ਖਾਦ ਦੀ ਸਪਲਾਈ ਮੰਗ ਮੁਤਾਬਕ ਹੋ ਜਾਵੇਗੀ। ਕਿਸਾਨ ਖਾਦ ਨੂੰ ਹੁਣੇ ਤੋਂ ਹੀ ਸਟੋਰ ਨਾ ਕਰਨ। ਉਨ੍ਹਾਂ ਕਿਹਾ ਕਿ ਜਿਹੜਾ ਖਾਦ ਵਿਕਰੇਤਾ/ਡੀਲਰ  ਖਾਦ ਦੀ ਵਿਕਰੀ ਸਮੇਂ ਕਿਸਾਨ ਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਵਾਧੂ ਖੇਤੀ ਸਮਗਰੀ ਦੀ ਟੈਗਿੰਗ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਾ. ਬਰਾੜ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹਾ ਕੋਈ ਕੇਸ ਤੁਹਾਡੇ ਧਿਆਨ ਵਿਚ ਆਉਂਦਾ ਹੈ ਤਾਂ ਉਹ ਸਿੱਧਾ ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਨਾਲ ਤਾਲਮੇਲ ਕਰਨ ਤਾਂ ਨਿਯਮਾਂ ਅਨੁਸਾਰ  ਕਾਰਵਾਈ ਕੀਤੀ ਜਾ ਸਕੇ। ਕਿਸੇ ਨੂੰ ਵੀ ਨਿਯਮਾਂ ਅਤੇ ਹਦਾਇਤਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।

Leave a Reply

Your email address will not be published.


*