26 ਲੱਖ ਦੀ ਲਾਗਤ ਵਾਲੀ ਐਨੀਮਲ ਐਂਬੂਲੈਂਸ ਜ਼ਖ਼ਮੀ ਬੇਸਹਾਰਾ ਪਸ਼ੂ ਧੰਨ ਦੇ ਫੌਰੀ ਇਲਾਜ ਲਈ ਬਣੇਗੀ ਵਰਦਾਨ : ਜਤਿੰਦਰ ਜੋਰਵਾਲ

ਸੰਗਰੂਰ (ਪੱਤਰ ਪ੍ਰੇਰਕ )
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਬੇਸਹਾਰਾ ਪਸ਼ੂ ਧੰਨ ਦੇ ਫੱਟੜ ਹੋ ਜਾਣ ਦੀ ਸੂਰਤ ਵਿੱਚ ਤੁਰੰਤ ਢੁਕਵੇਂ ਇਲਾਜ ਨੂੰ ਯਕੀਨੀ ਬਣਾਉਣ ਅਤੇ ਗਊਸ਼ਾਲਾਵਾਂ ਵਿਖੇ ਪਹੁੰਚਾਉਣ ਲਈ 26 ਲੱਖ ਰੁਪਏ ਨਾਲ ਖਰੀਦੀ ਗਈ ਐਂਬੂਲੈਂਸ ਸੇਵਾ ਨੂੰ ਤਰਜੀਹੀ ਆਧਾਰ ’ਤੇ ਆਰੰਭ ਕੀਤਾ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਸ਼ੂਆਂ ’ਤੇ ਅੱਤਿਆਚਾਰ ਰੋਕੂ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਐਨੀਮਲ ਐਂਬੂਲੈਂਸ  ਜ਼ਖਮੀ ਬੇਸਹਾਰਾ ਪਸ਼ੂਆਂ ਦੀ ਸੇਵਾ ਲਈ ਵਰਦਾਨ ਸਾਬਤ ਹੋਵੇਗੀ।
ਲਾਵਾਰਿਸ ਪਸ਼ੂ ਧੰਨ ਦੀ ਸਾਂਭ ਸੰਭਾਲ ਲਈ ਨਿਯਮਤ ਤੌਰ ’ਤੇ ਯਤਨਸ਼ੀਲ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੈਟਲ ਪੌਂਡ ਝਨੇੜੀ ਵਿਖੇ ਬੇਸਹਾਰਾ ਗਾਂਵਾਂ ਲਈ ਉਸਾਰੇ ਜਾ ਰਹੇ ਸ਼ੈੱਡਾਂ ਵਿੱਚ ਸਾਰੀਆਂ ਸੁਵਿਧਾਵਾਂ, ਪਸ਼ੂਆਂ ਲਈ ਚਾਰੇ ਅਤੇ ਦਵਾਈਆਂ ਦੇ ਵਿਸ਼ੇਸ਼ ਪ੍ਰਬੰਧ ਰੱਖੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਕਈ ਸ਼ਰਾਰਤੀ ਕਿਸਮ ਦੇ ਲੋਕ ਪਸ਼ੂ ਧੰਨ ਨੂੰ ਲਾਵਾਰਿਸ ਹਾਲਤ ਵਿੱਚ ਆਬਾਦੀ ਵਾਲੇ ਇਲਾਕਿਆਂ ਵਿੱਚ ਛੱਡ ਜਾਂਦੇ ਹਨ ਅਤੇ ਇਸ ਮਾੜੇ ਰੁਝਾਨ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਲੋੜ ਹੈ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਇਸ ਸਬੰਧੀ ਚੌਕਸੀ ਟੀਮਾਂ ਦੀ ਜਿੰਮੇਵਾਰੀ ਲਗਾਉਣ ਲਈ ਆਖਿਆ ਕਿਉਂਕਿ ਇਹ ਬੇਸਹਾਰਾ ਪਸ਼ੂ ਅਨੇਕਾਂ ਵਾਰ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੇ ਹਨ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਗਊਆਂ ਤੇ ਮੱਝਾਂ ਦੀ ਸੌ ਫੀਸਦੀ ਜੀਓ ਟੈਗਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰੀ ਤੇ ਭੀੜ ਭੜੱਕੇ ਵਾਲੇ ਖੇਤਰਾਂ ਵਿੱਚ ਬੇਸਹਾਰਾ ਪਸ਼ੂ ਧੰਨ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਸਾਰਥਕ ਹੱਲ ਲਈ ਸਭ ਨਾਗਰਿਕਾਂ ਦੇ ਸਹਿਯੋਗ ਨਾਲ ਢੁਕਵੇਂ ਕਦਮ ਪੁੱਟੇ ਜਾਣ ਦੀ ਲੋੜ ਹੈ ਤਾਂ ਜੋ ਗਰਮੀ, ਸਰਦੀ ਤੇ ਮੀਂਹ ਦੇ ਮੌਸਮ ਵਿੱਚ ਲਾਵਾਰਿਸ ਪਸ਼ੂ ਧੰਨ ਗਊਸ਼ਾਲਾਵਾਂ ਵਿੱਚ ਸੁਰੱਖਿਅਤ ਰਹਿ ਸਕਣ।
ਮੀਟਿੰਗ ਦੌਰਾਨ ਬੇਸਹਾਰਾ ਪਸ਼ੂ ਧੰਨ ਅਤੇ ਕੁੱਤਿਆਂ ਸਮੇਤ ਹੋਰ ਜਾਨਵਰਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਹੋਈ ਅਤੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਸਫ਼ਲਤਾ ਨਾਲ ਲਾਗੂ ਕਰਨ ਦੇ ਨੁਕਤਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗਊ ਰਕਸ਼ਕ ਮੰਡਲ ਗਊਸ਼ਾਲਾ ਸੰਗਰੂਰ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਬੇਸਹਾਰਾ ਗਊਆਂ ਦੀ ਭਲਾਈ ਲਈ ਸਮਾਜ ਦੇ ਸਾਰੇ ਵਰਗਾਂ ਦੀ ਸ਼ਮੂਲੀਅਤ ਦਾ ਸੁਝਾਅ ਦਿੱਤਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ, ਬੀਡੀਪੀਓ ਸਰਬਜੀਤ ਕੌਰ, ਐਸ.ਵੀ.ਓ ਗਗਨ ਬਜਾਜ, ਨਰੇਸ਼ ਕੁਮਾਰ ਬੇਸਹਾਰਾ ਪਸ਼ੂ ਭਲਾਈ ਸੁਸਾਇਟੀ  ਉੱਭਾਵਾਲ, ਪਰਸ਼ੋਤਮ ਲਾਲ ਗਊਸ਼ਾਲਾ ਭਵਾਨੀਗੜ੍ਹ ਵੀ ਹਾਜ਼ਰ ਸਨ।

Leave a Reply

Your email address will not be published.


*