ਐਮਪੀ ਅਰੋੜਾ ਨੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨਾਲ ਲੁਧਿਆਣਾ ਪੂਰਬੀ ਵਿੱਚ ਟਰੈਫਿਕ ਸਮੱਸਿਆਵਾਂ ਦਾ ਕੀਤਾ ਅਧਿਐਨ

ਲੁਧਿਆਣਾ (ਪੱਤਰ ਪ੍ਰੇਰਕ ) ਸੰਸਦ ਮੈਂਬਰ (ਰਾਜਸਭਾ) ਸੰਜੀਵ ਅਰੋੜਾ ਨੇ ਪੂਰਬੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨਾਲ ਐਤਵਾਰ ਨੂੰ ਸੁੰਦਰ ਨਗਰ, ਸ਼ਕਤੀ ਨਗਰ, ਕਾਕੋਵਾਲ ਰੋਡ, ਕਾਲੀ ਸੜਕ ਅਤੇ ਸ਼ਹਿਰ ਵਿੱਚੋਂ ਲੰਘਦੇ ਹਾਈਵੇਅ ਦੇ ਨਾਲ ਲੱਗਦੇ ਹੋਰ ਇਲਾਕਿਆਂ ਦਾ ਦੌਰਾ ਕੀਤਾ।

ਅਰੋੜਾ ਨੇ ਸੋਮਵਾਰ ਨੂੰ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਦੌਰੇ ਦਾ ਮਕਸਦ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਨਾ ਸੀ। ਉਨ੍ਹਾਂ ਕਿਹਾ ਕਿ ਪੂਰਬੀ ਵਿਧਾਨ ਸਭਾ ਹਲਕੇ ਦੇ ਜ਼ਿਆਦਾਤਰ ਇਲਾਕੇ ਹਾਈਵੇਅ ਦੇ ਨਾਲ ਲੱਗਦੇ ਹਨ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਟ੍ਰੈਫਿਕ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਵਾਹਨਾਂ ਦੀ ਆਵਾਜਾਈ ਸਬੰਧੀ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ ਹੈ। ਇਲਾਕਾ ਨਿਵਾਸੀਆਂ ਨੂੰ ਸੜਕ ਪਾਰ ਕਰਨ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਰੋੜਾ ਨੇ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਇਲਾਕਾ ਨਿਵਾਸੀਆਂ ਨੂੰ ਸੜਕ ਪਾਰ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਸਮੇਂ ਇਲਾਕਾ ਨਿਵਾਸੀ ਨੂੰ ਸੜਕ ਪਾਰ ਕਰਦੇ ਸਮੇਂ ਕਈ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਾਈਵੇਅ ’ਤੇ ਲੋੜੀਂਦੇ ਪੁਲ ਬਣਾਉਣ ਦਾ ਸੁਝਾਅ ਦੇਣਗੇ, ਤਾਂ ਜੋ ਸੜਕ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕੇ ਅਤੇ ਕੋਈ ਹਾਦਸਾ ਨਾ ਵਾਪਰੇ। ਅੰਡਰਪਾਸ ਸਮੇਤ ਕੁੱਲ 4 ਅਜਿਹੇ ਪੁਲਾਂ ਦੀ ਲੋੜ ਹੋਵੇਗੀ।

ਅਰੋੜਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਸਤਾਵ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਹਾਈਵੇਅ ’ਤੇ ਪੁਲ ਬਣਨ ਮਗਰੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਦੌਰਾਨ ਅਰੋੜਾ ਨੇ ਕਿਹਾ ਕਿ ਉਹ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਢਾਂਚਾ ਤਿਆਰ ਕਰਕੇ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਹਮੇਸ਼ਾ ਵਚਨਬੱਧ ਹਨ।

Leave a Reply

Your email address will not be published.


*