ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਮਾਲਕ ਸਾਥੀਆਂ ਸਮੇਤ ਗ੍ਰਿਫਤਾਰ, ਦੋ ਗੱਡੀਆਂ ਬ੍ਰਾਮਦ

ਮੋਗਾ,  (ਗੁਰਜੀਤ ਸੰਧੂ )
ਸ਼੍ਰੀ ਵਿਵੇਕ ਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫ਼ਸਰ ਥਾਣਾ ਬੱਧਨੀ ਕਲਾਂ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਥਾਣਾ ਬੱਧਨੀਂ ਕਲਾਂ ਦੀ ਪੁਲਿਸ ਵੱਲੋਂ ਪਿੰਡ ਬੁੱਟਰ ਕਲਾਂ ਵਿਖੇ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ ਨੂੰ ਉਸਦੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਸੰਧੂ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦਾ ਮੁਆਇਨਾ ਕੀਤਾ ਗਿਆ ਸੀ, ਜਿਸ ਦੌਰਾਨ ਪਾਇਆ ਗਿਆ ਕਿ ਇਸ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਅਜੈ ਕੁਮਾਰ ਵਾਸੀ ਸਮਰਾਲਾ, ਸੰਜੀਵ ਅਰੋੜਾ ਵਾਸੀ ਮੋਗਾ ਅਤੇ ਇਹਨਾਂ ਦੇ ਬਾਕੀ ਸਾਥੀਆਂ ਵੱਲੋਂ ਬਿਨਾਂ ਲਾਇਸੰਸ ਤੋਂ ਇਹ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਅਤੇ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਉਸ ਸਮੇਂ ਕਰੀਬ  60 ਮਰੀਜ਼ ਦਾਖਲ ਸਨ, ਜਿਹਨਾਂ ਵਿੱਚੋਂ 27 ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਸ਼ਿਫਟ ਕੀਤਾ ਗਿਆ ਸੀ ਅਤੇ ਬਾਕੀ ਮਰੀਜ਼ਾਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਸੀ। ਕੁਝ ਮਰੀਜ਼ ਨਸ਼ਾ ਛੁਡਾਊ ਕੇਂਦਰ ਵਿੱਚੋਂ ਭੱਜ ਗਏ ਸਨ।

ਇਸ ਸਬੰਧੀ ਵਰਿੰਦਰਪਾਲ ਸਿੰਘ ਉਰਫ ਗੋਪੀ ਪੁੱਤਰ ਰਾਜਪਾਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਗਲੀ ਨੰਬਰ 01 ਵਾਰਡ ਨੰਬਰ 42 ਅੰਗਦਪੁਰਾ ਮੁਹੱਲਾ ਮੋਗਾ ਥਾਣਾ ਸਿਟੀ ਸਾਊਥ ਮੋਗਾ ਜ਼ਿਲ੍ਹਾ ਮੋਗਾ ਨੇ ਪਿੰਡ ਬੁੱਟਰ ਕਲਾਂ ਵਿਖੇ ਗੈਰ ਕਾਨੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਆਪਣੇ ਉੱਪਰ ਹੋਏ ਤਸ਼ੱਦਦ ਬਾਰੇ ਬਿਆਨ ਲਿਖਾਇਆ ਕਿ, ”ਅਰਸਾ ਕਰੀਬ 3 ਸਾਲ ਤੋਂ ਉਹ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਬਾਅਦ ਵਿੱਚ ਉਸਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਸੀ ਅਤੇ ਮਿਤੀ 09.05.2024 ਨੂੰ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਦੇ ਮਾਲਕ ਗੈਰੀ ਅਰੋੜਾ ਪੁੱਤਰ ਮੰਗਤੂ ਵਾਸੀ ਨੇੜੇ ਪਾਰਕ ਸਾਹਮਣੇ ਖੰਨਾ ਹਸਪਤਾਲ ਅੰਮ੍ਰਿਤਸਰ ਰੋਡ ਮੋਗਾ ਜਿਸਨੂੰ ਉਹ ਪਹਿਲਾਂ ਤੋਂ ਹੀ ਚੰਗੀ ਤਰਾਂ ਜਾਣਦਾ ਸੀ ਉਸਦੇ ਘਰ ਆ ਕੇ ਉਸਨੂੰ ਆਪਣੇ ਨਾਲ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਿਆ, ਜਿੱਥੇ ਉਸਨੂੰ ਸਿਰਫ ਤਿੰਨ ਦਿਨ ਦਵਾਈ ਦੇਣ ਤੋਂ ਬਾਅਦ ਦਵਾਈ ਦੇਣੀ ਬੰਦ ਕਰ ਦਿੱਤੀ।

ਉਸਤੋਂ ਬਾਅਦ ਨੌਵੇਂ ਦਿਨ ਉਸਦੀ ਬਾਥਰੂਮ ਵਾਲੀ ਜਗਾ ਵਿੱਚ ਦਰਦ ਹੋਣ ਲੱਗ ਪਿਆ ਤਾਂ ਉਸਨੇ ਗੈਰੀ ਅਰੋੜਾ ਅਤੇ ਉਸਦੇ ਸਾਥੀਆਂ ਤੋਂ ਦਵਾਈ ਮੰਗੀ ਤਾਂ ਗੈਰੀ ਅਰੋੜਾ ਪੁੱਤਰ ਮੰਗਤੂ ਵਾਸੀ ਨੇੜੇ ਪਾਰਕ ਸਾਹਮਣੇ ਖੰਨਾ ਹਸਪਤਾਲ ਅੰਮ੍ਰਿਤਸਰ ਰੋਡ ਮੋਗਾ, ਕਰਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਨੇੜੇ ਸਮਰਾਲਾ, ਅਜੈ ਕੁਮਾਰ ਪੁੱਤਰ ਜੋਗਿੰਦਰ ਸਿੰਘ ਪਿੰਡ ਸ਼ਾਮਗੜ੍ਹ ਨੇੜੇ ਜ਼ੳ ਸਮਰਾਲਾ, ਹਰਮਨ ਸਿੰਘ ਵਾਸੀ ਜਗਰਾਉਂ, ਜੋਤ ਵਾਸੀ ਰਾਏਕੋਟ, ਅਰਸ਼ ਵਾਸੀ ਬਾਘਾਪੁਰਾਣਾ, ਰਾਜਾ ਵਾਸੀ ਸਮਰਾਲਾ ਨੇ ਉਸਦੀ ਕੁੱਟਮਾਰ ਕੀਤੀ ਅਤੇ 15 ਦਿਨ ਬਾਅਦ ਉਸਦੇ ਪਰਿਵਾਰ ਤੋਂ 12000 ਰੁਪਏ ਲੈ ਕੇ ਉਸਨੂੰ ਛੱਡ ਦਿੱਤਾ।  ਇਨ੍ਹਾਂ ਸਾਰਿਆਂ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਾਗ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ 226 ਵਾਰਡ ਨੰਬਰ 02 ਚੁੰਗੀ ਰੋਡ ਨੇੜੇ ਅੰਡਰ ਬ੍ਰਿਜ ਦਰਪਣ ਕਲੋਨੀ ਮੋਰਿੰਡਾ ਥਾਣਾ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇ ਆਪਣਾ ਬਿਆਨ ਲਿਖਾਇਆ ਕਿ ਅਜੈ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਸਮਰਾਲਾ ਉਸਨੂੰ ਆਪਣੇ ਨਸ਼ਾ ਛੁਡਾਊ ਕੇਂਦਰ ਬੁੱਟਰ ਕਲਾਂ ਵਿੱਚ ਕੰਮ ਦਵਾਉਣ ਦੇ  ਬਹਾਨੇ ਲੈ ਆਇਆ ਸੀ। ਜਦੋਂ ਉਸਨੂੰ ਉਕਤ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਵਿਅਕਤੀਆਂ ਦੀ ਕੁੱਟਮਾਰ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਘਰ ਜਾਣ ਲਈ ਅਜੇ ਕੁਮਾਰ ਉਕਤ ਨੂੰ ਕਿਹਾ, ਜਿੰਨ੍ਹਾਂ ਨੇ ਉਸਨੂੰ ਸੈਂਟਰ ਦੇ ਕੈਂਚੀ ਗੇਟ ਵਿੱਚ ਬੰਦ ਕਰ ਦਿੱਤਾ ਅਤੇ ਉਸਦੇ ਘਰਦਿਆਂ ਤੋਂ ਅਜੈ ਕੁਮਾਰ ਆਪਣੀ ਪਤਨੀ ਦੇ ਖਾਤੇ ਵਿੱਚ ਪੈਸੇ ਪਵਾਉਂਦਾ ਰਿਹਾ।

 

ਮਿਤੀ 04.07.2024 ਨੂੰ ਰਾਤ 09 ਵਜੇ ਸਿਹਤ ਵਿਭਾਗ ਦੀ ਉਕਤ ਕੇਂਦਰ ਵਿੱਚ ਰੇਡ ਪੈ ਗਈ, ਜਿੱਥੇ ਪੱਤਰਕਾਰਾਂ ਨੇ ਨਸ਼ਾ ਛੁਡਾਊਂ ਕੇਦਰ ਵਿੱਚ ਬੰਦ ਵਿਅਕਤੀਆਂ ਦੀਆਂ ਬਾਇਟਾਂ ਲਈਆਂ ਅਤੇ ਉਸਨੇ ਵੀ ਪੱਤਰਕਾਰਾਂ ਨੂੰ ਬਾਇਟ ਦਿੱਤੀ ਸੀ। ਫਿਰ ਉਹ ਉਕਤ ਨਸ਼ਾ ਛੁਡਾਊ ਕੇਂਦਰ ਵਿੱਚ ਬੰਦ ਹੋਰ ਵਿਅਕਤੀਆਂ ਨਾਲ ਰਲ ਕੇ ਉਕਤ ਸੈਂਟਰ ਦੀ ਕੰਧ ਟੱਪ ਗਿਆ, ਕ੍ਰੀਬ 200 ਮੀਟਰ ਦੂਰ ਪੈਟਰੋਲ ਪੰਪ ਦੇ ਸਾਹਮਣੇ ਅਜੈ ਕੁਮਾਰ, ਕਰਤਾਰ, ਅਜੈ ਕੁਮਾਰ ਦਾ ਡੈਡੀ ਜੋਗਿੰਦਰ ਸਿੰਘ ਉਰਫ ਭੋਲਾ ਪੁੱਤਰ ਭਜਨ ਰਾਮ ਵਾਸੀ ਸ਼ਾਮਗੜ੍ਹ ਨੇੜੇ ਜ਼ੳ ਸਮਰਾਲਾ, ਅਜੈ ਕੁਮਾਰ ਦਾ ਚਾਚਾ, ਸੰਜੀਵ ਅਰੋੜਾ ਉਰਫ ਗੈਰੀ ਅਰੋੜਾ, ਮਨਦੀਪ ਪਾਂਗਲੀ, ਜੋਤ, ਹਰਮਨ ਵਾਸੀ ਜਗਰਾਉ, ਪ੍ਰੀਤ ਵਾਸੀ ਪਿੰਡ ਸੇਹ ਨੇੜੇ ਸਮਰਾਲਾ, ਮਾਨਵ, ਟੈਟੂ, ਰੋਹਿਤ ਗੱਗੂ, ਲੱਕੀ, ਵਿਕਾਸ ਵਾਸੀਆਨ ਪੀਰੂ ਮੁਹੱਲਾ ਲੁਧਿਆਣਾ ਸਾਰੇ ਜਾਣੇ ਆਪਣੀਆਂ ਗੱਡੀ ਲੈ ਕੇ ਖੜੇ ਸੀ । ਉਹਨਾਂ ਸਾਰਿਆਂ ਨੇ ਸਾਨੂੰ ਫੜ ਕੇ ਗੱਡੀਆਂ ਵਿੱਚ ਬਿਠਾ ਲਿਆ ਅਤੇ ਸਮਰਾਲਾ ਪੁੱਜ ਕੇ ਉਹਨਾਂ ਨੂੰ ਅਜੈ ਕੁਮਾਰ ਦੇ ਘਰ ਵਿੱਚ ਬਣੇ ਚੁਬਾਰੇ ਵਿੱਚ ਬੰਦ ਕਰ ਦਿੱਤਾ ਅਤੇ ਉਸਤੋਂ ਅਜੈ ਕੁਮਾਰ ਹੁਰੀਂ ਉਸਨੂੰ, ਬਿਕਰਮਜੀਤ ਸਿੰਘ ਅਤੇ ਇੱਕ ਸੰਜੀਵ ਕੁਮਾਰ ਨਾਲ ਦੇ ਆਦਮੀ ਨੂੰ ਚੁਬਾਰੇ ਵਿੱਚੋਂ ਬਾਹਰ ਕੱਢ ਕੇ ਰੁਪਾਲੋਂ ਪਿੰਡ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਗਏ, ਜਿੱਥੇ ਅਜੈ ਕੁਮਾਰ ਹੁਰਾਂ ਨੇ ਉਸਨੂੰ ਕੈਮਰੇ ਬੰਦ ਕਰਵਾ ਕੇ ਕੁੱਟਿਆ ਅਤੇ ਇਸ ਕੇਂਦਰ ਦੇ ਪ੍ਰਬੰਧਕ ਬਾਬਾ ਪਿਰਥਾ ਨਾਲ ਰਲ ਕੇ ਉਸਨੂੰ ਧਮਕੀਆਂ ਦਿੱਤੀਆਂ ਕਿ ਜੇ ਉਸਨੇ ਬਾਹਰ ਜਾ ਕੇ ਕੋਈ ਬਿਆਨ ਦਿੱਤਾ ਤਾਂ ਘਰੇ ਜਾ ਕੇ ਉਸਦੇ ਗੋਲੀਆਂ ਮਾਰਨਗੇ। ਉਸ ਤੋਂ ਬਾਅਦ ਮਿਤੀ 05.07.2024 ਨੂੰ ਉਹਨਾ ਨੇ ਉਸਦੇ ਘਰਦਿਆਂ ਤੋਂ 5000 ਰੁਪਏ ਪੇਟੀਐਮ ਰਾਹੀਂ ਮੰਗਵਾ ਕੇ ਉਸਨੂੰ ਛੱਡਿਆ।

 

ਜਿਸ ਤੇ ਮੁਕੱਦਮਾ ਉਕਤ ਵਿੱਚ ਵਾਧਾ ਕਰਕੇ ਮੁਕੱਦਮਾ ਉਕਤ ਵਿੱਚ ਮੰਜੂ ਦੇਵੀ ਪਤਨੀ ਅਜੈ ਕੁਮਾਰ ਵਾਸੀ ਸ਼ਾਮਗੜ੍ਹ ਨੇੜੇ ਸਮਰਾਲਾ, ਜੋਗਿੰਦਰ ਸਿੰਘ ਉਰਫ ਭੋਲਾ ਪੁੱਤਰ ਭਜਨ ਰਾਮ ਵਾਸੀ ਸ਼ਾਮਗੜ੍ਹ ਨੇੜੇ ਸਮਰਾਲਾ, ਅਜੈ ਕੁਮਾਰ ਦਾ ਨਾਮਲੂਮ ਚਾਚਾ ਵਾਸੀ ਸ਼ਾਮਗੜ੍ਹ ਨੇੜੇ ਆਈ.ਟੀ.ਆਈ. ਸਮਰਾਲਾ, ਮਨਦੀਪ ਸਿੰਘ ਵਾਸੀ ਪਿੰਡ ਪਾਂਗਲੀ, ਪ੍ਰੀਤ ਵਾਸੀ ਪਿੰਡ ਸੇਹ ਨੇੜੇ ਸਮਰਾਲਾ, ਮਾਨਵ ਵਾਸੀ ਪੀਰੂ ਮੁਹੱਲਾ ਲੁਧਿਆਣਾ, ਟੈਟੂ ਵਾਸੀ ਪੀਰੂ ਮੁਹੱਲਾ ਲੁਧਿਆਣਾ,  ਰੋਹਿਤ ਵਾਸੀ ਪੀਰੁ ਮੁਹੱਲਾ ਲੁਧਿਆਣਾ, ਗੱਗੂ ਵਾਸੀ ਪੀਰੂ ਮੁਹੱਲਾ ਲੁਧਿਆਣਾ, ਲੱਕੀ ਵਾਸੀ ਪੀਰੂ ਮੁਹੱਲਾ ਲੁਧਿਆਣਾ , ਵਿਕਾਸ ਵਾਸੀ ਪੀਰੂ ਮੁਹੱਲਾ ਲੁਧਿਆਣਾ ਅਤੇ ਬਾਬਾ ਪਿਰਥਾ ਪ੍ਰਬੰਧਕ ਨਸ਼ਾ ਛੁਡਾਊ ਕੇਂਦਰ ਪਿੰਡ ਰੁਪਾਲੋਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ। ਦੋਸ਼ੀਆਂ ਖਿਲਾਫ਼ ਮਾਮਲੇ ਦਰਜ ਕਰਕੇ ਤਫ਼ਤੀਸ਼ ਜਾਰੀ ਹੈ।

Leave a Reply

Your email address will not be published.


*